India

ਹੋਲੀ ‘ਤੇ ਦਿੱਲੀ ‘ਚ ਬੇਕਾਬੂ ਹੋਈ ਥਾਰ ਨੇ 8 ਲੋਕਾਂ ਨਾਲ ਕੀਤਾ ਇਹ ਕਾਰਾ

Speed rage in Delhi on Holi! Thar crushed 8 people, 2 died painfully

ਦਿੱਲੀ : ਹੋਲੀ ਦੇ ਮੌਕੇ ‘ਤੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤੇਜ਼ ਰਫ਼ਤਾਰ ਥਾਰ ਕਾਰ ਦੀ ਟੱਕਰ ਦਾ ਕਹਿਰ (Thar Car Collided) ਰਾਜਧਾਨੀ ਦੀ ਸੜਕ ‘ਤੇ ਦੇਖਣ ਨੂੰ ਮਿਲਿਆ ਹੈ। ਦੱਖਣੀ ਪੱਛਮੀ ਦਿੱਲੀ ਦੇ ਬਸੰਤ ਵਿਹਾਰ ਮਲਾਈ ਮੰਦਰ ਨੇੜੇ ਤੇਜ਼ ਰਫ਼ਤਾਰ ਥਾਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ 8 ਲੋਕ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਦੋ ਜ਼ਖ਼ਮੀਆਂ ਜਿਨ੍ਹਾਂ ਦੀ ਪਛਾਣ ਮੁੰਨਾ ਅਤੇ ਸਮੀਰ ਵਜੋਂ ਹੋਈ ਹੈ, ਜਿੰਨਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਥਾਰ ਵਾਹਨ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ  ਫੁੱਟਪਾਥਾਂ ਅਤੇ ਪਟੜੀਆਂ ‘ਤੇ ਫਲਾਂ ਦੀਆਂ ਦੁਕਾਨਾਂ ਲਗਾਉਂਦੇ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਲਾਈ ਮੰਦਿਰ ਦੇ ਸਾਹਮਣੇ ਇੱਕ ਥਾਰ ਗੱਡੀ ਤੇਜ਼ ਰਫ਼ਤਾਰ ਨਾਲ ਆਈ, ਪਹਿਲਾਂ ਖੰਭੇ ਨਾਲ ਜਾ ਟਕਰਾਈ ਅਤੇ ਫਿਰ ਉਸ ਤੋਂ ਬਾਅਦ ਬੇਕਾਬੂ ਹੋ ਕੇ ਫੁੱਟਪਾਥ ‘ਤੇ ਫਲ ਵੇਚਣ ਵਾਲੇ ਦੁਕਾਨਦਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਈ ਲੋਕ ਇਸ ਦੀ ਲਪੇਟ ‘ਚ ਆ ਗਏ। ਲੋਕਾਂ ਮੁਤਾਬਕ ਗੱਡੀ ਦੀ ਰਫ਼ਤਾਰ 120 ਤੋਂ ਵੱਧ ਸੀ, ਜਿਸ ਕਾਰਨ ਹਾਦਸਾ ਭਿਆਨਕ ਰੂਪ ਧਾਰਨ ਕਰ ਗਿਆ।

ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਥਾਰ ਦਾ ਡਰਾਈਵਰ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਅਤੇ ਉਸ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਦੱਸਿਆ ਕਿ ਥਾਰ ਨੇ ਦੋ ਹੋਰ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਟਰਾਮਾ ਸੈਂਟਰ ‘ਚ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਜ਼ਖਮੀ ਹੋਏ ਲੋਕ ਸ਼ਿਵ ਕੈਂਪ, ਵਸੰਤ ਬਿਹਾਰ ਅਤੇ ਏਕਤਾ ਬਿਹਾਰ, ਆਰਕੇ ਪੁਰਮ ਦੇ ਰਹਿਣ ਵਾਲੇ ਹਨ।

 

ਦਿੱਲੀ ਪੁਲਿਸ ਨੇ ਅੱਗੇ ਦੱਸਿਆ ਕਿ ਹਾਦਸੇ ਵਿੱਚ ਇੱਕ ਥਾਰ, ਦੋ-ਚਾਰ ਪਹੀਆ ਵਾਹਨ ਅਤੇ ਤਿੰਨ ਵਿਕਰੇਤਾ ਸਟਾਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਦੱਸਿਆ ਕਿ 8 ਮਾਰਚ ਨੂੰ ਸ਼ਾਮ 7:30 ਵਜੇ ਦਿੱਲੀ ਦੇ ਵਸੰਤ ਵਿਹਾਰ ਪੁਲਿਸ ਸਟੇਸ਼ਨ ਵਿੱਚ ਘਟਨਾ ਬਾਰੇ ਇੱਕ ਪੀਸੀਆਰ ਕਾਲ ਆਈ ਸੀ। ਪੁਲਿਸ ਨੇ ਦੱਸਿਆ ਕਿ ਭਾਰਤੀ ਦੰਡਾਵਲੀ ਦੀ ਧਾਰਾ 304ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।