India Punjab

ਕਿਸਾਨ ਦੇ ਮੱਥੇ ‘ਤੇ ਫਿਕਰਾਂ ਦੀਆਂ ਲਕੀਰਾਂ ਹੋਈਆਂ ਗੂੜੀਆਂ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਦੋ ਦਿਨ ਪਈ ਭਰਵੀਂ ਬਾਰਿਸ਼ ਕਾਰਨ ਕਿਸਾਨਾਂ ਦੇ ਮੱਥੇ ‘ਤੇ ਫਿਕਰਾਂ ਦੀਆਂ ਲਕੀਰਾਂ ਗੂੜੀਆਂ ਹੋ ਗਈਆਂ ਹਨ। ਕਿਸਾਨ ਫਸਲ ਨੂੰ ਸਮੇਟਣ ਅਤੇ ਜਿਣਸ ਦੇ ਹੋਏ ਨੁਕਸਾਨ ਨੂੰ ਲੈ ਕੇ ਚਿੰਤਾ ਵਿੱਚ ਡੁੱਬ ਗਿਆ ਹੈ। ਇੱਕ ਜਾਣਕਾਰੀ ਅਨੁਸਾਰ ਝੋਨੇ ਦੀ ਫਸਲ ਦਾ 35 ਤੋਂ 40 ਫੀਸਦੀ ਨੁਕਸਾਨ ਹੋ ਸਕਦਾ ਹੈ। ਮੰਡੀਆਂ ਵਿੱਚ ਪਈ ਪੰਜ ਲੱਖ ਮੀਟਰਕ ਟਨ ਝੋਨਾ ਭਿੱਜ ਗਿਆ ਹੈ। ਅਧਿਕਾਰਤ ਤੌਰ ‘ਤੇ ਮਿਲੀ ਸੂਚਨਾ ਮੁਤਾਬਕ ਮੰਡੀਆਂ ਵਿੱਚ ਕੱਲ੍ਹ ਤੱਕ 80 ਲੱਖ ਮੀਟਰਕ ਟਨ ਝੋਨਾ ਪਹੁੰਚਿਆ ਸੀ ਜਿਸ ਵਿੱਚੋਂ ਹਾਲੇ 50 ਲੱਖ ਮੀਟਰਕ ਟਨ ਚੁੱਕਣ ਨੂੰ ਪਿਆ ਹੈ। ਪੰਜਾਬ ਸਰਕਾਰ ਨੇ ਨੁਕਸਾਨ ਨੂੰ ਵੇਖਦਿਆਂ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ।

ਸਰਹੱਦੀ ਖੇਤਰ ਵਿੱਚ ਖੜੀ ਫਸਲ ਦਾ ਵਧੇਰੇ ਨੁਕਸਾਨ ਹੋਇਆ ਹੈ। ਦੋ ਦਹਾਕਿਆਂ ਬਾਅਦ ਪੰਜਾਬ ਵਿੱਚ ਰਿਕਾਰਡ 108 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਹੋਈ ਹੈ, ਜਿਸ ਨਾਲ ਫਸਲ ਦੀ ਕਟਾਈ ਰੁਕ ਗਈ ਹੈ। ਮੰਡੀਆਂ ਵਿੱਚ ਜਿਣਸ ਦੀ ਬੋਲੀ ਬੰਦ ਹੋ ਗਈ ਹੈ। ਕਿਸਾਨ ਫਸਲ ਦੇ ਨੁਕਸਾਨ ਨੂੰ ਲੈ ਕੇ ਚਿੰਤਤ ਹੈ। ਮੀਂਹ ਦੇ ਨਾਲ ਤੇਜ਼ ਹਵਾ ਵਗਣ ਦੇ ਕਾਰਨ ਝੋਨੇ ਦੀ ਫਸਲ ਵਿਛ ਗਈ ਹੈ, ਜਿਸ ਨਾਲ ਕਟਾਈ ਮੁਸ਼ਕਿਲ ਤਾਂ ਹੋਵੇਗੀ ਹੀ, ਨਾਲ ਹੀ ਕਿਸਾਨ ਦਾ ਖਰਚਾ ਵੱਧ ਗਿਆ ਹੈ। ਕੰਬਾਈਨ ਦੇ ਨਾਲ ਸਿੱਟੇ ਸੰਭਾਲਣ ਲਈ ਲੇਬਰ ਦਾ ਬੰਦੋਬਸਤ ਕਰਨਾ ਪਵੇਗਾ। ਬਾਰਿਸ਼ ਕਾਰਨ ਨਮੀ ਦੀ ਮਾਤਰਾ ਵੱਧ ਗਈ ਹੈ, ਇਹੋ ਵਜ੍ਹਾ ਹੈ ਕਿ ਪਹਿਲਾਂ ਵੀ ਵਿਕਰੀ ਦੀ ਚਾਲ ਮੱਠੀ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਪਏ ਹਨ। ਇਸ ਵਾਰ ਆੜਤੀਏ 17 ਫੀਸਦੀ ਤੋਂ ਉੱਪਰ ਨਮੀ ਵਾਲਾ ਝੋਨਾ ਖਰੀਦਣ ਤੋਂ ਇਨਕਾਰੀ ਹਨ। ਪਿਛਲੇ ਸਾਲਾਂ ਦੌਰਾਨ 19 ਫੀਸਦੀ ਤੱਕ ਨਮੀ ਵਾਲਾ ਝੋਨਾ ਚੁੱਕ ਲਿਆ ਜਾਂਦਾ ਰਿਹਾ ਹੈ। ਪਤਾ ਲੱਗਾ ਹੈ ਕਿ ਬਾਰਿਸ਼ ਕਾਰਨ ਫਸਲ ਦੇ ਬਦਰੰਗ ਹੋਣ ਦਾ ਵੀ ਡਰ ਬਣ ਗਿਆ ਹੈ। ਇੱਕ ਵੱਖਰੀ ਜਾਣਕਾਰੀ ਅਨੁਸਾਰ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟ ਦਾ ਸੰਕਟ ਹੱਲ ਨਾ ਹੋਣ ਕਾਰਨ 80 ਲੱਖ ਮੀਟਰਕ ਟਨ ਵਿੱਚੋਂ 30 ਲੱਖ ਮੀਟਰਕ ਟਨ ਝੋਨਾ ਚੁੱਕਣ ਨੂੰ ਪਿਆ ਹੈ। ਪਿਛਲੇ ਸਾਲ ਕੱਲ੍ਹ ਤੱਕ ਇੱਕ ਲੱਖ ਮੀਟਰਕ ਟਨ ਝੋਨਾ ਮੰਡੀਆਂ ਵਿੱਚ ਆਇਆ ਸੀ ਜਿਸ ਵਿੱਚੋਂ 85 ਲੱਖ ਮੀਟਰਕ ਟਨ ਚੁੱਕਿਆ ਗਿਆ ਸੀ।

ਅੰਦਾਜ਼ੇ ਅਨੁਸਾਰ ਇਸ ਵਾਰ ਝੋਨੇ ਦਾ ਝਾੜ ਅਨੁਮਾਨ ਨਾਲੋਂ 25 ਲੱਖ ਮੀਟਰਕ ਟਨ ਦੇ ਕਰੀਬ ਘਟਣ ਦਾ ਡਰ ਬਣ ਗਿਆ ਹੈ। ਪਿਛਲੇ ਸਾਲ ਮੰਡੀਆਂ ਵਿੱਚ ਇੱਕ ਲੱਖ 71 ਹਜ਼ਾਰ ਮੀਟਰਕ ਟਨ ਝੋਨਾ ਆਇਆ ਸੀ, ਇਸ ਵਾਰ ਇਸ ਤੋਂ 21 ਲੱਖ ਮੀਟਰਕ ਟਨ ਵੱਧ ਆਮਦ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਇਸ ਵਾਰ ਇਹ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਮੀਂਹ ਨਾਲ ਸਰਦੀ ਵੀ ਅਗਾਊਂ ਸ਼ੁਰੂ ਹੋ ਗਈ ਹੈ, ਜਿਸ ਕਾਰਨ ਫਸਲ ਦੀ ਪਕਾਈ ਹੋਰ ਲੇਟ ਹੋ ਜਾਵੇਗੀ। ਮੌਸਮ ਵਿਭਾਗ ਦੇ ਦੱਸਣ ਅਨੁਸਾਰ ਉੱਤਰਾਖੰਡ ਵਿੱਚ ਸਭ ਤੋਂ ਵੱਧ ਆਮ ਨਾਲੋਂ 546 ਫੀਸਦੀ ਵੱਧ ਬਾਰਿਸ਼ ਹੋਈ ਹੈ। ਦਿੱਲੀ ਵਿੱਚ 234 ਫੀਸਦੀ ਅਤੇ ਹਰਿਆਣਾ ਵਿੱਚ 139 ਫੀਸਦੀ ਵੱਧ ਬਾਰਿਸ਼ ਹੋਈ ਦੱਸੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਨੁਕਸਾਨ ਦਾ ਅਸਲ ਪਤਾ ਤਾਂ ਗਿਰਦਾਵਰੀ ਤੋਂ ਬਾਅਦ ਲੱਗੇਗਾ। ਮੋਟੀ-ਮੋਟੀ ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਵਿੱਚ ਫਸਲ ਵਧੇਰੇ ਵਿਛੀ ਹੈ ਅਤੇ ਗੜੇ ਵੀ ਉੱਧਰ ਹੀ ਵਧੇਰੇ ਪਏ ਹਨ। ਦੱਸਣਯੋਗ ਹੈ ਕਿ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਤਾਂ ਦੇ ਦਿੱਤੇ ਹਨ ਪਰ ਇਸਨੂੰ ਸਮਾਂਬੱਧ ਨਹੀਂ ਕੀਤਾ ਗਿਆ ਅਤੇ ਨਾ ਹੀ ਮੁਆਵਜ਼ੇ ਦੀ ਰਕਮ ਬਾਰੇ ਕੁੱਝ ਕਿਹਾ ਗਿਆ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਿੰਨ ਹਫਤੇ ਪਹਿਲਾਂ ਮਾਲਵਾ ਖੇਤਰ ਵਿੱਚ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਬਾਰੇ ਗਿਰਦਾਵਰੀ ਕਰਾ ਕੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਜਿਹੜਾ ਕਿ ਹਾਲੇ ਤੱਕ ਵੀ ਅਮਲ ਵਿੱਚ ਨਹੀਂ ਆ ਸਕਿਆ। ਵਿਰੋਧੀ ਸਿਆਸੀ ਧਿਰਾਂ ਨੇ ਮੁਆਵਜ਼ੇ ਦੀ ਰਕਮ 30 ਹਜ਼ਾਰ ਪ੍ਰਤੀ ਏਕੜ ਦੇਣ ਦੀ ਮੰਗ ਕਰ ਦਿੱਤੀ ਹੈ।