ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ (ਸੁਰਿੰਦਰ ਸਿੰਘ) ਇੱਕ ਵੇਲਾ ਸੀ ਜਦੋਂ ਬਾਦਲ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ਼ ਅਤੇ ਪੰਜਾਬ ਦੀ ਸਿਆਸਤ ਤੇ ਪੂਰਾ ਦਬਦਬਾ ਸੀ । ਭਲੇ ਸਮਿਆਂ ਵਿੱਚ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਕੌਮੀ ਰਾਜਨੀਤੀ ਵਿੱਚ ਵੀ ਪੂਰੀ ਪੁੱਗਦੀ ਰਹੀ ਹੈ । ਵੱਡੇ ਬਾਦਲ ਦੀ ਉਮਰ ਹੀ ਨਹੀ ਢਲੀ, ਪਰਿਵਾਰ ਦੀ ਪਾਰਟੀ ਅਤੇ ਸਿਆਸਤ ਉੱਤੇ ਪਕੜ ਵੀ ਢਿੱਲੀ ਹੋਈ ਹੈ । ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਘਟ ਕਰਨ ਤੋਂ ਪਹਿਲਾਂ ਆਪਣੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਿਆਸਤ ਅਤੇ ਸਰਕਾਰ ਵਿੱਚ ਚਮਕਾਉਣ ਲਈ ਪੂਰੀ ਵਾਹ ਲਾਈ । ਪਰ ਉਹ ਬਾਪੂ ਤੋਂ ਹੱਟਵੀ ਸਿਆਸਤ ਕਰਨ ਦੇ ਹਾਮੀ ਰਹੇ ਹਨ । ਸ਼ਾਇਦ ਉਨ੍ਹਾਂ ਨੂੰ ਇਹ ਇਲਮ ਨਹੀ ਸੀ ਕਿ ਸਰਦਾਰੀਆਂ ਸਦਾ ਨਹੀ ਰਹਿੰਦੀਆਂ । ਸਰਦਾਰੀ ਚਮਕਾਉਣ ਨਾਲੋਂ ਸੰਭਾਲਣੀ ਵਧੇਰੇ ਔਖੀ ਹੁੰਦੀ ਹੈ । ਜਿਹਦੇ ਵਿੱਚੋ ਉਹ ਹਾਲੇ ਤੱਕ ਪਾਸ ਮਾਰਕਸ ਨਹੀ ਲੈ ਸਕੇ ਹਨ ।
ਸ਼੍ਰੋਮਣੀ ਅਕਾਲੀ ਦਲ਼ ਦੀ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਹਾਰ ਨੇ ਸੁਖਬੀਰ ਸਿੰਘ ਬਾਦਲ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ । ਬਾਦਲ ਵੱਲੋਂ ਪ੍ਰਧਾਨ ਦੀ ਹੈਸੀਅਤ ਵਿੱਚ ਹਾਰ ਦਾ ਮੰਥਨ ਕਰਨ ਲਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਬਣਾਈ 13 ਮੈਂਬਰੀ ਕਮੇਟੀ ਦੀ ਰਿਪੋਰਟ ਪੁੱਠੀ ਪੈ ਗਈ ਹੈ । ਕਮੇਟੀ ਨੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਸ਼ਿਫਾਰਸ਼ ਕਰ ਦਿੱਤੀ ਸੀ । ਬਾਦਲਾਂ ਦੇ ਖਾਸੋ- ਖਾਸ ਅਤੇ ਦਲ਼ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਸੀਨੀਅਰ ਲੀਡਰਸ਼ਿਪ ਨੂੰ ਕਮੇਟੀ ਦੀਆਂ ਸ਼ਿਫਾਰਸ਼ਾ ਦੇ ਅਰਥ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ , ਪਰ ਪੈਰ ਨਹੀ ਲੱਗੇ ।
ਮੁਲਕ ਦੇ ਰਾਸ਼ਟਰਪਤੀ ਦੀ ਚੋਣ ਲਈ ਜਦੋਂ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਬਗੈਰ ਸ਼ਰਤ ਹਮਾਇਤ ਦੇਣੀ ਮੰਨ ਲਈ ਤਾਂ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬਗਾਵਤ ਦਾ ਝੰਡਾ ਚੁੱਕ ਲਿਆ । ਉਸ ਤੋਂ ਪਹਿਲਾਂ ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਝੂੰਦਾ ਕਮੇਟੀ ਦੀਆਂ ਸ਼ਿਫਾਰਸ਼ਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਦਿੱਤਾ ਸੀ । ਸਾਬਕਾ ਮੰਤਰੀ ਅਤੇ ਸੁਖਬੀਰ ਸਿੰਘ ਦੇ ਨਜਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਹਨ , ਇੱਕ ਵਾਰ ਬਗਾਵਤ ਦਬਾਅ ਦੇਣ ਦੇ ਅੰਦਾਜੇ ਲੱਗਣ ਲੱਗ ਪਏ ਸਨ । ਅਕਾਲੀ ਦਲ਼ ਦੇ ਅੰਦਰਲੇ ਸੂਤਰਾਂ ਦੀ ਸੂਚਨਾ ਹੈ ਕਿ ਤਬਦੀਲੀ ਦੇ ਹੱਕ ਵਿੱਚ ਡਟੀ ਲੀਡਰਸ਼ਿਪ ਨੇ ਕੱਲ ਮਨਪ੍ਰੀਤ ਸਿੰਘ ਇਯਾਲੀ ਦੇ ਘਰ ਇੱਕ ਮੀਟਿੰਗ ਕਰ ਕੇ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਭੇ ਕਰਨ ਦਾ ਮੁੱਦਾ ਅੱਗੇ ਤੋਰਿਆ ਹੈ । ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਲੋਕ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਜਗਮੀਤ ਸਿੰਘ ਬਰਾੜ ਅਤੇ ਸੰਤਾ ਸਿੰਘ ਊਮੈਦਪੁਰੀ ਸਮੇਤ 14 ਆਗੂਆਂ ਨੇ ਹਿੱਸਾ ਲਿਆ । ਮੀਟਿੰਗ ਦੀ ਚਾਹੇ ਪੂਰੀ ਕਾਰਵਾਈ ਦੀ ਕੰਨਸੋਅ ਨਹੀ ਪੈ ਸਕੀ ਪਰ ਬਾਦਲ ਵੱਲੋਂ ਪ੍ਰਧਾਨ ਦੀ ਹੈਸੀਅਤ ਵਿੱਚ ਵਰਕਿੰਗ ਕਮੇਟੀ ਅਤੇ ਦਲ਼ ਦੇ ਸਾਰੇ ਵਿੰਗਾਂ ਨੂੰ ਭੰਗ ਕਰਨ ਨੂੰ ਗੈਰਕਾਨੂੰਨੀ ਦੱਸਿਆ ਗਿਆ ਹੈ । ਮੈਂਬਰਾਂ ਦਾ ਕਹਿਣਾ ਸੀ ਕਿ ਪ੍ਰਧਾਨ ਨੇ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਫੈਸਲਾ ਲਿਆ ਹੈ ।
ਸੂਤਰ ਦਾਅਵਾ ਕਰਦੇ ਹਨ ਕਿ ਮੀਟਿੰਗ ਵਿੱਚ ਸ਼ਾਮਿਲ ਤਬਦੀਲੀ ਦੇ ਹਮਾਇਤੀਆਂ ਵੱਲੋਂ ਪ੍ਰਧਾਨ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਉੱਤੇ ਵੀ ਵਿਚਾਰ ਕੀਤਾ ਗਿਆ । ਅਕਾਲੀ ਦਲ਼ ਦੇ ਦੋ ਸੰਵਿਧਾਨਾਂ ਦੇ ਮੁੱਦੇ ਤੇ ਬਾਦਲ ਪਹਿਲਾਂ ਹੀ ਅਦਾਲਤਾਂ ਦੇ ਗੇੜੇ ਕੱਟ ਰਹੇ ਹਨ ।