International

ਕੈਨੇਡਾ ਚੋਣਾਂ : ਜਗਮੀਤ ਸਿੰਘ ਦੀ ਐੱਨਡੀਪੀ ਫਿਰ ਕਰ ਸਕਦੀ ਹੈ ਕਮਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਪ੍ਰਚਾਰ ਸਿਖਰਾਂ ਉੱਤੇ ਹੈ।ਇਸ ਵਾਰ ਨਿਊ ਡੈਮੋਕਰੇਟਿਕ ਪਾਰਟੀ 2019 ਵਾਂਗ ਫਿਰ ਅਹਿਮ ਭੂਮਿਕਾ ਨਿਭਾ ਸਕਦੀ ਹੈ।ਇਸਦੀ ਅਗੁਵਾ ਪੰਜਾਬੀ ਮੂਲ ਦੇ ਨੌਜਵਾਨ ਸਿੱਖ ਲੀਡਰ ਜਗਮੀਤ ਸਿੰਘ ਕਰ ਰਹੇ ਹਨ।ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਦੇ ਲੀਡਰਾਂ ਵਿਚਾਲੇ ਸਖ਼ਤ ਮੁਕਾਬਲਾ ਦੱਸਿਆ ਜਾ ਰਿਹਾ ਹੈ।

ਉੱਧਰ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਕੋਲ ਇਸ ਵੇਲੇ ਪੂਰਨ ਬਹੁਮਤ ਨਹੀਂ ਹੈ ਅਤੇ ਉਨ੍ਹਾਂ ਨੇ ਅੱਧਵਰਤੀ ਚੋਣਾਂ ਦਾ ਐਲਾਨ ਕੀਤਾ ਸੀ।ਕੋਰੋਨਾ ਕਾਰਨ ਆਪਣੀ ਸਰਕਾਰ ਦੇ ਵਧੀਆ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਟਰੂਡੋ ਨੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਬਹੁਮਤ ਹਾਸਿਲ ਕਰ ਸਕੇਗੀ। ਉਨ੍ਹਾਂ ਦੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਕੈਨੇਡਾ ਵਿੱਚ ਘਰਾਂ ਦੀਆਂ ਵਧਦੀਆਂ ਕੀਮਤਾਂ ਨੂੰ ਮੁੱਦਾ ਬਣਾ ਕੇ ਲੋਕਾਂ ਦਾ ਸਮਰਥਨ ਹਾਸਿਲ ਕਰਦੀ ਨਜ਼ਰ ਆ ਰਹੀ ਹੈ।ਪਾਰਟੀ ਦੇ ਲੀਡਰ ਐਰਿਨ ਓਟੂਲੇ ਨੌਜਵਾਨਾਂ ਵਿੱਚ ਖਿਆਤੀ ਹਾਸਿਲ ਕਰ ਰਹੇ ਹਨ।ਜਦੋਂ ਕਿ ਜਗਮੀਤ ਸਿੰਘ ਦੀ ਐੱਨਡੀਪੀ ਬ੍ਰਿਟਿਸ਼ ਕੋਲੰਬੀਆ ਅਤੇ ਉਂਟਾਰੀਓ ਵਿੱਚ ਚੰਗੀਆਂ ਵੋਟਾਂ ਹਾਸਿਲ ਕਰ ਸਕਦੀ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਭਾਰਤੀ ਅਤੇ ਏਸ਼ੀਆਈ ਮੂਲ ਦੇ ਵੱਡੀ ਗਿਣਤੀ ‘ਚ ਲੋਕ ਰਹਿੰਦੇ ਹਨ।

2019 ਵਿੱਚ ਟਰੂਡੋ ਦੀ ਪਾਰਟੀ ਨੂੰ ਮਿਲੀਆਂ ਸਨ 157 ਸੀਟਾਂ


2019 ਚੋਣਾਂ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਹਾਸਲ ਹੋਈਆਂ ਸਨ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਸਨ।ਕੁੱਲ 338 ਸੀਟਾਂ ਵਿੱਚੋਂ ਲਿਬਰਲ ਪਾਰਟੀ ਨੂੰ ਸਰਕਾਰ ਬਣਾਉਣ ਲਈ ਹੋਰ 13 ਸੀਟਾਂ ਦੀ ਜ਼ਰੂਰਤ ਸੀ। ਜਗਮੀਤ ਸਿੰਘ ਦੀ ਐਨਡੀਪੀ ਨੇ ਇਹ ਸਮਰਥਨ ਦਿੱਤਾ ਸੀ। ਉਨ੍ਹਾਂ ਦੀ ਪਾਰਟੀ ਨੇ ਕੁੱਲ 24 ਸੀਟਾਂ ਜਿੱਤੀਆਂ ਸਨ।

ਜੇਕਰ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਐੱਨਡੀਪੀ ਪਿਛਲੀ ਵਾਰ ਵਾਂਗ ਆਪਣਾ ਸਮਰਥਨ ਦੇ ਕੇ ਸਰਕਾਰ ਬਣਾ ਸਕਦੀ ਹੈ।ਕੈਨੇਡਾ ਵਿੱਚ ਭਾਰਤੀ ਖਾਸ ਕਰਕੇ ਸਿੱਖ ਮੂਲ ਦੇ ਲੋਕ ਕਾਫ਼ੀ ਪ੍ਰਭਾਵਸ਼ਾਲੀ ਸਾਬਿਤ ਹੋਏ ਹਨ ਅਤੇ ਇਸ ਵਾਰ ਵੀ 47 ਪੰਜਾਬੀ ਚੋਣਾਂ ਲੜ ਰਹੇ ਹਨ।20 ਸਤੰਬਰ ਨੂੰ ਹੋਣ ਵਾਲੀ ਚੋਣਾਂ ਤੋਂ ਪਹਿਲਾਂ ਪੰਜਾਬੀ ਮੀਡੀਆ ਨੇ ਭਾਰਤ ਤੋਂ ਕੈਨੇਡਾ ਦੀਆਂ ਉਡਾਣਾਂ ਉਪਰ ਰੋਕ, ਨਸਲਵਾਦ ਅਤੇ ਮਹਿੰਗੇ ਘਰਾਂ ਦਾ ਮੁੱਦਾ ਚੁੱਕਿਆ ਹੈ।ਖ਼ਬਰ ਅਨੁਸਾਰ ਬਹੁਤ ਸਾਰੇ ਭਾਰਤੀ ਮੂਲ ਦੇ ਕੈਨੇਡੀਅਨ ਮਹਾਂਮਾਰੀ ਤੋਂ ਬਾਅਦ ਉਡਾਣਾਂ ਉਪਰ ਰੋਕ ਕਾਰਨ ਭਾਰਤ ਵਿੱਚ ਫਸੇ ਹੋਏ ਹਨ ਅਤੇ ਹੋ ਸਕਦਾ ਹੈ ਕਿ ਉਹ ਆਪਣੀ ਵੋਟ ਨਾ ਪਾ ਸਕਣ।