Religion

ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ: ਰਿਸ਼ਤਾ ਰੂਹਾਨੀਅਤ ਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਈ ਮਰਦਾਨਾ ਜੀ ਅਤਿ ਸਾਦਾ,ਪਵਿੱਤਰ ਅਤੇ ਮਿਲਾਪੜੇ ਸੁਭਾਅ ਵਰਗੇ ਉੱਚੇ ਗੁਣਾਂ ਦੇ ਮਾਲਕ ਸਨ। ਭਾਈ ਮਰਦਾਨਾ ਜੀ ਗੁਰੂ ਜੀ ਅੱਗੇ ਬੱਚਿਆਂ ਵਾਂਗ ਜ਼ਿੱਦ ਕਰਦੇ ਹੁੰਦੇ ਸਨ ਭਾਵ ਉਹ ਗੁਰੂ ਜੀ ਤੋਂ ਆਪਣੇ ਮਨ ਦੀ ਗੱਲ ਕਦੇ ਨਾ ਲੁਕਾਉਂਦੇ ਤੇ ਗੁਰੂ ਜੀ ਨੂੰ ਕੋਈ ਵੀ ਸਵਾਲ ਕਰ ਦਿੰਦੇ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੇ ਇਸ ਸੁਭਾਅ ਨੂੰ ਭਲੀ-ਭਾਂਤੀ ਜਾਣਦੇ ਸਨ।

ਭਾਈ ਮਰਦਾਨਾ ਜੀ ਜਗਿਆਸੂ ਸੁਭਾਅ ਹੋਣ ਕਾਰਨ ਗੁਰੂ ਜੀ ਤੋਂ ਆਪਣੇ ਸਾਰੇ ਸ਼ੰਕਿਆਂ ਤੇ ਪ੍ਰਸ਼ਨਾਂ ਦਾ ਹੱਲ ਕੱਢਵਾ ਲੈਂਦੇ ਸਨ। ਇਸ ਤਰ੍ਹਾਂ ਉਹ ਗੁਰੂ ਜੀ ਤੋਂ ਰਹੱਸ ਦੀਆਂ ਗੱਲਾਂ ਸਮਝ ਲੈਂਦੇ ਸਨ। ਭਾਈ ਮਰਦਾਨਾ ਜੀ ਦੀ ਸ਼ਖਸੀਅਤ ਸਾਧਾਰਣ ਜਗਿਆਸੂ ਵਾਲੀ ਸੀ ਤਾਂ ਗੁਰੂ ਜੀ ਅਲੌਕਿਕ ਸ਼ਕਤੀਆਂ ਦੇ ਮਾਲਕ ਅਤੇ ਲੋਕ ਪ੍ਰਲੋਕ ਦੇ ਜਾਣੂ ਸਨ,ਜਿਸ ਕਰਕੇ ਉਹ ਭਾਈ ਮਰਦਾਨਾ ਜੀ ਨੂੰ ਉਨ੍ਹਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇ ਕੇ ਨਿਹਾਲ ਕਰ ਦਿੰਦੇ ਸਨ।

ਭਾਈ ਮਰਦਾਨਾ ਜੀ ਹਰ ਸਮੇਂ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਗੁਰੂ ਜੀ ਵਿੱਚ ਦ੍ਰਿੜ੍ਹ ਵਿਸ਼ਵਾਸ ਸੀ। ਇਨ੍ਹਾਂ ਸਭ ਗੁਣਾਂ ਕਰਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਤੋਂ ਕਦੇ ਵੱਖ ਨਹੀਂ ਕੀਤਾ। ਭਾਈ ਮਰਦਾਨਾ ਜੀ ਨੂੰ ਇੱਕ ਹੋਰ ਅਜਿਹਾ ਮਾਣ ਮਿਲਿਆ ਜੋ ਕਿਸੇ ਹੋਰ ਸਿੱਖ ਨੂੰ ਨਹੀਂ ਮਿਲਿਆ। ਬਿਹਾਗੜੇ ਦੀ ਵਾਰ ਵਿਚਲੇ ਦੋ ਸਲੋਕ ਭਾਈ ਮਰਦਾਨਾ ਜੀ ਨੂੰ ਸਮਰਪਿਤ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਨ ਵਿੱਚ ਭਾਈ ਮਰਦਾਨਾ ਜੀ ਲਈ ਕਿੰਨਾ ਪਿਆਰ,ਸਤਿਕਾਰ ਸੀ।

ਭਾਈ ਮਰਦਾਨਾ ਜੀ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਵੀ ਸਨ। ਭਾਈ ਮਰਦਾਨਾ ਜੀ ਦੀ ਰਬਾਬ ਅੱਜ ਵੀ ਕੀਰਤਨੀਆਂ ਲਈ ਪ੍ਰੇਰਣਾ ਸਰੋਤ ਹੈ। ਭਾਈ ਗੁਰਦਾਸ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਹਿਲਾ ਸਥਾਨ ਦਿੱਤਾ ਹੈ ਅਤੇ ਭਾਈ ਮਰਦਾਨਾ ਜੀ ਨੂੰ ਦੂਜਾ ਸਥਾਨ ਦਿੱਤਾ ਹੈ:

ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।।