Punjab

ਤੇਜ਼ ਹਨੇਰੀ ਨੇ ਸ੍ਰੀ ਦਰਬਾਰ ਸਾਹਿਬ ‘ਚ ਉਖਾੜੇ ਟੈਂਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਕਿਸਾਨਾਂ ਲਈ ਵੀ ਇਹ ਸੁੱਖ ਦਾ ਸੁਨੇਹਾ ਲੈ ਕੇ ਆਇਆ ਹੈ। ਮੀਂਹ ਦੇ ਨਾਲ ਬੀਤੀ ਰਾਤ ਚੱਲੀਆਂ ਤੇਜ਼ ਹਵਾਵਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਲੱਗੇ ਹੋਏ ਟੈਂਟ ਉਖਾੜ ਦਿੱਤੇ ਅਤੇ ਸ਼ਮਿਆਨਿਆਂ ਨੂੰ ਨੁਕਸਾਨ ਪਹੁੰਚਿਆ ਹੈ। ਮੌਸਮ ਵਿਭਾਗ ਅਨੁਸਾਰ ਹਵਾ 20 ਕਿਲੋਮੀਟਰ ਤੋਂ ਵੱਧ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਸੂਬੇ ਦੇ ਹੋਰ ਕਈ ਥਾਵਾਂ ਉੱਤੇ ਵੀ ਹਨੇਰੀ ਨਾਲ ਰੁੱਖ ਉੱਖੜ ਕੇ ਸੜਕਾਂ ਉੱਤੇ ਡਿੱਗ ਗਏ।

ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਾ ਰਾਤ ਦਾ ਤਾਪਮਾਨ 21.3 ਡਿਗਰੀ ਤੱਕ ਹੇਠਾਂ ਡਿੱਗਿਆ ਹੈ ਜਿਹੜਾ ਕਿ ਮੰਗਲਵਾਰ ਨਾਲੋਂ 5.4 ਡਿਗਰੀ ਘੱਟ ਹੈ। ਬੀਤੇ 24 ਘੰਟਿਆਂ ਵਿੱਚ 24 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਅੱਜ ਵੀ ਸੂਬੇ ਵਿੱਚ ਟਾਵੇਂ-ਟਾਵੇਂ ਥਾਂ ਕਿਣਮਿਣ ਹੋਣ ਅਤੇ ਬੱਦਲਵਾਈ ਦੀ ਸੂਚਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨੀਂ ਅਸਮਾਨ ਵਿੱਚ ਨਿਖਾਰ ਆ ਜਾਵੇਗਾ। ਉਂਝ, ਲਗਭਗ ਹਫ਼ਤਾ ਭਰ ਹਟ-ਹਟ ਕੇ ਮੀਂਹ ਪੈਣ ਨਾਲ ਕਿਸਾਨਾਂ ਦਾ ਝੋਨੇ ਦੀ ਲਵਾਈ ਦਾ ਕੰਮ ਨੇੜੇ ਹੋ ਗਿਆ ਹੈ। ਉੱਧਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਵੀ ਬਿਜਲੀ ਦੀ ਸਪਲਾਈ ਵਿੱਚ ਰੁਕਾਵਟ ਪੈਣ ਦਾ ਕੋਈ ਉਲਾਂਭਾ ਨਹੀਂ ਮਿਲਿਆ।

ਇੱਕ ਹੋਰ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਨੇ ਪੰਜ ਜੁਲਾਈ ਨੂੰ ਪੰਜਾਬ ਵਿੱਚ ਮੌਨਸੂਨ ਦੀ ਆਮਦ ਦੀ ਸੰਭਾਵਨਾ ਦੱਸੀ ਹੈ। ਮੌਸਮ ਵਿਭਾਗ ਅਨੁਸਾਰ ਜੂਨ ਦੇ ਆਖਰੀ ਦਿਨੀਂ ਮੌਨਸੂਨ ਸਰਗਰਮ ਵੀ ਹੋ ਸਕਦਾ ਹੈ।