‘ਦ ਖ਼ਾਲਸ ਬਿਊਰੋ : ਪਿਛਲੇ ਦੋ ਦਿਨਾਂ ਤੋਂ ਮੌਸਮ ਪਹਿਲਾਂ ਨਾਲੋਂ ਘੱਟ ਤਪ ਰਿਹਾ ਹੈ। ਬਾਵਜੂਦ ਇਸਦੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਆਮ ਲੋਕ ਤੜਫ ਰਹੇ ਹਨ। ਕਿਸਾਨ ਫ਼ਿਕਰਾਂ ਵਿੱਚ ਹੈ। ਸੰਨਿਅਤ ਨੂੰ ਜਿੰਦਰੇ ਮਾਰਨ ਦੀ ਨੋਬਤ ਆ ਪਈ ਹੈ ਅਤੇ ਮਜਦੂਰ ਵਿਹਲਾ ਹੋ ਕੇ ਘਰੀਂ ਬੈਠਣ ਲੱਗ ਗਿਆ ਹੈ। ਦੂਜੇ ਬੰਨੇ ਸੂਬੇ ਵਿੱਚ ਥਰਮਲ ਪਲਾਂਟਾ ਦੀ ਲੁਕਣ ਮੀਚੀ ਜਾਰੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਬਿਜਲੀ ਉਤਪਾਦਨ ਵਿੱਚ ਵਾਧੇ ਦੇ ਵਾਅਦੇ ਥੋਥੇ ਪੈ ਗਏ ਦਨ ਜਦੋਂ ਰੋਪੜ ਥਰਮਲ ਪਲਾਂਟ ਦਾ ਕੱਲ੍ਹ ਇੱਕ ਹੋਰ ਯੂਨਿਟ ਬੰਦ ਹੋ ਗਿਆ ਹੋ। ਉਸ ਤੋਂ ਵੀ ਵੱਧ ਸਿਤਮ ਦੀ ਗੱਲ ਇਹ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੀ ਸਾਲਾਨਾ ਮੁਰੰਮਤ ਤੋਂ ਬਾਅਦ ਵੀ ਯੂਨਿਟ ਨੰਬਰ ਪੰਜ ਡਿੱਪ ਕਰ ਗਿਆ ਹੈ। ਇਹਨੂੰ ਮੁੜ ਚਾਲੂ ਕਰਨ ਲਈ ਦੋ ਚਾਰ ਦਿਨ ਲੱਗਣ ਦੀ ਭਵਿੱਖਬਾਣੀ ਹੈ। ਇਹ ਯੂਨਿਟ ਬੰਦ ਹੋਣ ਨਾਲ 150 ਤੋਂ 160 ਮੈਗਾਵੈਟ ਬਿਜਲੀ ਪੈਦਾਵਾਰ ਘਟੀ ਹੈ।
ਤਲਵੰਡੀ ਸਾਬੋ ਥਰਮਲ ਪਲਾਂਟ ਦੇ 660 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ 270 ਮੈਗਾਵਾਟ ਦੇ ਦੋ ਯੂਨਿਟ ਪਹਿਲਾਂ ਤੋਂ ਨਹੀਂ ਚਲ ਰਹੇ ਹਨ। ਤਪਸ ਤੋਂ ਕੁਝ ਰਾਹਤ ਮਿਲਣ ਦੇ ਬਾਵਜੂਦ ਕੱਲ੍ਹ 1140 ਮੈਗਾਵਾਟ ਬਿਜਲੀ ਦੀ ਮੰਗ ਰਹੀ ਪਰ ਪਾਵਰ ਕੌਮ ਅੱਕੀਂ ਪਲਾਹੀਂ ਹੱਥ ਮਾਰਦਾ ਰਿਹਾ। ਮੰਗਲਵਾਰ ਨੂੰ ਪੰਜਾਬ ‘ਚ ਕਈ ਥਾਈਂ ਬਾਰਸ਼ ਨਾਲ ਗੜੇ ਵੀ ਪਏ ਹਨ। ਉਸ ਤੋਂ ਬਾਅਦ ਬਿਜਲੀ ਦੀ ਮੰਗ ਘਟ ਕੇ ਦਸ ਹਜ਼ਾਰ ਮੈਗਾਵਾਟ ਰਹਿ ਗਈ ਸੀ। ਇਸ ਦੇ ਮੁਕਾਬਲੇ ਰੋਪੜ ਅਤੇ ਲਹਿਰਾ ਮਹੱਬਤਾ ਥਰਮਲ ਪਲਾਂਟ ਤੋਂ 1350 ਮੈਗਾਵਾਟ, ਤਲਵਾੜਾ ਰਾਜਪੁਰਾ ਤੇ ਗੋਇੰਦਵਾਲ ਤੋਂ 2740 ਮੈਗਾਵਾਟ ਅਤੇ ਹਾਈਡਲ ਪ੍ਰੋਜੈਕਟਾਂ ਸਮੇਤ ਹੋਰ ਸਰੋਤਾਂ ਤੋਂ 4550 ਮੈਗਾਵਾਟ ਬਿਜਲੀ ਪ੍ਰਾਪਤ ਹੋਈ ਹੈ। ਪਾਵਰ ਕੌਮ ਨੇ ਸੂਬੇ ਵਿ4ਚ ਬਿਜਲੀ ਦੀ ਮੰਗ ਪੂਰੀ ਕਰਨ ਲਈ 4100 ਮੈਗਾਵਾਟ ਦੀ ਬਿਜਲੀ ਦੀ ਖਰੀਦ ਕੀਤੀ ਗਈ ਜਿਹੜੀ ਕਿ 10 ਰੁਪਏ 70 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲੀ ਹੈ। ਬਾਵਜੂਦ ਇਹਦੇ ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ 1350 ਮੈਗਾਵਾਟ ਦਾ ਫਰਕ ਰਹਿ ਗਿਆ ਜਿਸ ਕਰਕੇ ਬਿਜਲੀ ਦੇ ਕੱਟ ਲਾਉਣੇ ਪਏ। ਦੂਜੇ ਬੰਨੇ ਕੇਂਦਰ ਨੇ ਬਿਜਲੀ ਉਤਪਾਦਨ ਕੰਪਨੀਆਂ ਨੂੰ 30 ਜੂਨ ਤੱਕ 190 ਲੱਖ ਟਨ ਕੋਲਾ ਬਾਹਰੋਂ ਮੰਗਵਾਉਣ ਲਈ ਕਿਹਾ ਹੈ। ਸਰਕਾਰ ਨੇ ਇਸ ਸਾਲ ਦੇ ਅੰਤ ਤੱਕ 379 ਲੱਖ ਟਨ ਕੋਲਾ ਮੰਗਵਾਉਣ ਦਾ ਟਿੱਚਾ ਮਿੱਥਿਆ ਹੈ ਪਰ ਬਿਜਲੀ ਕੰਪਨੀਆਂ ਇਸਦੇ ਪਾਬੰਦ ਨਹੀਂ ਹਨ।
ਇਹ ਪਤਾ ਲਗਾ ਹੈ ਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਸੰਕਟ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਨਾਲ 10 ਮਈ ਨੂੰ ਮੀਟਿੰਗ ਰੱਖ ਲਈ ਹੈ। ਮੀਟਿੰਗ ਵਿੱਚ 22 ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੀਆਂ। ਸਰਕਾਰ ਦੀ ਤਰਫੋਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਸ਼ਾਮਲ ਹੋਣਾ ਤੈਅ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋ ਸਕਦੇ ਹਨ। ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜ ਦਿੱਤੇ ਹਨ। ਕਿਸਾਨ ਨੇਤਾ ਖੇਤੀ ਖੇਤਰ ਲਈ ਅੱਠ ਘੰਟੇ ਅਤੇ ਘਰਾਂ ਲਈ 24 ਘੰਟਾ ਬਿਜਲੀ ਦੀ ਸਪਲਾਈ ਦਾ ਮੰਗ ਕਰ ਰਹੇ ਹਨ। ਕਿਸਾਨਾ ਵੱਲੋਂ ਮੀਟਿੰਗ ਵਿੱਚ ਟਿਊਬਵੈਲਾਂ ਦੇ ਨਵੇਂ ਕੁਨੈਕਸ਼ਨਾਂ ਵਿੱਚ ਕੀਤੀ ਜਾ ਰਹੀ ਦੇਰੀ ਦਾ ਮਾਮਲਾ ਵੀ ਉਠਾਇਆ ਜਾਵੇਗਾ। ਕਿਸਾਨਾ ਵੱਲੋਂ ਨਵਾਂ ਬਿਜਲੀ ਕੁਨੈਕਸ਼ਨਾਂ ਲਈ ਕਈ ਸਾਲ ਅਪਲਾਈ ਕੀਤਾ ਗਿਆ ਸੀ ਪਰ ਹਾਲੇ ਤੱਕ ਕੁਨੈਕਸ਼ਨ ਨਹੀਂ ਦਿੱਤੇ ਗਏ ਹਨ। ਬਿਜਲੀ ਮੰਤਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਕੋਲੇ ਦੇ ਸੰਕਟ ਨਾਲ ਪੂਰਾ ਦੇਸ਼ ਜੂਝ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਬਿਜਲੀ ਦੀ ਸੰਕਟ ਦੂਜੇ ਸੂਬਿਆਂ ਜਿਨਾਂ ਗੰਭੀਰ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਪਿੰਡ ਸਤੌਜ ਦੀ ਫੇਰੀ ਦੌਰਾਨ ਬਿਜਲੀ ਅਤੇ ਪਾਣੀ ਦੇ ਸੰਕਟ ਦੇ ਹੱਲ ਲਈ ਝੋਨੇ ਦੀ ਸਿੱਧੀ ਬਜਾਈ ਲਈ ਪ੍ਰੇਰਿਆ ਹੈ। ਉਨ੍ਹਾਂ ਦੀ ਕਹਿਣਾ ਸੀ ਕਿ ਪਹਿਲੇ ਹੱਲੇ ਦੌਰਾਨ 12 ਲੱਖ ਹੈਕਟੇਅਰ ਏਕੜ ਵਿੱਚ ਝੋਨੇ ਦਾ ਸਿੱਧੀ ਬਿਜਾਈ ਕੀਤੀ ਜਾਵੇ ਅਤੇ ਰਹਿੰਦੇ 23 ਲੱਖ ਹੈਕਟੇਅਰ ਵਿੱਚ ਝੋਨੇ ਦੀ ਲੁਆਈ ਹੋਵੇ। ਅੰਕੜੇ ਦੱਸਦੇ ਹਨ ਕਿ ਮੁੱਖ ਮੰਤਰੀ ਦੀ ਇੱਛਾ ਅਨੁਸਾਰ ਜੇ ਝੋਨੇ ਦੀ ਸਿੱਧੀ ਬਿਜਾਈ ਅਤੇ ਲੁਆਈ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਇੱਕ ਸੀਜ਼ਨ ਵਿੱਚ 20 ਹਜ਼ਾਰ ਮੈਗਾਵਾਟ ਬਿਜਲੀ ਅਤੇ 20 ਫੀਸਦੀ ਪਾਣੀ ਦੀ ਬਚਤ ਹੋਣ ਲੱਗੇਗਾ। ਪੰਜਾਬ ਵਿੱਚ ਖੇਤੀ ਖੇਤਰ ਦੇ 12 ਲੱਖ ਟਿਊਬਵੈਲ ਹਨ ਅਤੇ ਇਹ ਦੋ ਹਜ਼ਾਰ ਲੋਡ ਲੈ ਰਹੇ ਹਨ। ਪੰਜਾਬ ਦਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦਾ ਤੁਜ਼ਰਬਾ ਕਰੋਨਾ ਕਾਲ ਦੌਰਾਨ ਕਰ ਚੁੱਕਾ ਹੈ। ਉਦੋਂ ਕਿਸਾਨ ਨੇ ਮਜ਼ਦੂਰਾਂ ਦੀ ਕਿੱਲਤ ਨੂੰ ਦੇਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ‘ਤੇ ਸਿੱਧੀ ਬਿਜਾਈ ਕੀਤੀ ਪਰ ਮਹਿੰਗੇ ਭਾਅ ਦਾ ਲਿਆ ਬੀਜ ਨਕਲੀ ਨਿਕਲਿਆ ਅਤੇ ਕਿਸਾਨ ਨੂੰ ਲੈਣੇ ਦੇ ਦੇਣੇ ਪੈ ਗਏ ਸਨ। ਸਰਕਾਰ ਨੂੰ ਕਿਸਾਨਾ ਨੂੰ ਝੋਨੇ ਦੀ ਫਸਲ ਦੇ ਬਦਲਵੇਂ ਰਾਹ ਦਿਖਾਉਣ ਤੋਂ ਪਹਿਲਾਂ ਰਸਤਿਆਂ ਵਿੱਚ ਪਏ ਕੰਡੇ ਚੁਗ ਲੈਣੇ ਚਾਹੀਦੇ ਹਨ। ਨਹੀਂ ਤਾਂ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੁੰਦਾ ਰਹੇਗਾ।