ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।।
ਸਿਰੁ ਦੀਜੈ ਕਾਣਿ ਨ ਕੀਜੈ।।
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਦੇ ਦਿਨ ਸਿੱਖਾਂ ਅਤੇ ਮੁਗਲਾਂ ਦੇ ਵਿਚਾਲੇ ਗੁਰੂ ਸਾਹਿਬਾਨ ਦੇ ਇਤਿਹਾਸ ਵੇਲੇ ਆਖਰੀ ਲੜਾਈ ਹੋਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲਾਂ ਨਾਲ ਆਖਰੀ ਲੜਾਈ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ 40 ਮੁਕਤਿਆਂ ਦੀ ਸ਼ਹਾਦਤ ਨੂੰ ਅਸੀਂ ਸਿਜਦਾ ਕਰਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਮੁਕਤਸਰ ਸਾਹਿਬ ਦੀ ਜੰਗ ਦਾ ਹਾਲ। ਸਿੱਖ ਜਦੋਂ ਵੀ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਤਾਂ ਅਰਦਾਸ ਵਿੱਚ ਜਿੱਥੇ ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਅਤੇ ਹੋਰ ਅਨੇਕਾਂ ਹੀ ਸ਼ਹੀਦ ਸਿੰਘਾਂ ਦੀ ਕਮਾਈ ਨੂੰ ਯਾਦ ਕਰਦਾ ਹੈ, ਉੱਥੇ ਹੀ ਉਚੇਚੇ ਤੌਰ ਉੱਤੇ ਸ੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ ਉਨ੍ਹਾਂ 40 ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਵੀ ਯਾਦ ਕਰਦਾ ਹੈ, ਜਿਨ੍ਹਾਂ ਨੂੰ ਮੈਦਾਨ-ਏ-ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤੇ ਦਾ ਖਿਤਾਬ ਦੇ ਕੇ ਨਿਵਾਜਿਆ ਸੀ।
ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਪਹਾੜੀ ਰਾਜੇ ਅਤੇ ਮੁਗਲ ਫ਼ੌਜਾਂ ਨੇ ਜਦੋਂ ਵਿਸ਼ਵਾਸਘਾਤ ਕਰਕੇ ਗੁਰੂ ਸਾਹਿਬ ਜੀ ਉੱਪਰ ਹਮਲਾ ਬੋਲਿਆ ਸੀ ਤਾਂ ਸਰਸਾ ਕੰਢੇ ਉੱਤੇ ਘਮਸਾਣ ਯੁੱਧ ਹੋਇਆ। ਇਸ ਭਿਆਨਕ ਯੁੱਧ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੋੜਾ ਹੋ ਗਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕਿਸੇ ਪਾਸੇ, ਮਾਤਾ ਸੁੰਦਰੀ ਜੀ ਅਤੇ ਕੁੱਝ ਸਿੰਘ ਦਿੱਲੀ ਵਾਲੇ ਪਾਸੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਅਤੇ ਕੁੱਝ ਕੁ ਸਿੰਘ ਚਮਕੌਰ ਸਾਹਿਬ ਦੀ ਗੜੀ ਵੱਲ ਹੋ ਨਿਕਲਦੇ ਹਨ। ਚਮਕੌਰ ਸਾਹਿਬ ਦੇ ਮੈਦਾਨ ਵਿੱਚ ਜਦੋਂ ਦੋ ਵੱਡੇ ਸਾਹਿਬਜ਼ਾਦੇ ਅਤੇ ਹੋਰ ਕਈ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ ਤਾਂ ਪੰਜ ਸਿੰਘਾਂ ਦੇ ਰੂਪ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੜੀ ਛੱਡਣ ਦਾ ਆਦੇਸ਼ ਸੁਣਾਇਆ ਗਿਆ। ਗਨੀ ਖਾਂ, ਨਬੀ ਖਾਂ ਅਤੇ ਪੀਰ ਬੁੱਧੂ ਸ਼ਾਹ ਜੀ ਦੀ ਮਦਦ ਦੇ ਨਾਲ ਗੁਰੂ ਸਾਹਿਬ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਉੱਚ ਦਾ ਪੀਰ ਬਣਦੇ ਹੋਏ ਕਾਂਗੜ ਦੇਸ਼ ਦੀਨਾ ਵਿਖੇ ਪਹੁੰਚੇ।
ਇੱਥੋਂ ਖ਼ਬਰ ਮਿਲੀ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਅੱਗੇ ਵਧ ਰਹੀਆਂ ਹਨ। ਗੁਰੂ ਸਾਹਿਬ ਜੀ ਨੇ ਖਿਦਰਾਣੇ ਦੀ ਢਾਬ ਉੱਤੇ ਮੋਰਚਾਬੰਦੀ ਕਰਨ ਲਈ ਚਾਲੇ ਪਾ ਦਿੱਤੇ। ਇਸ ਜੰਗ ਅੰਦਰ ਉਹ ਸਿੰਘ ਵੀ ਗੁਰੂ ਸਾਹਿਬ ਜੀ ਵੱਲੋਂ ਮੈਦਾਨ ਏ ਜੰਗ ਵਿੱਚ ਮੌਤ ਲਾੜੀ ਨਾਲ ਵਿਆਹੁਣ ਲਈ ਨਿੱਤਰੇ ਜਿਹੜੇ ਕੁੱਝ ਸਮਾਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ ਕਿ ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ। ਇਨ੍ਹਾਂ ਦੇ ਘਰਦਿਆਂ ਨੇ ਹੀ ਇਸ ਕਾਇਰਤਾ ਭਰੀ ਘਟੀਆ ਹਰਕਤ ਉੱਤੇ ਉਨ੍ਹਾਂ ਦੇ ਲਈ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ ਤਾਂ ਇਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਕਿੰਨੀ ਵੱਡੀ ਭੁੱਲ ਕਰ ਆਏ ਹਾਂ।
ਮਾਈ ਭਾਗ ਕੌਰ ਜੀ ਦੀ ਪ੍ਰੇਰਣਾ ਸਦਕਾ ਆਪਣੀ ਭੁੱਲ ਬਖਸ਼ਾਉਣ ਲਈ ਇਹ ਸਿੰਘ ਇਸ ਜੰਗ ਵਿੱਚ ਸਿਰ ਧੜ ਦੀ ਬਾਜੀ ਲਾ ਕੇ ਲੜਦੇ ਰਹੇ। ਮੈਦਾਨ-ਏ-ਜੰਗ ਵਿੱਚ ਕਲਗੀਧਰ ਪਾਤਸ਼ਾਹ ਦੀ ਕਿਰਪਾ ਸਦਕਾ ਸਿੰਘਾਂ ਨੇ ਤੇਗ ਦੇ ਐਸੇ ਜੌਹਰ ਵਿਖਾਏ ਕਿ ਸ਼ਾਮ ਤੱਕ ਸ਼ਹੀਦੀਆਂ ਪ੍ਰਾਪਤ ਕਰਦੇ ਹੋਏ ਮੈਦਾਨ ਆਪਣੇ ਨਾਂ ਕਰ ਗਏ। ਚਮਕੌਰ ਦੀ ਗੜੀ ਵਿੱਚ ਗੁਰੂ ਸਾਹਿਬ ਜੀ ਭੁੱਖੇ ਪਿਆਸੇ ਅਤੇ ਜ਼ਖ਼ਮੀ ਹੋਏ ਸਿੰਘਾਂ ਨੂੰ ਜਿਵੇਂ ਆਪ ਆਪਣੇ ਹੱਥੀਂ ਸੰਭਾਲਦੇ ਹਨ, ਉਸੇ ਤਰ੍ਹਾਂ ਹੀ ਮੁਕਤਸਰ ਦੀ ਇਸ ਜੰਗ ਵਿੱਚ ਵੀ ਗੁਰੂ ਸਾਹਿਬ ਜੀ ਸ਼ਹੀਦ ਹੋਏ ਸਿੰਘਾਂ ਦੀਆਂ ਦੇਹਾਂ ਨੂੰ ਜਿੱਥੇ ਸੰਭਾਲਦੇ ਹਨ, ਉੱਥੇ ਹੀ ਜ਼ਖ਼ਮੀ ਹੋਏ ਸਿੰਘਾਂ ਨੂੰ ਆਪ ਮੱਲ੍ਹਮ ਪੱਟੀ ਵੀ ਕਰ ਰਹੇ ਸਨ। ਭਾਈ ਮਹਾਂ ਸਿੰਘ ਆਖਰੀ ਸਾਹਾਂ ਉੱਤੇ ਸਨ। ਗੁਰੂ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੀ ਗੋਦੀ ਵਿੱਚ ਲੈ ਕੇ ਪਿਆਰ ਦਿੱਤਾ। ਮੂੰਹ ਖੂਨ ਨਾਲ ਭਰਿਆ ਪਿਆ ਸੀ। ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਮੂੰਹ ਸਾਫ਼ ਕੀਤਾ ਅਤੇ ਫੁਰਮਾਇਆ ਕਿ ਮਹਾਂ ਸਿੰਘ ਕੁੱਝ ਮੰਗ, ਕੀ ਮੰਗਣਾ ਚਾਹੁੰਦਾ ਹੈਂ। ਤਾਂ ਮਹਾਂ ਸਿੰਘ ਨੇ ਇੱਕੋ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਜਿਹੜਾ ਰਿਸ਼ਤਾ ਅਸੀਂ ਆਪ ਜੀ ਨਾਲੋਂ ਤੋੜ ਕੇ ਆਏ ਸੀ, ਉਹ ਮੁੜ ਜੋੜ ਲਉ। ਕਿਰਪਾ ਕਰੋ, ਮੁੜ ਆਪਣੇ ਨਾਲ ਮੇਲ ਲਉ, ਤਾਂ ਹੀ ਇਹ ਦਾਗ ਧੋਤਾ ਜਾਣਾ ਹੈ, ਆਪ ਜੀ ਬਖਸ਼ ਲਉ। ਤਾਂ ਗੁਰੂ ਸਾਹਿਬ ਜੀ ਨੇ ਵਚਨ ਕੀਤਾ, ਖ਼ਾਲਸਾ ਜੀ, ਤੁਸੀਂ ਧੰਨ ਹੋ। ਤੁਸੀਂ ਚਾਲੀ ਦੇ ਚਾਲੀ ਹੀ ਮੁਕਤ ਹੋਏ। ਤੁਸੀਂ ਸਭ ਨੇ ਉੱਚੀ ਪਦਵੀ ਪਾਈ ਹੈ। ਇਹ ਵਚਨ ਸੁਣਦਿਆਂ ਹੀ ਭਾਈ ਮਹਾਂ ਸਿੰਘ ਨੇ ਜੀਵਨ ਦਾ ਆਖਰੀ ਸਾਹ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਲੈ ਕੇ ਸ਼ਹੀਦੀ ਪ੍ਰਾਪਤ ਕੀਤੀ।
ਹਰ ਸਾਲ ਇਸ ਜੰਗ ਦੀ ਲਾਸਾਨੀ ਸ਼ਹਾਦਤ ਦੀ ਯਾਦ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਜੀ ਦੀ ਧਰਤੀ ਉੱਤੇ ਵੱਡਾ ਜੋੜ ਮੇਲਾ ਭਰਦਾ ਹੈ। ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਸੰਗਤ ਇੱਥੇ ਸਿਜਦਾ ਕਰਦੀਆਂ ਹਨ। ਇਤਿਹਾਸ ਵਿੱਚ ਇਸ ਜੰਗ ਨੂੰ ਮੁਕਤਸਰ ਦੀ ਜੰਗ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਉਸ ਸਮੇਂ ਇਹ ਜੰਗ ਟਿੱਬੀ ਸਾਹਿਬ ਵਾਲੇ ਸਥਾਨ ਉੱਤੇ ਹੋਈ ਸੀ ਪਰ ਜਦੋਂ 40 ਮੁਕਤੇ ਸ਼ਹੀਦ ਹੋਏ ਸਨ ਤਾਂ ਇਸ ਸਥਾਨ ਦਾ ਨਾਂ ਮੁਕਤਸਰ ਸਾਹਿਬ ਪੈ ਗਿਆ ਸੀ। ਮੁਕਤਸਰ ਸਾਹਿਬ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪਿਆ ਸੀ। ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਗੁਰੂ ਸਾਹਿਬ ਜੀ ਨੇ ਜਿੱਥੇ ਵੱਖੋ-ਵੱਖ ਬਖਸ਼ਿਸ਼ਾਂ ਅਤੇ ਖਿਤਾਬਾਂ ਦੇ ਨਾਲ ਨਿਵਾਜਿਆ, ਉੱਥੇ ਨਾਲ ਹੀ ਸਭ ਤੋਂ ਵੱਡੀ ਬਖਸ਼ਿਸ਼ ਚਾਲੀ ਮੁਕਤੇ ਕਹਿ ਕੇ ਨਿਵਾਜਿਆ। ਇਸ ਲਈ ਹਰ ਸਿੱਖ ਜਦੋਂ ਵੀ ਅਰਦਾਸ ਕਰਦਾ ਹੈ ਤਾਂ ਇਨ੍ਹਾਂ ਚਾਲੀ ਮੁਕਤਿਆਂ ਨੂੰ ਜ਼ਰੂਰ ਯਾਦ ਕਰਕੇ ਸਿਜਦਾ ਕਰਦਾ ਹੈ।