ਜਗਰਾਉਂ -ਦਰੱਖਤ ਨਾਲ ਕਾਰ ਟਕਰਾਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਜਦਕਿ 10 ਸਾਲ ਦੀ ਬੱਚੀ ਸਮੇਤ ਚਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ।। ਇਹ ਹਾਦਸਾ ਮਲੇਰਕੋਟਲਾ ਰੋਡ ‘ਤੇ ਪੈਂਦੇ ਪਿੰਡ ਭੈਣੀ ਵਡਿੰਗਾ ਕੋਲ ਮੰਗਲਵਾਰ ਦੇਰ ਸ਼ਾਮ ਵਾਪਰਿਆ। ਹਾਦਸਾਗ੍ਰਸਤ ਕਾਰ ਜਗਰਾਉਂ ਦੇ ਕੋਠੇ ਪੋਨਾ ਰੋਡ ‘ਤੇ ਸਥਿਤ ਪੈਟਰੋਲ ਪੰਪ ਮਾਲਕ ਦੀ ਦੱਸੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਾਹਮਣੇ ਤੋਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਇਸ ਹਾਦਸੇ ਦੌਰਾਨ ਹਸਪਤਾਲ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੰਟੀ ਰਾਣੀ ਵਾਸੀ ਜਗਰਾਉਂ ਵਜੋਂ ਹੋਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਲਾ ਆਪਣੇ ਚਾਰ ਹੋਰ ਵਿਅਕਤੀਆਂ ਨਾਲ ਨਾਭਾ ਨੇੜੇ ਸ਼ਿੰਟਾ ਕੈਂਪ ਤੋਂ ਮੱਥਾ ਟੇਕ ਕੇ ਵਾਪਸ ਜਗਰਾਉਂ ਆਪਣੇ ਘਰ ਪਰਤ ਰਹੇ ਸਨ। ਜਾਣਕਾਰੀ ਮੁਤਾਬਕ ਕਾਰ ਚਲਾ ਰਹੇ ਜੋਗਿੰਦਰਪਾਲ ਕਾਲਾ ਨੂੰ ਅਚਾਨਕ ਨੀਂਦ ਆ ਗਈ, ਜਿਸ ਤੋਂ ਬਾਅਦ ਕਾਰ ਸਿੱਧੀ ਡਰਾਈਵਰ ਵਾਲੇ ਪਾਸੇ ਤੋਂ ਇਕ ਦਰੱਖਤ ਨਾਲ ਜਾ ਟਕਰਾਈ, ਇਸ ਦੌਰਾਨ ਸਾਰੇ ਲੋਕ ਜ਼ਖਮੀ ਹੋ ਗਏ ਪਰ ਦੇਰ ਰਾਤ ਔਰਤ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਜੋਗਿੰਦਰਪਾਲ ਕਾਲਾ ਜਗਰਾਉਂ ਵਿਖੇ ਪੈਟਰੋਲ ਪੰਪ ਚਲਾਉਂਦਾ ਹੈ। ਹਾਦਸੇ ਦੌਰਾਨ ਉਹ ਕਾਰ ਚਲਾ ਰਿਹਾ ਸੀ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਹਾਦਸੇ ਦਾ ਪਤਾ ਲੱਗਦਿਆਂ ਹੀ ਜਗਰਾਉਂ ਤੋਂ ਸਾਰੇ ਪਰਿਵਾਰਕ ਮੈਂਬਰ ਰਾਏਕੋਟ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਪਹੁੰਚ ਗਏ।