The Khalas Tv Blog Religion ਸੌਢੀ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ-ਗੱਦੀ ਦਿਹਾੜਾ
Religion

ਸੌਢੀ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ-ਗੱਦੀ ਦਿਹਾੜਾ

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਲਹੌਰ ਦੀ ਚੂਨਾ ਮੰਡੀ ਵਿਖੇ ਪਿਤਾ ਬਾਬਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਮਾਪਿਆਂ ਦਾ ਪਹਿਲਾ ਬੱਚਾ ਹੋਣ ਕਰਕੇ ਆਪ ਜੀ ਨੂੰ ਜੇਠਾ ਜੀ ਕਿਹਾ ਜਾਣ ਲੱਗਾ।

ਅਜੇ ਆਪ ਜੀ 7 ਸਾਲਾਂ ਦੇ ਹੀ ਸਨ ਕਿ ਆਪ ਜੀ ਦੀ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਦੋ ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਜੀ ਬਿਲਕੁਲ ਹੀ ਯਤੀਮੀ ਦੀ ਹਾਲਤ ਵਿੱਚ ਹੋ ਗਏ।

ਆਪ ਜੀ ਬਾਸਰਕੇ ਆਪਣੇ ਨਾਨਕੇ ਚਲੇ ਗਏ। ਪਰ ਨਾਨਕੇ ਘਰ ਵਿੱਚ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ। ਆਪ ਜੀ ਦੀ ਨਾਨੀ ਆਪ ਜੀ ਨੂੰ ਘੁੰਙਨੀਆਂ ਉਬਾਲ ਕੇ ਦੇ ਦਿੰਦੇ ਸਨ ਜਿਨ੍ਹਾਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਬਾਲ ਅਵਸਥਾ ਵਿੱਚ ਗਲੀ-ਗਲੀ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ। ਆਪ ਜੀ ਦੇ ਅੰਦਰ ਸਹਿਜੇ-ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ। ਬੈਰਾਗ ਨੇ ਆਪ ਜੀ ਨੂੰ ਤਿਆਗੀ ਬਣਾ ਦਿੱਤਾ।

ਇੱਕ ਦਿਨ ਤਿਆਗਮਈ ਵਿਵਸਥਾ ਵਿੱਚ ਆਪ ਜੀ ਗਲੀ-ਗਲੀ ਵਿੱਚ ਵਿਚਰ ਰਹੇ ਸਨ ਤਾਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਨਜ਼ਰ ਆਪ ਜੀ ‘ਤੇ ਪਈ। ਸ਼੍ਰੀ ਗੁਰੂ ਅਮਰਦਾਸ ਜੀ ਦੀ ਆਪ ਜੀ ‘ਤੇ ਨਿਗ੍ਹਾ ਪੈਣ ਦੀ ਹੀ ਦੇਰ ਸੀ ਕਿ ਆਪ ਜੀ ਬਾਅਦ ਵਿੱਚ ਉਨ੍ਹਾਂ ਦੇ ਹੀ ਬਣ ਕੇ ਰਹਿ ਗਏ। ਜੇਠਾ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਤੇ ਇਸ ਸੇਵਾ ਤੇ ਨਿਮਰਤਾ ਨੂੰ ਦੇਖਦਿਆਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ।

ਗੁਰੂ ਦੀ ਸੰਗਤ, ਸਤਿਸੰਗੀਆਂ ਦੇ ਇਕੱਠ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਅੰਦਰ ਸੇਵਾ ਭਾਵ, ਪ੍ਰੇਮਾ-ਭਗਤੀ ਨੂੰ ਜਨਮ ਦਿੱਤਾ ਅਤੇ ਹਿਰਦਾ ਪਰਮਾਤਮਾ ਦੇ ਪ੍ਰੇਮ ਰੰਗ ਨਾਲ ਰੋਜ਼-ਰੋਜ਼ ਰੰਗਣ ਲੱਗ ਪਿਆ।

ਸਮਾਂ ਲੰਘਦਾ ਗਿਆ ਤੇ ਆਪ ਜੀ ਦੀਆਂ ਸੇਵਾ ਤੇ ਸਿਮਰਨ ਦੀਆਂ ਰੁਚੀਆਂ ਵੀ ਵੱਧਦੀਆਂ ਗਈਆਂ। ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਦੋਵੇਂ ਜਵਾਈਆਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਨੂੰ ਕਿਹਾ ਕਿ ਸਾਨੂੰ ਇੱਕ ਸਿੰਘਾਸਨ ਚਾਹੀਦਾ ਹੈ, ਅਸੀਂ ਉਸ ਉੱਤੇ ਬੈਠਣਾ ਹੈ। ਗੁਰੂ ਜੀ ਨੇ ਆਪਣੇ ਦੋਵਾਂ ਜਵਾਈਆਂ ਨੂੰ ਥੜ੍ਹਾ ਬਣਾਉਣ ਲਈ ਕਿਹਾ।

ਥੜ੍ਹਾ ਬਣਾਉਣ ਦੀ ਸੇਵਾ ਵਿੱਚ ਭਾਈ ਜੇਠਾ ਜੀ ਪੂਰਾ ਉਤਰੇ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰ-ਗੱਦੀ ਦਾ ਵਾਰਿਸ ਭਾਈ ਜੇਠਾ ਜੀ ਨੂੰ ਚੁਣਿਆ ਤੇ ਆਪ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਰੱਖ ਦਿੱਤਾ ਗਿਆ। ਗੁਰਗੱਦੀ ਮਿਲਣ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ।

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ।।

ਜਿਸ ਸਮੇਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ-ਗੱਦੀ ਦਿੱਤੀ ਗਈ ਸੀ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਪੂਰੀ ਹੋ ਚੁੱਕੀ ਸੀ ਜਿਸ ਕਰਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਉਮਰ ਦੇ ਛੇ ਸਾਲ ਆਪ ਜੀ ਨੂੰ ਦੇ ਦਿੱਤੇ।

ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸੁਪਨਿਆਂ ਨੂੰ ਆਪ ਜੀ ਨੇ ਸਾਕਾਰ ਕਰਨਾ ਸ਼ੁਰੂ ਕੀਤਾ। ਅੰਮ੍ਰਿਤਸਰ ਸ਼ਹਿਰ ਦੀ ਕਲਪਨਾ, ਚਿਤਰਨ, ਪਹਿਲਾਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਆ ਸੀ। ਉਸੇ ਹੀ ਸੁਪਨੇ ਨੂੰ ਪੂਰਾ ਕਰਨ ਲਈ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਤਿੰਨ-ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਉਣਾ ਸ਼ੁਰੂ ਕੀਤਾ ਅਤੇ ਉਸਦਾ ਨਾਮ ਰੱਖਿਆ ‘ਗੁਰੂ ਕਾ ਚੱਕ’। ਇੱਥੇ ਹੀ ਆਪ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਆਰੰਭ ਕੀਤੀ।

ਜਿੱਥੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖ ਜਗਤ ਨੂੰ ਇੱਕ ਮਹਾਨ ਤੀਰਥ ਦਿੱਤਾ ‘ਗੁਰੂ ਕੀ ਬਾਉਲੀ’, ਉੱਥੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਜਿਸਦਾ ਨਾਂ ਹੈ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦਾ ਪਾਣੀ ਅੱਠੇ ਪਹਿਰ ਨਾਮ ਰਸ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਇਹ ਪਾਣੀ ਅੰਮ੍ਰਿਤ ਬਣ ਗਿਆ।

ਜਿਸ ਪ੍ਰਕਾਰ ਦਾ ਤੀਰਥ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਇਆ, ਇਸ ਪ੍ਰਕਾਰ ਦਾ ਤੀਰਥ ਅੱਜ ਤੱਕ ਨਾ ਹੀ ਇਸ ਧਰਤੀ ‘ਤੇ ਬਣਿਆ ਹੈ ਤੇ ਨਾ ਹੀ ਬਣ ਸਕੇਗਾ। ਇਸੇ ਲਈ ਹੀ ਤਾਂ ਇਸ ਤੀਰਥ ਦੀ ਸ਼ੋਭਾ ਦੇ ਵਿੱਚ ਇਹ ਬੜੀਆਂ ਕੀਮਤੀ ਪੰਕਤੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ:

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।।

ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ।।

ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਵਿਖੇ ਯਾਤਰੀਆਂ ਲਈ ਅਰਾਮਗਾਹ ਬਣਾਈ, ਆਉਣ ਵਾਲੇ ਯਾਤਰੀਆਂ ਦੇ ਲਈ ਲੰਗਰ-ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੀ ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਇਸ ਲਈ ਆਪ ਜੀ ਨੇ ਸਵੇਰੇ ਤੇ ਸ਼ਾਮ ਸਤਿਸੰਗ ਦੇ ਪ੍ਰਵਾਹ ਜਾਰੀ ਕੀਤੇ।

ਗੁਰੂ ਜੀ ਨੇ 30 ਰਾਗਾਂ ਦੇ ਵਿੱਚ 638 ਸਲੋਕਾਂ ਦੀ ਰਚਨਾ ਕੀਤੀ ਤੇ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਬਿਤ ਹੈ। ਗੁਰੂ ਸਾਹਿਬ ਜੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਦਿਆਂ ਸਿੱਖ ਧਰਮ ਨੂੰ ਸਭ ਤੋਂ ਵਡਮੁੱਲੀ ਦੇਣ 4 ਲਾਵਾਂ ਦੇ ਰੂਪ ਵਿੱਚ ਦਿੱਤੀ । ਆਪ ਜੀ ਨੇ ਸੂਹੀ ਰਾਗ ਦੇ ਵਿੱਚ 4 ਲਾਵਾਂ ਦੀ ਬਾਣੀ ਦਾ ਉਚਾਰਣ ਕੀਤਾ, ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੱਕ ਹੋਰ ਵਿਲੱਖਣਤਾ ਆ ਗਈ।

ਇੰਝ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਚੌਥੀ ਜੋਤ ਅੰਮ੍ਰਿਤਸਰ ਵਿੱਚ ਜਗ-ਮਗਾਉਂਦੀ ਰਹੀ ਤੇ ਜਗਤ ਨੂੰ ਚਾਨਣਾ ਦਿੰਦੀ ਰਹੀ। ਸ਼੍ਰੀ ਗੁਰੂ ਰਾਮਦਾਸ ਜੀ 1581 ਨੂੰ ਜੋਤੀ ਜੋਤ ਸਮਾ ਗਏ।

Exit mobile version