ਹੈਰਾਨੀ ਦੀ ਗੱਲ ਹੈ ਕਿ ਜਦੋਂ ਸਾਰਾ ਦੇਸ਼ ਲੌਕਡਾਊਨ ਕਾਰਨ ਬੇਰੁਜ਼ਗਾਰੀ ਤੇ ਕੰਮ ਧੰਦੇ ਦੀ ਘਾਟ ਕਾਰਨ ਪਰੇਸ਼ਾਨ ਹੈ, ਅਜਿਹੇ ਦੌਰ ਵਿੱਚ ਲੀਡਰਾਂ ਨੂੰ ਐਂਬੂਲੈਂਸ ਚਲਾਉਣ ਲਈ ਡਰਾਇਵਰ ਨਹੀਂ ਮਿਲ ਰਹੇ * ਇਨ੍ਹਾਂ ਦਿਨਾਂ ਵਿੱਚ ਸਭ ਤੋਂ ਵੱਡੀ ਜ਼ਰੂਰਤ ਐਂਬੂਲੈਂਸ ਦੀਆਂ ਗੱਡੀਆਂ ਮਿੱਟੀ ਕੀਹਦੇ ਇਸ਼ਾਰੇ ‘ਤੇ ਹੋ ਰਹੀਆਂ ਹਨ। ਕੌਣ ਲੋਕ ਨੇ ਜੋ ਇੰਨੀ ਹਿੰਮਤ ਕਰ ਰਹੇ ਹਨ ਕਿ ਕਿਸੇ ਐਂਬੂਲੈਂਸ ਵਿਚ ਮਿਟੀ ਦੀਆਂ ਬੋਰੀਆਂ ਭਰ ਸਕਣ * ਇਨ੍ਹਾਂ ਪਿੱਛੇ ਕੋਣ ਹੈ ਜਿਹੜਾ ਇਹ ਮਹਿਸੂਸ ਕਰ ਰਿਹਾ ਕਿ ਲੋਕਾਂ ਦੀ ਜਾਨ ਨਾਲੋਂ ਮਿੱਟੀ ਜਿਆਦਾ ਕੀਮਤੀ ਹੈ * ਸਿਹਤ ਸਹੂਲਤਾਂ ਨਾਲ ਇਸ ਤਰ੍ਹਾਂ ਦਾ ਖਿਲਵਾੜ ਕੌਣ ਕਰਵਾ ਰਿਹਾ ਹੈ। ਕੇਂਦਰੀ ਸਿਹਤ ਵਿਭਾਗ ਤੇ ਦੇਸ਼ ਦਾ ਚੌਕੀਦਾਰ ਬੇਫਿਕਰਾ ਹੋ ਕੇ ਕਿਉਂ ਘੂਕ ਸੌਂ ਰਿਹਾ ਹੈ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਸ਼ ਨੇ ਕੋਰੋਨਾ ਦੇ ਆਉਣ ਮਗਰੋਂ ਜਿਹੜੇ ਨਰਕ ਵਰਗੇ ਹਾਲਾਤ ਭੋਗੇ ਹਨ, ਉਨ੍ਹਾਂ ਨੂੰ ਭੁਲਾਉਣ ਲਈ ਸ਼ਾਇਦ ਸਦੀਆਂ ਲੱਗ ਜਾਣਗੀਆਂ। ਕੋਰੋਨਾ ਦੀ ਬਲੀ ਜਿਹੜੇ ਲੋਕ ਚੜ੍ਹ ਗਏ ਹਨ, ਉਨ੍ਹਾਂ ਦੇ ਸਗੇ ਸੰਬੰਧੀ ਹੁਣ ਬੇਸ਼ੱਕ ਦੇਸ਼ ਦੇ ਸਿਹਤ ਪੱਖੋਂ ਹਾਲਾਤ ਸੁਧਰ ਵੀ ਜਾਣ, ਉਨ੍ਹਾਂ ਨੂੰ ਇਸ ਨਾਲ ਹੁਣ ਕੋਈ ਲੈਣ ਦੇਣ ਬਾਕੀ ਬਚਿਆ ਨਹੀਂ ਹੈ। ਜਿਹੜੇ ਲੋਕ ਖਤਮ ਹੋਣੇ ਸੀ ਖਤਮ ਹੋ ਚੁੱਕੇ ਹਨ। ਪਰ ਸਿਹਤ ਸਹੂਲਤਾਂ ਦੇ ਫੋਕੇ ਦਾਅਵਿਆਂ ਦੀ ਇਕ ਵਾਰ ਤਾਂ ਹਵਾ ਨਿਕਲ ਚੁੱਕੀ ਹੈ ਤੇ ਇਸਦੇ ਝੰਭੇ ਲੋਕਾਂ ਨੂੰ ਕੋਈ ਅੰਕੜੇ ਦੱਸ ਕੇ ਸਮਝਾਉਣ ਦੀ ਲੋੜ ਰਹੀ ਨਹੀਂ ਹੈ। ਇਸ ਸਾਰੇ ਦਰਮਿਆਨ ਸਿਆਸੀ ਲੀਡਰਾਂ ਦੀਆਂ ਹਰਕਤਾਂ ਤੇ ਦਾਅਵਿਆ ਵਿੱਚ ਕੋਈ ਕਮੀ ਨਹੀਂ ਆਈ ਹੈ। ਸੋਸ਼ਲ ਮੀਡੀਆ ਨਾ ਹੁੰਦਾ ਤਾਂ ਬਹੁਤ ਕੁੱਝ ਲੋਕਾਂ ਦੀ ਅੱਖ ਤੋਂ ਲੁਕ ਜਾਣਾ ਸੀ।
ਦੇਸ਼ ਦੇ ਸਾਰੇ ਸੂਬਿਆਂ ਵਿੱਚ ਤਕਰੀਬਨ ਹਾਲਾਤ ਇੱਕੋ ਜਿਹੇ ਹਨ। ਕੱਲ੍ਹ ਬਿਹਾਰ ਦੇ ਬਿਹਾਰ ਦੇ ਸਾਰਣ ਵਿੱਚ ਬੀਜੇਪੀ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂੜੀ ਦੇ ਦਫਤਰੋਂ ਮਿਲੀਆਂ ਐਂਬੂਲੈਂਸਾਂ ਦੇ ਸਨਸਨੀਖੇਜ ਵੀਡਿਓ ਨੇ ਸਿਆਸੀ ਖੇਤਰਾਂ ਤੇ ਦਾਅਵਿਆਂ ਦੀ ਸਿਆਸਤ ਵਿੱਚ ਭੂਚਾਲ ਲਿਆ ਕੇ ਰੱਖ ਦਿੱਤਾ ਸੀ। ਆਪਣੇ ਟਵਿੱਟਰ ਹੈਂਡਲ ‘ਤੇ ਸਾਬਕਾ ਲੋਕ ਸਭਾ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਇਕ ਵੀਡਿਓ ਜਾਰੀ ਕਰਕੇ ਦਿਖਾਇਆ ਕਿ ਕਿਵੇਂ 40 ਤੋਂ 50 ਐਂਬੂਲੈਂਸਾਂ ਨੂੰ ਕੱਪੜੇ ਨਾਲ ਢੱਕ ਕੇ ਰੱਖਿਆ ਹੋਇਆ ਸੀ। ਇਸ ਦੌਰਾਨ ਪੱਪੂ ਯਾਦਵ ਨੇ ਜਦੋਂ ਇਹ ਵੀਡਿਓ ਸਾਂਝੀ ਕੀਤੀ ਤਾਂ ਰਾਜੀਵ ਰੂਡੀ ਨੇ ਕਿਹਾ ਕਿ ਉਨ੍ਹਾਂ ਕੋਲ ਡਰਾਇਵਰ ਨਹੀਂ ਹਨ, ਇਸ ਲਈ ਇਨ੍ਹਾਂ ਨੂੰ ਖੜ੍ਹਾ ਕੀਤਾ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਜਦੋਂ ਸਾਰਾ ਦੇਸ਼ ਲੌਕਡਾਊਨ ਕਾਰਨ ਬੇਰੁਜ਼ਗਾਰੀ ਤੇ ਕੰਮ ਧੰਦੇ ਦੀ ਘਾਟ ਕਾਰਨ ਪਰੇਸ਼ਾਨ ਹੈ, ਅਜਿਹੇ ਦੌਰ ਵਿੱਚ ਲੀਡਰਾਂ ਨੂੰ ਡਰਾਇਵਰ ਨਹੀਂ ਮਿਲ ਰਹੇ ਅਤੇ ਇਨ੍ਹਾਂ ਦਿਨਾਂ ਵਿੱਚ ਸਭ ਤੋਂ ਵੱਡੀ ਜ਼ਰੂਰਤ ਐਂਬੂਲੈਂਸ ਗੱਡੀਆਂ ਮਿਟੀ ਹੋ ਰਹੀਆਂ ਹਨ। ਕੌਣ ਲੋਕ ਨੇ ਜੋ ਇੰਨੀ ਹਿੰਮਤ ਕਰ ਰਹੇ ਹਨ ਕਿ ਕਿਸੇ ਐਂਬੂਲੈਂਸ ਵਿਚ ਮਿਟੀ ਦੀਆਂ ਬੋਰੀਆਂ ਭਰ ਸਕਣ। ਇਨ੍ਹਾਂ ਪਿੱਛੇ ਕੋਣ ਹੈ ਜਿਹੜਾ ਇਹ ਮਹਿਸੂਸ ਕਰ ਰਿਹਾ ਕਿ ਲੋਕਾਂ ਦੀ ਜਾਨ ਨਾਲੋਂ ਮਿਟੀ ਜਿਆਦਾ ਕੀਮਤੀ ਹੈ।
ਸਿਹਤ ਸਹੂਲਤਾਂ ਨਾਲ ਇਸ ਤਰ੍ਹਾਂ ਦਾ ਖਿਲਵਾੜ ਕੌਣ ਕਰਵਾ ਰਿਹਾ ਹੈ। ਸਿਹਤ ਵਿਭਾਗ ਕਿਹੜੀ ਨੀਂਦਰ ਸੁੱਤਾ ਹੈ। ਦੇਸ਼ ਦਾ ਚੌਕੀਦਾਰ ਕਿਉਂ ਨਹੀਂ ਜਾਗ ਰਿਹਾ।
ਇਨ੍ਹਾਂ ਐਂਬੂਲੈਂਸਾਂ ਦੀ ਅਗਲੀ ਵੀਡਿਓ ਹੋਰ ਹੈਰਾਨ ਕਰਨ ਵਾਲੀ ਹੈ। ਪੱਪੂ ਯਾਦਵ ਨੇ ਹੀ ਆਪਣੇ ਟਵਿੱਟਰ ‘ਤੇ ਵੀਡਿਓ ਪਾ ਕੇ ਇਨ੍ਹਾਂ ਵਿੱਚ ਰੇਤੇ ਦੀਆਂ ਬੋਰੀਆਂ ਲੱਦੀਆਂ ਜਾ ਰਹੀਆਂ ਦਿਖਾਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਰਾਜੀਵ ਪ੍ਰਤਾਪ ਰੂੜੀ ਇਨ੍ਹਾਂ ਐਂਬੂਲੈਂਸਾਂ ਦਾ ਬਹੁਤ ਚੰਗਾ ਪ੍ਰਯੋਗ ਕਰ ਰਹੇ ਹਨ। ਇਸ ਵਿਚ ਰੇਤੇ ਦੀਆਂ ਬੋਰੀਆਂ ਢੋਹੀਆਂ ਜਾ ਰਹੀਆਂ ਹਨ। ਹੁਣ ਇਨ੍ਹਾਂ ਕੋਲ ਡਰਾਇਵਰ ਵੀ ਹੈ। ਪਰ ਬੀਮਾਰਾਂ ਦੀ ਮਦਦ ਕਰਨੀ ਹੋਵੇ ਤਾਂ ਐਂਬੂਲੈਂਸ ਚਲਾਉਣ ਲਈ ਡਰਾਇਵਰ ਨਹੀਂ ਸੀ।
ਕਬਾੜ ਵਿੱਚ ਸੁੱਟੇ ਮਿਲੇ ਆਕਸੀਜਨ ਦੇ ਸਿਲੈਂਡਰ
ਉੱਧਰ, ਪਟਨਾ ਦੇ ਕੰਕੜਬਾਗ ਥਾਣੇ ਲਾਗੇ ਇਕ ਸਰਕਾਰੀ ਹਸਪਤਾਲ ਵਿੱਚ ਵੱਡੀ ਮਾਤਰਾ ਵਿੱਚ ਆਕਸੀਜਨ ਦੇ ਸਿਲੈਂਡਰ ਸੁੱਟੇ ਹੋਏ ਸਨ। ਇੱਕ ਪਾਸੇ ਲੋਕ ਆਕਸੀਜਨ ਦੀ ਘਾਟ ਕਾਰਨ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ, ਦੂਜੇ ਪਾਸੇ ਇਹਨਾਂ ਸਹੂਲਤਾਂ ਦਾ ਇਹ ਹਾਲ ਹੈ।
ਐਂਬੂਲੈਂਸ ਨਹੀਂ ਮਿਲੀ ਤਾਂ ਮੰਜੇ ‘ਤੇ ਲਾਸ਼ ਰੱਖ ਕੇ ਤੁਰ ਗਿਆ ਲਾਚਾਰ ਪਿਓ
ਇਕ ਪਾਸੇ ਐਂਬੂਲੈਂਸਾਂ ਦਾ ਇਹ ਹਾਲ ਤੇ ਦੂਜੇ ਪਾਸੇ ਇਨ੍ਹਾਂ ਦੀ ਲੋੜ ਵੇਲੇ ਤਰਸਦੇ ਲੋਕ। ਮੱਧ ਪ੍ਰਦੇਸ਼ ਦੇ ਸਿੰਗਰੌਲੀ ਜਿਲ੍ਹੇ ਵਿੱਚ ਇਕ ਪਿਓ ਨੂੰ ਆਪਣੀ ਧੀ ਦੀ ਲਾਸ਼ ਮੰਜੀ ‘ਤੇ ਰੱਖ ਕੇ 35 ਕਿਲੋਮੀਟਰ ਦਾ ਸਫਰ ਤੈਅ ਕਰਨਾ ਪਿਆ। ਸਰਕਾਰ ਦੇ ਵਿਕਾਸ ਦੇ ਦਾਅਵਿਆਂ ਨੇ ਸਿਸਟਮ ਦੀ ਇਹ ਸ਼ਰਮਸ਼ਾਰ ਕਰਨ ਵਾਲੀ ਤਸਵੀਰ ਨੂੰ ਦੇਖ ਕੇ ਕਈ ਸਵਾਲ ਖੜ੍ਹੇ ਹੁੰਦੇ ਹਨ। ਮਾਮਲਾ ਸਿੰਗਰੌਲੀ ਦੇ ਨਿਵਾਸ ਪੁਲਿਸ ਚੌਂਕੀ ਖੇਤਰ ਦੇ ਗੜਈ ਪਿੰਡ ਦਾ ਹੈ। ਇੱਥੇ ਇਕ ਨਾਬਾਲਿਗ 16 ਸਾਲ ਦੀ ਕੁੜੀ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ ਸੀ। ਪੁਲਿਸ ਨੂੰ ਸੂਚਨਾ ਮਿਲਣ ਦੇ ਬਾਵਜੂਦ ਜਦੋਂ ਇਸ ਪਿਓ ਨੂੰ ਕੋਈ ਸਹਾਇਤਾ ਨਹੀਂ ਮਿਲੀ ਤਾਂ ਬੇਬੱਸ ਹੋ ਕੇ ਇਸ ਪਿਓ ਨੇ ਪੋਸਟਮਾਰਟਮ ਕਰਵਾਉਣ ਲਈ ਆਪ ਹੀ ਮ੍ਰਿਤਕ ਲੜਕੀ ਨੂੰ ਮੰਜੀ ‘ਤੇ ਲਿਟਾ ਕੇ 35 ਕਿਲੋਮੀਟਰ ਦਾ ਸਫਰ ਤੈਅ ਕੀਤਾ।ਇਸ ਮੌਕੇ ਮ੍ਰਿਤਕ ਲੜਕੀ ਦੇ ਪਿਓ ਨੇ ਕਿਹਾ ਕਿ ਕੀ ਕਰ ਸਕਦਾ ਹਾਂ। ਨਾ ਪੁਲਿਸ ਨੇ ਸੰਜੀਦਗੀ ਦਿਖਾਈ ਤੇ ਨਾ ਹੀ ਕੋਈ ਐਂਬੂਲੈਂਸ ਮਿਲੀ। ਪੋਸਟਮਾਰਟਮ ਲਈ ਇਹੀ ਰਾਹ ਬਚਿਆ ਸੀ।