Punjab Religion

ਦਿਲ ਕੰਬਦਾ ਏ, ਜੇ ਕਰੀਏ ਗੱਲਾਂ ਸਰਹੰਦ ਦੀਆਂ…

‘ਦ ਖ਼ਾਲਸ ਬਿਊਰੋ : ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਸਭਾ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ। ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ 28 ਦਸੰਬਰ ਨੂੰ ਪੈਣਗੇ।

ਗੁਰਦੁਆਰਾ ਠੰਢਾ ਬੁਰਜ ਦੇ ਸਾਹਮਣੇ ਟੋਡਰ ਮੱਲ ਦੀਵਾਨ ਹਾਲ ਵਿਚ 26 ਤੋਂ 29 ਦਸੰਬਰ ਤੱਕ ਲਗਾਤਾਰ ਦਿਨ-ਰਾਤ ਧਾਰਮਿਕ ਦੀਵਾਨ ਸਜਣਗੇ, 27 ਦਸੰਬਰ ਦੀ ਰਾਤ ਨੂੰ 9 ਵਜੇ ਕਵੀ ਸਮਾਗਮ ਹੋਵੇਗਾ ਅਤੇ 28 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ 12 ਵਜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਪੁੱਜੇਗਾ ਜਿੱਥੇ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਵੇਗੀ।

ਸੰਗਤ ਦੀ ਭਾਰੀ ਆਮਦ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਨੇ ਇੱਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪਹਿਲੀ ਵਾਰ ਡਰੋਨਾਂ ਰਾਹੀ ਨਿਗਰਾਨੀ ਕਰਨ ਦਾ ਫ਼ੈਸਲਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ 26 ਅਤੇ 27 ਦਸੰਬਰ ਨੂੰ ਜਥਾ ਰੰਧਾਵਾ ਦੇ ਮੁੱਖ ਸਥਾਨ ’ਤੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ 26 ਦਸੰਬਰ ਨੂੰ ਧਾਰਮਿਕ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤ ਦੀ ਸਹੂਲਤ ਲਈ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿਲ ਵੱਲੋਂ ਸ਼ਹੀਦੀ ਸਭਾ ਬਾਰੇ ਸੈਕਟਰ ਮੈਪ ਵੀ ਜਾਰੀ ਕੀਤਾ ਗਿਆ।