Khalas Tv Special Punjab

ਗੁਰੂ ! ਹੁਣ ਆਪਣਾ ਘਰ ਵੀ ਸੰਭਾਲ ਲਵੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਠੀ ਹੈ। ਜ਼ਿੱਦ ਦਾ ਪੱਕਾ। ਸਾਫ-ਸੁਥਰਾ ਅਕਸ। ਗੱਲ ਠੋਕ ਵਜਾ ਕੇ ਕਰਦਾ। ਆਪਣੇ ਬਚਨਾਂ ਉੱਤੇ ਪਹਿਰਾ ਵੀ ਦਿੰਦਾ ਹੈ। ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਉਣਾ ਕਿਤੇ ਐਰੇ-ਗੈਰੇ ਦਾ ਕੰਮ ਸੀ ! ਇਹ ਗੁਰੂ ਹੀ ਹੈ ਜਿਹੜਾ ਆਪਣੀ ਜ਼ਿੱਦ ਪੁਗਾ ਗਿਆ। ਬਚਨ ਪੁਗਾਉਣ ਲਈ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖਿੱਛਣੀ ਪਈ, ਪੰਜਾਬ ਦਾ ਪੁਲਿਸ ਮੁਖੀ ਬਦਲਣਾ ਪਿਆ, ਚਾਹੇ ਨਵਾਂ ਐਡਵੋਕੇਟ ਜਨਰਲ ਲਵਾਇਆ। ਜ਼ਿੱਦ ਐਵੇਂ ਨਹੀਂ ਪੁੱਗੀ, ਇਹਦੇ ਲਈ ਉਸਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਕਈ ਦਿਨਾਂ ਲਈ ਬਨਵਾਸ ਕੱਟਣਾ ਪਿਆ।

ਸਿੱਧੂ ਨੇ ਮਜੀਠੀਆ ਦਾ ਛੱਤਣੀਂ ਹੱਥ ਪਵਾ ਦਿੱਤਾ ਹੈ। ਇਹ ਉਸਦੇ ਪ੍ਰਧਾਨ ਵਜੋਂ ਕਾਰਜਕਾਲ ਦੀ ਵੱਡੀ ਪ੍ਰਾਪਤੀ ਹੈ। ਪਰ ਉਹ ਪ੍ਰਧਾਨ ਬਣਨ ਤੋਂ ਬਾਅਦ ਜਿਵੇਂ ਪਾਰਟੀ ਵਿੱ ਖਿਲਾਰਾ ਪੈਣ ਲੱਗਾ ਹੈ, ਉਸ ਤੋਂ ਵੀ ਅੱਖਾਂ ਮੀਚ ਕੇ ਚੱਲਿਆ ਨਹੀਂ ਜਾਣਾ। ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਉਹਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 36 ਦਾ ਅੰਕੜਾ ਚੱਲਿਆ ਆ ਰਿਹਾ ਹੈ। ਉਹਦਾ ਵੱਸ ਚੱਲੇ ਤਾਂ ਉਹ ਚੰਨੀ ਦਾ ਹੱਥ ਫੜ ਕੇ ਸਿੱਧੂ ਦੇ ਨਵੇਂ ਰੋਡਮੈਪ ਉੱਤੇ ਘੁੱਗੀ ਮਰਵਾ ਲਵੇ। ਅਸਲ ਵਿੱਚ ਨਾ ਉਹ ਚੰਨੀ ਨੂੰ ਫੁੱਟੀ ਅੱਖ ਭਾਉਂਦਾ ਹੈ ਅਤੇ ਨਾ ਹੀ ਚੰਨੀ ਉਹਨੂੰ ਨਾਲ ਲਾ ਕੇ ਰਾਜੀ ਹੈ। ਪਾਰਟੀ ਦੇ ਜੇ ਦੂਜੇ ਸੀਨੀਅਰ ਨੇਤਾਵਾਂ ਦੀ ਗੱਲ ਕਰੀਏ ਤਾਂ ਉਹ ਵੀ ਗੁਰੂ ਨਾਲ ਅੰਦਰੋਂ ਭੱਜਦੇ ਹਨ। ਕਈ ਤਾਂ ਉਹਦੇ ਲਈ ਚੁਣੌਤੀ ਬਣ ਕੇ ਖੜ ਗਏ ਹਨ। ਸੱਚ ਕਹੀਏ ਤਾਂ ਹਾਲ ਦੀ ਘੜੀ ਕਿਸੇ ਦੀ ਪਰਵਾਹ ਨਹੀਂ ਮਾਰਦਾ। ਸਿੱਧੂ ਖਿਲਾਫ ਬਗਾਵਤ ਉੱਛਣ ਤੋਂ ਬਾਅਦ ਕਈ ਤਾਂ ਕਾਂਗਰਸ ਨੂੰ ਅਲਵਿਦਾ ਕਹਿਣ ਲੱਗੇ ਹਨ। ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਖੋਰਾ ਲੱਗਣਾ ਚਿੰਤਾ ਦਾ ਵਿਸ਼ਾ ਹੈ ਪਰ ਸਿੱਧੂ ਨੇ ਨਾ ਕਦੇ ਕੋਈ ਕਿਸੇ ‘ਤੇ ਗਿਲਾ ਕੀਤਾ ਹੈ ਨਾ ਕੋਈ ਫਿਕਰਮੰਦੀ। ਇੰਝ ਲੱਗਦਾ ਕਿ ਉਹ ਸਟੇਜਾਂ ‘ਤੇ ਠੋਕੋ ਤਾਲੀ ਕਹਿ ਕੇ ਹਾਲੇ ਵੀ ਆਪਣੇ ਨਜ਼ਾਰੇ ਲੁੱਟ ਰਿਹਾ ਹੋਵੇ। ਉਹਨੇ ਕਿਰਦੇ ਕਾਂਗਰਸੀਆਂ ਨੂੰ ਰੋਕਣ ਲਈ ਕੋਈ ਵਾਸਤਾ ਨਹੀਂ ਪਾਇਆ। ਸਿਆਸਤ ਵਿੱਚ ਅਜਿਹਾ ਚੱਲਦਾ ਨਹੀਂ, ਨਾ ਰਿਸ਼ਤਿਆਂ ਵਿੱਚ। ਕਿਸੇ ਰੁੱਸੇ ਨੂੰ ਮਨਾਈਏ ਨਾ, ਪਾਟੇ ਨੂੰ ਸੀਈਏਂ ਨਾ ਤਾਂ ਭਰਾੜ ਹੋਰ ਵਧਣਗੇ ਹੀ। ਕਾਂਗਰਸ ਵਿੱਚ ਅਜਿਹਾ ਹੋ ਰਿਹਾ ਹੈ।

ਚਰਚਾ ਹੈ ਕਿ ਚੰਨੀ ਸਰਕਾਰ ਦੇ ਸੱਤ ਮੰਤਰੀ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਹਨ। ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪਿੜ ਬੰਨ੍ਹ ਦਿੱਤਾ ਹੈ। ਵਜ਼ੀਰੀਆਂ ਛੱਡ ਕੇ ਜਾਣ ਵਾਲਿਆਂ ਵਿੱਚ ਉਹ ਵੀ ਹਨ ਜਿਨ੍ਹਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਠਾਇਆ ਸੀ ਅਤੇ ਬਾਅਦ ਵਿੱਚ ਸਿੱਧੂ ਨਾਲ ਰਲ ਕੇ ਕੁਰਸੀ ਪਿਛਾਂਹ ਖਿੱਚ ਲਈ। ਕਾਂਗਰਸ ਛੱਡਣ ਵਾਲੇ ਸੰਭਾਵਿਤ ਕੈਬਨਿਟ ਮੰਤਰੀਆਂ ਵਿੱਚੋਂ ਚਾਹੇ ਕਿਸੇ ਨੇ ਖੁੱਲ੍ਹੇਆਮ ਪਾਰਟੀ ਜਾਂ ਸਿੱਧੂ ਵਿਰੁੱਧ ਬਗਾਵਤ ਦਾ ਝੰਡਾ ਨਹੀਂ ਚੁੱਕਿਆ ਪਰ ਅੰਦਰੋਂ-ਅੰਦਰੀ ਘੁਟਣ ਜ਼ਰੂਰ ਮਹਿਸੂਸ ਕਰ ਰਹੇ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣਾ ਗੁਬਾਰ ਜ਼ਰੂਰ ਕੱਢ ਲਿਆ ਹੈ। ਇੱਕ ਵੱਖਰੀ ਤਰ੍ਹਾਂ ਦੀ ਚਰਚਾ ਹੈ ਕਿ ਇਨ੍ਹਾਂ ਮੰਤਰੀਆਂ ਨੂੰ ਭਾਰਤੀ ਜਨਤਾ ਪਾਰਟੀ ਬਾਂਹ ਮਰੋੜ ਕੇ ਲਿਜਾ ਰਹੀ ਹੈ। ਕਾਰਨ ਕੁੱਝ ਵੀ ਹੋਵੇ, ਬਤੌਰ ਮੁਖੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਗਿਰੀਵਾਨ ਵਿੱਚ ਝਾਤ ਮਾਰਨ ਦੀ ਲੋੜ ਹੈ। ਘਰ ਨੂੰ ਸੰਭਾਲਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਗੁਰੂ ਸਿਰ ਆ ਪਈ ਹੈ। ਸਿਆਸਤ ਵਿੱਚ ਬਹੁਤੀ ਵਾਰ ਸਿੱਧੂ ਦੇ ਆਕੜਖੋਰ ਹੋਣ ਦੀ ਤੋਹਮਤ ਵੀ ਲੱਗਦੀ ਰਹੀ ਹੈ। ਉਸ ‘ਤੇ ਹੰਕਾਰੀ ਹੋਣ ਦਾ ਟੈਗ ਵੀ ਲੱਗਦਾ ਹੈ। ਗੁਰੂ ਹਾਲੇ ਤੱਕ ਸਭ ਕੁੱਝ ਤੋਂ ਅਭਿੱਜ ਨਜ਼ਰ ਆ ਰਹੇ ਹਨ। ਸ਼ਾਇਦ ਉਨ੍ਹਾਂ ਦੇ ਸਲਾਹਕਾਰਾਂ ਨੇ ਵੀ ਅਸਲੀ ਤਸਵੀਰ ਪੇਸ਼ ਕਰਨ ਦੀ ਜਹਿਮਤ ਨਾ ਕੀਤੀ ਹੋਵੇ।

ਇੱਕ ਗੱਲ ਹੋਰ ਕਹਿਣ ਦੀ ਇਜਾਜਤ ਲੈ ਲਈਏ ਕਿ ਬਹੁਤੀ ਵਾਰ ਉਨ੍ਹਾਂ ਦੇ ਵਤੀਰੇ, ਸੁਭਾਅ, ਤਕਰੀਰ ਵਿੱਚੋਂ ਇੰਝ ਲੱਗਣ ਲੱਗ ਪੈਂਦਾ ਕਿ ਕਿਧਰੇ ਸਿਆਸਤ ਦੀ ਭੀੜ ਵਿੱਚ ਇਕੱਲੇ ਨਾ ਰਹਿ ਜਾਣ। ਸੱਚ ਬੋਲਣ ਵਾਲਾ ਬੰਦਾ ਇਕੱਲਾ ਪੈ ਜਾਂਦਾ ਰਿਹਾ ਹੈ। ਸ਼ਾਇਦ ਇਸੇ ਪੀੜ ਵਿੱਚੋਂ ਕਿਸੇ ਸ਼ਾਇਰ ਦੇ ਮੂੰਹੋਂ ਨਿਕਲਿਆ ਹੋਵੇ, “ਇੰਨਾ ਵੀ ਨਾ ਸੱਚ ਬੋਲ ਕਿ ਕੱਲਾ ਰਹਿ ਜਾਵੇ, ਰੱਖ ਲਾ ਦੋ ਚਾਰ ਬੰਦੇ ਮੋਢਾ ਦੇਣ ਨੂੰ”। ਜਿਸ ਮਕਸਦ ਨੂੰ ਲੈ ਕੇ ਗੁਰੂ ਜੀ ਸਿਆਸਤ ਵਿੱਚ ਆਏ ਹਨ, ਉਹਦੇ ਵਿੱਚ ਪਹਿਲਾ ਗੁਰ ਸਭ ਨੂੰ ਨਾਲ ਜੋੜ ਕੇ ਤੁਰਨ ਦਾ ਸਿਖਾਇਆ ਜਾਂਦਾ ਹੈ। ਇਹਦੇ ਬਿਨਾਂ ਗੁਜ਼ਾਰਾ ਵੀ ਨਹੀਂ। ਗੁਰੂ ਜੀ ਹਾਲੇ ਵੀ ਜੇ ਅਵੇਸਲੇ ਰਹੇ ਤਾਂ ਐਂ ਵੀ ਹੋ ਸਕਦਾ ਕਿ ਜਿਸ ਕੁਰਸੀ ਨੂੰ ਉਹ ਹੱਥ ਪਾਉਣ ਦੀ ਇੱਛਾ ਰੱਖਦੇ ਹਨ, ਉਹ ਹੋਰ ਪਰ੍ਹੇ ਖਿਸਕ ਜਾਵੇ।