India Punjab

ਨਿੱਤ ਖੈਰ ਮੰਗਾਂ ਪੰਜਾਬ ਸਿੰਹਾਂ ਤੇਰੀ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਸਿੰਹੁ ਦੀ ਪੁੱਟੀ ਹਰੇਕ ਪੁਲਾਂਘ ਨੂੰ ਸਿਆਸਤ ਅਤੇ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜਾਬ ਸਿੰਹੁ ਦਾ ਨਵਾਂ ਹੱਸਦਾ ਚਿਹਰਾ, ਦਲ ਬਦਲੀਆਂ ਜਾਂ ਫਿਰ ਸਿਆਸਤ ਦੇ ਪਲਟਣ ਦੇ ਰੰਗ, ਸਾਰਾ ਕੁੱਝ ਕੁਰਸੀ ਨਾਲ ਜੁੜ ਕੇ ਰਹਿ ਗਿਆ ਹੈ। ਅਸਥਿਰਤਾ ਦੇ ਇਸ ਮਾਹੌਲ ਵਿੱਚ ਹੋ ਰਹੀਆਂ ਧਾਰਮਿਕ ਬੇ ਅਦਬੀਆਂ ਜਾਂ ਫਿਰ ਧਮਾ ਕੇ ਪਿੱਛੇ ਨਿਸ਼ਾਨਾ ਤਾਂ ਪੰਜਾਬ ਸਿੰਹੁ ਨੂੰ ਠਿੱਬੀ ਲਾਉਣ ਦਾ ਹੈ। ਪੰਜਾਬ ਨੇ ਜਿੰਨਾ ਸੰਤਾਪ ਹੰਢਾਇਆ ਹੈ, ਅਸਲ ਵਿੱਚ ਅਜਿਹੇ ਵਿਰਲੇ ਹਰ ਸੁਚੇਤ ਅੱਖ ਸ਼ੱਕ ਵੱਲ ਨੂੰ ਘੁੰਮਣ ਲੱਗਦੀ ਹੈ। ਘੁੰਮੇ ਵੀ ਕਿਉਂ ਨਾ, ਜਦੋਂ 1978 ਤੋਂ ਲੈ ਕੇ ਨੌਵੇਂ ਦਹਾਕੇ ਦੇ ਅੱਧ ਤੱਕ ਪੰਜਾਬ ਨੂੰ ਬਲਦਾ ਰੱਖਣ ਲਈ ਇਵੇਂ ਹੀ ਅੱਗ ਲਾਈ ਜਾਂਦੀ ਰਹੀ ਸੀ। ਪੰਜਾਬ ਦਹਾਕਿਆਂ ਲਈ ਫਿਰਕੂਪੁਣੇ ਦੀ ਲਾਟ ਵਿੱਚ ਜਲਿਆ ਹੈ।

ਮਸਾਂ-ਮਸਾਂ ਆਈ ਸ਼ਾਂਤੀ ਨਾਲ ਪੰਜਾਬ ਮੁੜ ਤੋਂ ਖਿੜਨ ਲੱਗਾ ਹੀ ਸੀ ਕਿ ਭੌਰੇ ਮੁੜ ਆ ਕੇ ਫੁੱਲ ‘ਤੇ ਆ ਕੇ ਬਹਿੰਦੇ ਨਜ਼ਰ ਆਉਣ ਲੱਗੇ ਹਨ। ਨਿਰਸੰਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਾਲਾਂ ਪਹਿਲਾਂ ਵਾਪਰੀਆਂ ਸਨ, ਉਦੋਂ ਵੀ ਸੁਚੇਤ ਅੱਖ ਅਤੇ ਅਚੇਤ ਮਨ ਨੇ ਅੰਦਰਲੀ ਸਾਜਿਸ਼ ਨੂੰ ਬੇਨਕਾਬ ਕਰ ਦਿੱਤਾ ਸੀ। ਕਿਸਾਨ ਅੰਦੋ ਲਨ ਵਿੱਚ ਵਾਪਰੀ ਬੇ ਅਦੀ ਦੀ ਘਟ ਨਾ ਪਹਿਲੀ ਨਹੀਂ ਸੀ। ਉਸ ਤੋਂ ਪਹਿਲਾਂ ਸ੍ਰੀ ਕੇਸਗੜ ਸਾਹਿਬ ਅਤੇ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕਮੀਨੀ ਮਾਨਸਿਕਤਾ ਵਾਲੇ ਬਿਮਾਰ ਸ਼ਖਸ ਵੱਲੋਂ ਗੁਟਕਾ ਸੁੱਟਣ ਨਾਲ ਸ਼ੁਰੂਆਤ ਸਮਝੀਏ ਤਾਂ ਉਸ ਤੋਂ ਬਾਅਦ ਜਿਹੜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਉਸਨੂੰ ਸਿਖ਼ਰ ਮੰਨਿਆ ਜਾਵੇਗਾ। ਦੋਸ਼ੀ ਨੂੰ ਮੌਕੇ ਤੋਂ ਸੋਧਣ ਤੋਂ ਬਾਅਦ ਵੀ ਘਟਨਾਵਾਂ ਨਾ ਰੁਕੀਆਂ। ਅਗਲੇ ਦਿਨ ਕਪੂਰਥਲਾ ਅਤੇ ਉਸ ਤੋਂ ਬਾਅਦ ਬਟਾਲਾ ਵਿੱਚ ਰਲਦੀ ਮਿਲਦੀ ਘਟਨਾ ਵਾਪਰ ਗਈ।

ਅੱਜ ਲੁਧਿਆਣਾ ਦੀਆਂ ਕਚਿਹਿਰੀਆਂ ਵਿੱਚ ਧਮਾ ਕੇ ਦੀ ਵਾਪਰੀ ਘਟ ਨਾ ਨੇ ਪੰਜਾਬ ਨੂੰ ਮੁੜ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਹਲੂਣਿਆ ਗਿਆ ਹੈ। ਸਿਆਸੀ ਪਾਰਟੀਆਂ ਜਾਂ ਏਜੰਸੀਆਂ ਨੂੰ ਚਾਹੇ ਮਨੁੱਖਤਾ ਦੀ ਜਾਨ ਨਾਲ ਖੂਨ ਦੀ ਕਬੱਡੀ ਖੇਡ ਕੇ ਕੁਰਸੀ ਨੇੜੇ ਹੁੰਦੀ ਨਜ਼ਰ ਆਉਂਦੀ ਹੋਵੇਗੀ ਪਰ ਆਮ ਮਨੁੱਖ ਲਈ ਇਹ ਵੱਡਾ ਝਟਕਾ ਹੈ। ਮਨੁੱਖਤਾ ਦਹਿਲ ਕੇ ਰਹਿ ਗਈ ਹੈ। ਸੁਚੇਤ ਮਨ ਅਸ਼ਾਂਤ ਹੋਇਆ ਹੈ। ਉਹ ਵਿਸ਼ੇਸ਼ ਕਰਕੇ ਜਿਨ੍ਹਾਂ ਨੇ 1947 ਦੇ ਘੱਲੂਘਾਰੇ, 1984 ਦੇ ਕਤਲੇ ਆਮ ਅਤੇ ਕਿਸਾਨ ਅੰਦੋਲਨ ਦੀ ਪੀੜ ਆਪਣੇ ਪਿੰਡੇ ਉੱਤੇ ਹੰਢਾਈ ਹੈ। ਕਦੇ-ਕਦੇ ਦਿਲ ਵਿੱਚ ਇਹ ਵੀ ਖਿਆਲ ਆਉਂਦਾ ਹੈ ਕਿ ਕਿਤੇ ਕਿਸਾਨ ਅੰਦੋਲਨ ਦੇ ਜੇਤੂਆਂ ਦੇ ਪੈਰ ਲੱਗਣ ਤੋਂ ਪਹਿਲਾਂ ਹੀ ਉਖਾੜਨ ਦੀ ਚਾਲ ਤਾਂ ਨਹੀਂ। ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨਾਲ ਹਾਕਮਾਂ ਜਾਂ ਸਿਆਸੀ ਪਾਰਟੀਆਂ ਦਾ ਤਾਂ ਪਤਾ ਨਹੀਂ ਪਰ ਮਨੁੱਖਤਾ ਜ਼ਰੂਰ ਸ਼ਰਮਸਾਰ ਹੋਈ ਹੈ। 1947 ਤੋਂ ਲੈ ਕੇ 2021 ਦਰਮਿਆਨ ਵਾਪਰੀਆਂ ਗੈਰ-ਮਨੁੱਖੀ ਘਟਨਾਵਾਂ ਜਦੋਂ ਅੱਖਾਂ ਮੂਹਰ ਦੀ ਫਿਲਮ ਦੀ ਰੀਲ ਵਾਂਗ ਲੰਘਦੀਆਂ ਹਨ ਤਾਂ ਮੇਰੇ ਕੰਨਾਂ ਵਿੱਚ ਇੱਕ ਪਾਕਿਸਤਾਨੀ ਸ਼ਾਇਰ ਦੇ ਬੋਲ ਗੂੰਜਣ ਲੱਗਦੇ ਹਨ, “ਤੇਰੀਆਂ ਅੱਖਾਂ ਦੀ ਲਾਲੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ।” ਅੱਲਾ ਖੈਰ ਕਰੇ, ਰੱਬ ਸੁੱਖ ਰੱਖੇ, ਰਾਮ ਭਲਾ ਕਰੇ।