Khetibadi Punjab

ਪੰਜਾਬ ‘ਚ ਤੂਫ਼ਾਨ ਨੇ ਮਚਾਈ ਤਬਾਹੀ, ਕਿਸਾਨਾਂ ਦੀ ਕਣਕ ਦੀ ਫਸਲ ਦਾ ਹੋਇਆ ਨੁਕਸਾਨ

ਲੰਘੇ ਕੱਲ੍ਹ ਪੰਜਾਬ ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜਾਜ ਬਦਲ ਗਿਆ ਹੈ। ਫਤਿਹਗੜ੍ਹ ਸਾਹਿਬ , ਪਟਿਆਲਾ, ਖੰਨਾ,ਸੰਗਰੂਰ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਤੂਫ਼ਾਨ ਤੋਂ ਬਾਅਦ ਭਾਰੀ ਮੀਂਹ ਪਿਆ ਹੈ। ਭਿਆਨਕ ਤੂਫ਼ਾਨ ਅਤੇ ਤੇਜ ਬਾਰਿਸ਼ ਨਾਲ ਭਾਰੀ ਗੜ੍ਹੇਮਾਰੀ ਵੀ ਹੋਈ ਹੈ। ਕਈ ਜਿਲ੍ਹਿਆਂ ‘ਚ ਹੋ ਰਹੀ ਭਾਰੀ ਬਾਰਿਸ਼ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।

ਮੰਡੀਆਂ ਅਤੇ ਖੇਤਾਂ ਦੇ ਵਿੱਚ ਪਈ ਕਿਸਾਨਾਂ ਦੀ ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ। ਮੰਡੀਆਂ ਵਿੱਚ ਪਈ ਫਸਲ ਨੂੰ ਕਿਸਾਨ ਤਰਪਾਲਾਂ ਅਤੇ ਪੱਲੀਆਂ ਨਾਲ ਢੱਕ ਰਹੇ ਹਨ। ਸਮਾਣਾ, ਬਠਿੰਡਾ, ਲੰਬੀ ਵਿੱਚ ਵੀ ਭਾਰੀ ਮੀਂਹ ਪਿਆ ਹੈ।

ਭਿਆਨਕ ਤੂਫ਼ਾਨ ਅਤੇ ਤੇਜ ਬਾਰਿਸ਼ ਨਾਲ ਭਾਰੀ ਗੜ੍ਹੇਮਾਰੀ ਹੋਈ ਹੈ। ਪਟਿਆਲਾ ਵਿੱਚ ਭਾਰੀ ਤੂਫਾਨ ਅਤੇ ਮੀਂਹ ਨੇ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਦੀ ਪੋਲ ਦਿੱਤੀ ਖੋਲ੍ਹ ਦਿੱਤੀ ਹੈ। ਪਟਿਆਲਾ ਜ਼ਿਲ੍ਹੇ ਦੀ ਮੰਡੀ ਦੁੱਧਣ ਸਾਧਾ ਦੇ ਕਿਸਾਨਾਂ ਦੀ ਕਣਕ ਦੀ ਫ਼ਸਲ ਮੰਡੀ ਵਿੱਚ ਮੀਂਹ ਕਾਰਨ ਪੂਰੀ ਤਰ੍ਹਾਂ ਖਰਾਬ ਹੋ ਗਈ।

ਕਿਸਾਨਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਮੰਡੀਆਂ ਵਿੱਚ ਕੋਈ ਪ੍ਰਬੰਧ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਫਸਲਾਂ ਨੂੰ ਢੱਕਣ ਲਈ ਘਰਾਂ ਤੋਂ ਤਰਪਾਲਾਂ ਲਿਆ ਰਹੇ ਹਨ। ਇਸ ਮੀਂਹ ਨਾਲ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ, ਓਥੇ ਹੀ ਕਿਸਾਨਾਂ ਦੀ ਚਿੰਤਾ ਵੀ ਵੱਧ ਗਈ ਹੈ। ਗੜ੍ਹੇਮਾਰੀ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ।