India Khaas Lekh Khalas Tv Special Punjab

ਲੰਬੀ ਸੀਟੀ ਮਾਰ ਮਿੱਤਰਾ

ਖ਼ਾਲਸ ਟੀਵੀ ਸਪੈਸ਼ਲ : ਅੱਜ ਦੀ ਗੱਲ

-ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ :- ਪੰਜ-ਸੱਤ ਦਹਾਕੇ ਪਹਿਲਾਂ ਤਕ ਪਿੰਡਾਂ ਵਿਚ ਹਰੇਕ ਜ਼ਿੰਮੀਦਾਰ ਕੋਲ ਭਾਰ ਢੋਣ ਲਈ ਗੱਡਾ ਹੋਇਆ ਕਰਦਾ ਸੀ। ਫੇਰ ਟਾਂਵੇ-ਟਾਂਵੇ ਕਿਸਾਨਾਂ ਕੋਲ ਰੇਹੜੀ ਆ ਗਈ। ਜਿੰਮੀਂਦਾਰ ਗੱਡੇ ’ਤੇ ਸ਼ਹਿਰ ਨੂੰ ਫਸਲ ਢੋਂਦੇ, ਖੇਤਾਂ ਵਿਚੋਂ ਪੱਠਾ-ਦੱਥਾ ਵੀ। ਰੇਹੜੀ ਹੋਣਾ ਵੱਡੇ ਕਿਸਾਨ ਹੋਣ ਦੀ ਨਿਸ਼ਾਨੀ ਸੀ। ਰੇਹੜੀ ਨਾਲ ਕਈ ਸ਼ਹਿਰ ਵਿੱਚ ਭਾੜੇ ਦਾ ਵਪਾਰ ਵੀ ਕਰਦੇ। ਜੇ ਕੋਈ ਜਿੰਮੀਂਦਾਰ ਸ਼ਹਿਰ ਨੂੰ ਗੱਡੇ ਜਾਂ ਰੇਹੜੀ ’ਤੇ ਆਪਣੀ ਜਿਣਸ ਲੱਦ ਕੇ ਲਿਜਾ ਰਿਹਾ ਹੋਵੇ ਅਤੇ ਭਾਈਚਾਰੇ ਜਾਂ ਆਂਢ-ਗੁਆਂਢ ਸਮੇਤ ਪਿੰਡ ਵਿਚੋਂ ਕੋਈ ਗੱਟੂ ਦੋ ਗੱਟੂ ਆਪਣੀ ਫਸਲ ਵੀ ਰੱਖ ਦਿੰਦਾ ਤਾਂ ਨਾ ਕੋਈ ਕਿਰਾਇਆ ਮੰਗਦਾ ਨਾ ਕੋਈ ਦਿੰਦਾ। ਟਰੱਕ ਚਾਹੇ ਵਿਰਲੇ-ਵਿਰਲੇ ਹੀ ਚਲਦੇ ਸਨ ਪਰ ਜੇ ਪਿੰਡ ਤੋਂ ਸ਼ਹਿਰ ਨੂੰ ਜਾਂਦੇ ਟਰੱਕ ਨੂੰ ਹੱਥ ਦੇ ਕੇ ਕੋਈ ਬਿਗਾਨਾ ਵੀ ਸਮਾਨ ਰੱਖ ਦਿੰਦਾ ਤਾਂ ਟਰੱਕ ਵਾਲੇ ਮੰਡੀ ਦੇ ਬਾਹਰਵਾਰ ਭਾਵੇਂ ਲਾਹ ਦੇਣ ਪਰ ਚੁਆਨੀ-ਅਠਾਨੀ ਲਈ ਹੱਥਾਂ ਵੱਲ ਝਾਕਦੇ ਨਹੀਂ ਸਨ।

ਸਮੇਂ ਨੇ ਥੋੜ੍ਹਾ ਬਦਲਾਅ ਦੇਖਿਆ ਤਾਂ ਪਿੰਡਾਂ ਦੇ ਲੋਕਾਂ ਨੇ ਫ਼ਸਲ ਦੀਆਂ ਬੋਰੀਆਂ, ਚਾਰੇ ਦੀਆਂ ਭਰੀਆਂ ਜਾਂ ਤੂੜੀ ਦੇ ਤੰਗੜ ਵਾਹ ਲਗਦੀ ਸਿਰ ’ਤੇ ਢੋਣੇ ਘੱਟ ਕਰ ਦਿੱਤੇ। ਤਰਕਾਲਾਂ ਨੂੰ ਕੰਮ ਤੋਂ ਵਿਹਲੇ ਹੋ ਕੇ ਗੱਡੇ ’ਤੇ ਲੱਦ ਕੇ ਘਰਾਂ ਨੂੰ ਲੈ ਆਉਂਦੇ। ਰਸਤੇ ਵਿਚ ਜਿੰਨੇ ਵੀ ਹੋਰ ਖੇਤਾਂ ਵਾਲੇ ਹੁੰਦੇ ਉਨ੍ਹਾਂ ਵਿਚੋਂ ਬਹੁਤੇ ਤਾਂ ਹਾਕ ਮਾਰ ਕੇ ਭਰੀ ਗੱਡੇ ’ਤੇ ਸੁੱਟ ਦਿੰਦੇ। ਕਈ ਸਿਆਣੀਆਂ ਜਾਂ ਵੱਡੀ ਉਮਰ ਦੇ ਕਿਸਾਨਾਂ ਨੂੰ ਗੱਡੇ ਵਾਲਾ ਆਪ ਵੀ ਆਵਾਜ਼ਾਂ ਮਾਰ ਦਿੰਦਾ ਸੀ। ਪੰਜ-ਸੱਤ ਘਰਾਂ ਦੀਆਂ ਪੰਡਾਂ ਗੱਡੇ ’ਤੇ ਪਈਆਂ ਹੁੰਦੀਆਂ। ਗੱਡੇ ਵਾਲਾ ਭਰੀ ਰਖਵਾਉਂਦਾ ਵੀ ਅਤੇ ਲੁਹਾਉਂਦਾ ਵੀ।

ਆਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਸਫ਼ਰ ਮੁਫ਼ਤ ਕਰ ਦਿੱਤਾ ਹੈ ਇਹਦੇ ਨਾਲ ਤਪੂ ਤਾਏ ਵਾਲੇ ਗੱਡੇ ਦਾ ਸਾਰਾ ਸੀਨ ਅੱਖਾਂ ਅੱਗੇ ਘੁੰਮ ਗਿਆ। ਮਹਿੰਗੇ ਝੀਰ ਵੱਲੋਂ ਯੱਕਾ ਤੋਰਨ ਵੇਲੇ ਦੀਆਂ ਆਵਾਜ਼ਾਂ ਵੀ ਕੰਨੀ ਪੈਣ ਲੱਗੀਆਂ ਹਨ। ਜਦੋਂ ਮਹਿੰਗਾ ਝੀਰ  ਸ਼ਹਿਰ ਨੂੰ ਯੱਕਾ ਤੋਰਦਾ ਸੀ ਤਾਂ ਉਹ ਗਾਹਕਾਂ ਨੂੰ ਇਵੇਂ ਆਵਾਜ਼ ਦਿੰਦਾ ਸੀ ਜਿਵੇਂ ਹੁਣ ਪ੍ਰਾਈਵੇਟ ਬੱਸਾਂ ਵਾਲੇ ਇਕ ਨਾਲ ਇਕ ਸਵਾਰੀ ਮੁਫ਼ਤ ਦੀਆਂ ਹਾਕਾਂ ਮਾਰਨ ਲੱਗੇ ਹਨ। ਸਰਕਾਰੀ ਬੱਸਾਂ ਦੀ ਹਾਲਤ ਤਾਂ ਬਿਲਕੁਲ ਤਾਏ ਤਪੂ ਦੇ ਗੱਡੇ ਵਾਲੀ ਹੋ ਗਈ ਹੈ। ਅਮਲੀ ਦੀ ਸੀਤੋ ਤੋਂ ਲੈ ਕੇ ਚੂੰਧਿਆਂ ਦੀ ਗਿਆਨੋ ਤਕ ਸਾਰੀਆਂ ਪੱਠਿਆਂ ਦੀਆਂ ਪੰਡਾਂ ਸੁੱਟ ਕੇ ਗੱਡੇ ਦੀ ਬਾਹੀ ਨਾਲ ਪਿੱਠ ਲਾ ਕੇ ਖੜ੍ਹੀਆਂ ਹੋ ਜਾਂਦੀਆਂ ਸਨ। 

ਮੈਂ ਬਸ ਸਟੈਂਡ ਦੇ ਖੜਾ ਵੇਖ ਰਿਹਾ ਸਾਂ। ਚੰਡੀਗੜ੍ਹ ਦੇ ਅੱਡੇ ਤੋਂ ਜਲੰਧਰ ਲਈ ਬੱਸ ਤੁਰਦੀ ਹੈ। ਕੰਡਕਟਰ ਆਵਾਜ਼ਾਂ ਦੇ ਰਿਹਾ ਹੈ, ‘‘ਭਾਈ ਸਾਰੇ ਟਿਕਟਾਂ ਲੈ ਕੇ ਬੈਠਣਾ।’’ ਬੱਸ ਵਿਚ ਬੈਠਣ ਲਈ ਲਾਲ ਫਿਫਟੀ ਨਾਲ ਨੀਲੀ ਪੱਗ ਬੰਨੀ ਕੁੰਡੀਆਂ ਮੁੱਛਾਂ ਵਾਲਾ ਸਰਦਾਰ ‘ਮੁਲਾਜ਼ਮ’ ਕਹਿ ਕੇ ਬੱਸ ਦੀ ਤਾਕੀ ਵਿਚ ਪੈਰ ਰੱਖ ਲੈਂਦਾ ਹੈ। ਮਗਰ ਦੋ ਹੋਰ ਜਣੇ ਪੱਤਰਕਾਰ ਕਹਿ ਕੇ ਅਗਲੀ ਤਾਕੀ ਵੱਲ ਨੂੰ ਚਲੇ ਜਾਂਦੇ ਹਨ। ਕੰਡਕਟਰ ਨੂੰ ਬਗ਼ੈਰ ਪੁੱਛੇ ਦਸ-ਬਾਰਾਂ ਔਰਤਾਂ ਹਬੜ-ਹਬੜ ਕਰਦੀਆਂ ਪਿਛਲੀ ਤਾਕੀ ਨੂੰ ਹੱਥ ਪਾ ਲੈਂਦੀਆਂ ਹਨ। ਮੂਹਰਲੀ ਤਾਕੀ ਵਿਚ ਇਕ ਬਜ਼ੁਰਗ ਜੋੜੇ ਨੂੰ ਕੋਈ ਮੁੰਡਾ ਚੜ੍ਹਾ ਕੇ ਚਲੇ ਗਿਆ। ਹਾਲੇ ਔਰਤਾਂ ਚੜ੍ਹ ਹੀ ਰਹੀਆਂ ਸਨ ਕਿ ਲਿਖਣ ਵਾਲੀ ਕਾਪੀ ਗੋਲ ਕਰਕੇ ਕੱਛਾਂ ਵਿਚ ਮਾਰੀ ਪੰਜ-ਸੱਤ ਮੁੰਡੇ ਵਾਲਾਂ ਵਿਚ ਹੱਥ ਫੇਰਦੇ ਪਿਛਲੀ ਤਾਕੀ ਮੂਹਰੇ ਆ ਖੜ੍ਹਦੇ ਹਨ। ਪਿਛਲੀ ਸੀਟ ’ਤੇ ਬੈਠੇ ਦੋ ਜਣਿਆਂ ਨੇ ਕੰਡਕਟਰ ਨੂੰ ਸਟਾਫ ਹੋਣ ਦਾ ਇਸ਼ਾਰਾ ਕਰ ਦਿੱਤਾ। ਨਾਲ ਵਾਲੇ ਕਾਊਂਟਰ ’ਤੇ ਪ੍ਰਾਈਵੇਟ ਬੱਸ ਵਾਲਾ ਇਕ ਨਾਲ ਇਕ ਸਵਾਰੀ ਮੁਫ਼ਤ ਦਾ ਹੋਕਾ ਲਗਾਤਾਰ ਦੇਈ ਜਾ ਰਿਹਾ ਸੀ।

ਫੇਰ ਉਹਨੇ ਸਰਕਾਰੀ ਕਾਊਂਟਰ ’ਤੇ ਟਿਕਟਾਂ ਕੱਟਣ ਲਈ ਖੜ੍ਹੇ ਕੰਡਕਟਰ ਨੂੰ ਤੋਰਨ ਲਈ ਵਾਸਤਾ ਪਾਉਂਦਿਆਂ ਕਿਹਾ, ‘‘ਬਾਈ ਜੀ ਤੋਰ ਦੇ ਹੁਣ ਬਾਦਲਾਂ ਆਲੀ ਰਾਜੇ ਦੀ ਨੂੰ। ਥੋਨੂੰ ਕਿਹੜਾ ਕਮਿਸ਼ਨ ਮਿਲਣਾ ਥੋਡੇ ਖਾਤੇ ਵਿਚ ਤਾਂ ਪਹਿਲੀ ਨੂੰ ਡਿੱਗ ਪੈਣੀ ਆ।’’ ਸਰਕਾਰੀ ਬੱਸ ਦੇ ਕੰਡਕਟਰ ਨੇ ਹੱਥ ਵਿਚ ਫੜੀਆਂ ਟਿਕਟਾਂ ਦੁਆਲੇ ਰਬੜ ਲਪੇਟ ਕੇ ਸੀਟੀ ਕੱਢਣ ਲਈ ਝੋਲੇ ਨੂੰ ਹੱਥ ਮਾਰਿਆ ਤਾਂ ਭਾਨ ਦਾ ਖੜਕਾ ਪਰ੍ਹੇ ਤੱਕ ਸੁਣਿਆ। ਪ੍ਰਾਈਵੇਟ ਬੱਸ ਵਾਲੇ ਨੇ ਦੁਬਾਰਾ ਆਵਾਜ਼ ਦਿੱਤੀ, ‘‘ਬਾਈ ਮਾਰ ਲੰਬੀ ਸੀਟੀ। ’’ ਅੱਡਾ ਇੰਚਾਰਜ ਨੇ ਜ਼ੋਰ ਦੀ ਲੰਬੀ ਸੀਟੀ ਮਾਰੀ। ਡਰਾਈਵਰ ਨੇ ਮੋਢੇ ਤੋਂ ਦੀ ਪਰਨਾ ਸੁੱਟ ਕੇ ਬਾਰੀ ਨੂੰ ਹੱਥ ਪਾ ਲਿਆ। ਫੇਰ ਉਹਨੇ ਕੰਨਾਂ ਨੂੰ ਹੱਥ ਲਾਉਂਦਿਆਂ ਵਾਹਿਗੁਰੂ ਕਿਹਾ ਤੇ ਨਾਲ ਹੀ ਤੰਬਾਖੂ ਦੀ ਪਿਚਕਾਰੀ ਪਿਛਾਂਹ ਨੂੰ ਮਾਰੀ।

ਕੰਡਕਟਰ ਨੇ ਦੁਬਾਰਾ ਫੇਰ ਲੰਬੀ ਸੀਟੀ ਮਾਰੀ ਤੇ ਬੱਸ ਤੁਰ ਪਈ। ਪ੍ਰਾਈਵੇਟ ਬੱਸ ਦੇ ਡਰਾਈਵਰ ਨੇ ਨਾਲ ਹੀ ਮੁੜ ਆਵਾਜ਼ ਲਾ ਦਿੱਤੀ, ‘‘ਬਾਦਲਾਂ ਆਲੀ ਮਰਿੰਦਰ ਦੀ ਖਟਾਰਾ ਗਈ । ਆਓ, ਇਕ ਨਾਲ ਇਕ ਫਰੀ। ਅੰਮ੍ਰਿਤਸਰ ਆਲੀ ਆ ਜਲੰਧਰ ਤੋਂ ਪਹਿਲਾਂ ਬਰੇਕ ਨੀ ਮਾਰਨੀ। ਮਰਿੰਦਰ ਆਲੀ ਤਾਂ ਸੋਲਕੀਆਂ ਪਲਾਜ਼ੇ ’ਤੇ ਹੀ ਕੱਟ ਮਾਰਨੀ ਆ।’’

ਨਵਾਂ ਸ਼ਹਿਰ ਤੋਂ ਆਉਣ ਵਾਲੇ ਮਹਿਮਾਨਾਂ ਦੀ ਉਡੀਕ ਵਿਚ ਪਰ੍ਹੇ ਖੜ੍ਹੇ ਨੂੰ ਇਕ ਵਾਰ ਤਾਂ ਜਲੰਧਰ ਨੂੰ ਤੁਰੀ ਬੱਸ ਤਾਏ ਤਪੂ ਦੇ ਗੱਡੇ ਵਰਗੀ ਲੱਗੀ। ਫੇਰ ਇੰਝ ਲੱਗਾ ਕਿਤੇ ਪ੍ਰਾਈਵੇਟ ਬੱਸ ਵਾਲੇ ਨਾਲ ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇਕ ਸਵਾਰ’ ਵਾਲੀ ਨਾ ਹੋਵੇ। ਉਂਝ ਕੰਡਕਟਰ ਵੱਲੋਂ ਖੜਕਾਏ ਭਾਨ ਵਾਲੇ ਖਾਲੀ ਝੋਲੇ ਅਤੇ ਪ੍ਰਾਈਵੇਟ ਬੱਸ ਵਾਲੇ ਵੱਲੋਂ ਲੰਬੀ ਸੀਟੀ ਮਾਰਨ ਲਈ ਕੱਢੀ ਆਵਾਜ਼ ਕੰਨਾਂ ਵਿਚੋਂ ਨਹੀਂ ਜਾ ਰਹੀ ਸੀ। ਮਨ ਵਿਚ ਵਾਰ-ਵਾਰ ਖ਼ਿਆਲ ਆ ਰਿਹਾ ਸੀ ਅਸਲ ਵਿਚ ਲੰਬੀ ਸੀਟੀ ਬੱਸ ਦੇ ਡਰਾਈਵਰ ਨੂੰ ਨਹੀਂ ਸਰਕਾਰਾਂ ਨੂੰ ਮਾਰਨ ਦੀ ਜ਼ਰੂਰਤ ਹੈ। ਰਾਜੇ ਨੂੰ ਰਾਹ ਪਾਉਣ ਦੀ। ਸਰਕਾਰਾਂ ਜਿਹੜੀਆਂ ਚਾਰ ਸਾਲ ਲੋਕਾਂ ਨੂੰ ਭੋਟਦੀਆਂ ਰਹਿੰਦੀਆਂ ਤੇ ਮਗਰਲੇ ਸਾਲ ਉਹ ਹੀ ਪੈਸਾ ਵੋਟਰਾਂ ਨੂੰ ਭਰਮਾਉਣ ’ਤੇ ਲਾ ਦਿੰਦੀਆਂ ਹਨ। ਮਹਿਮਾਨਾਂ ਨੂੰ ਭੁੱਲ ਗਿਆ ਪਰ ਨਾਲ ਹੀ ਲੋਕ ਬੋਲੀ ਥੋੜ੍ਹੀ ਬਦਲ ਕੇ, ‘‘ਸਰਕਾਰ ਭੁੱਲ ਗਈ ਮੋੜ ’ਤੇ ਆ ਕੇ ਲੰਬੀ ਸੀਟੀ ਮਾਰ ਮਿੱਤਰਾ’’ ਗੁਨਗੁਨਾਉਦਾ ਪਰ੍ਹੇ ਜਾ ਕੇ ਸੀਮਿੰਟ ਦੇ ਬੈਂਚ ’ਤੇ ਬੈਠ ਗਿਆ।