Khetibadi Punjab Religion

ਕਿਸਾਨਾਂ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਰਕੇ ਹਵਾਈ ਅੱਡੇ ’ਤੇ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਸੰਘਰਸਸ਼ੀਲ ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਾਉਣ ਦੀ ਵਜ੍ਹਾ ਕਰਕੇ ਹਵਾਈ ਅੱਡੇ ’ਤੇ ਰੋਕਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਤਾਮਿਲਨਾਡੂ ਵਿਖੇ ਕਿਸਾਨੀ ਮੰਗਾਂ ਸਬੰਧੀ ਕਨਵੈਨਸ਼ਨਾਂ ਵਿੱਚ ਸ਼ਾਮਲ ਹੋਣ ਜਾ ਰਹੇ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰ ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਵੱਲੋਂ ਰੋਕਣਾ ਕਿਸਾਨਾਂ ਪ੍ਰਤੀ ਕੇਂਦਰ ਦੀ ਨਫ਼ਰਤ ਦਾ ਪ੍ਰਗਟਾਵਾ ਤੇ ਹੈ ਹੀ ਨਾਲ ਹੀ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਵੀ ਕੇਂਦਰ ਦਾ ਹਮਲਾ ਹੈ।

ਸਰਨਾ ਨੇ ਕਿਹਾ ਕਿ ਕੀ ਹੁਣ ਅਮ੍ਰਿਤਧਾਰੀ ਗੁਰਸਿੱਖ ਦੇਸ਼ ਵਿੱਚ ਆਪਣੇ ਧਾਰਮਿਕ ਅਕੀਦੇ ਦੇ ਕਾਇਮ ਰਹਿ ਕੇ ਵਿਚਰ ਨਹੀ ਸਕਦੇ? ਕੀ ਇਹ ਸਿੱਖਾਂ ਪ੍ਰਤੀ ਨਸਲੀ ਅਪਰਾਧ ਨਹੀਂ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਕਿਸਾਨੀ ਮਸਲਿਆਂ ਪ੍ਰਤੀ ਜੋ ਬੇਰੁਖ਼ੀ ਅਪਣਾ ਰੱਖੀ ਹੈ, ਜਿਵੇਂ ਕਿਸਾਨ ਇਸ ਦੇਸ਼ ਦੇ ਵਾਸੀ ਹੀ ਨਾ ਹੋਣ ਤੇ ਭਾਜਪਾ ਦੇ ਆਗੂ ਵੀ ਸਮੇਂ-ਸਮੇਂ ਕਿਸਾਨਾਂ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ ਤੇ ਹੁਣ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਾਰਨ ਰੋਕਿਆ ਜਾਣਾ ਸਾਬਿਤ ਕਰਦਾ ਹੈ ਕਿ ਕੇਂਦਰ ਸਰਕਾਰ ਰਾਜ ਕਰਨ ਦਾ ਧਰਮ ਨਿਭਾਉਣ ਵਿੱਚ ਬਿਲਕੁਲ ਅਸਫ਼ਲ ਸਾਬਤ ਹੋਈ ਹੈ।

ਉਨ੍ਹਾਂ ਕਿਸਾਨਾਂ ਦੀ ਇਸ ਗੱਲ ’ਤੇ ਵੀ ਹਾਮੀ ਭਰੀ ਕਿ ਦੇਸ਼ ਵਿੱਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇੱਕ ਪਾਸੇ ਤੇ ਸਰਕਾਰ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਬਣਦੀ ਹੈ ਪਰ ਹਰ ਮਸਲੇ ਤੇ ਸਿੱਖਾਂ ਨਾਲ ਵੈਰ ਕਮਾਕੇ ਆਪਣੇ ਸਿੱਖ ਵਿਰੋਧੀ ਹੋਣ ਦਾ ਸਬੂਤ ਦੇਣ ’ਚ ਕੋਈ ਕਸਰ ਨਹੀਂ ਛੱਡਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਗ਼ਰੂਰ ਛੱਡਕੇ ਨਾ ਸਿਰਫ ਕਿਸਾਨਾਂ ਦੇ ਮਸਲੇ ਹੱਲ ਕਰੇ ਤੇ ਨਾਲ ਹੀ ਇਸ ਘਟਨਾਕ੍ਰਮ ਦੀ ਮਾਫ਼ੀ ਮੰਗਦਿਆਂ ਸਬੰਧਿਤ ਅਮਲੇ ’ਤੇ ਵੀ ਬਣਦੀ ਕਾਰਵਾਈ ਕਰੇ।