Punjab

ਖ਼ਾਸ ਰਿਪੋਰਟ-ਕੀ ਸੱਚੀਂ ਜੈਵਿਕ ਖੇਤੀ ਵਰਦਾਨ ਹੈ ਕਿਸਾਨਾਂ ਲਈ

ਜਗਜੀਵਨ ਮੀਤ
ਖੇਤੀ ਕਾਨੂੰਨਾਂ ਦੇ ਨਾਲ ਜੋ ਸਿਆਸਤ ਤੇ ਕਿਸਾਨਾਂ ਦੇ ਵਿਰੋਧ ਦਾ ਮੁੰਢ ਬੱਝਾ ਹੈ, ਉਸ ਨਾਲ ਕਈ ਚੀਜਾਂ ਖੁੱਲ੍ਹ ਕੇ ਸਾਹਮਣੇ ਆਈਆਂ ਹਨ। ਇਹ ਗੱਲ ਬਾਰ ਬਾਰ ਸਾਹਮਣੇ ਆਈ ਹੈ ਕਿ ਸਿਆਸਤ ਖੇਤਾਂ ਨੂੰ ਖਾ ਜਾਵੇਗੀ। ਕਾਰਪੋਰੇਟ ਦੈਂਤ ਵਾਂਗ ਦਿਸਣ ਲੱਗਾ ਹੈ। ਤੇ ਜੇ ਕਿਤੇ ਖੇਤਾਂ ਤੋਂ ਉਪਜੀਆਂ ਚੀਜਾਂ ਦੇ ਰੇਟ ਦੁਕਾਨਾਂ ਤੋਂ ਜਾ ਕੇ ਕੋਈ ਪਤਾ ਕਰਦਾ ਹੈ ਤਾਂ ਇਹ ਗੱਲ ਕਿਤੇ ਨਾ ਕਿਤੇ ਸੱਚੀ ਵੀ ਦਿਸਦੀ ਹੈ। ਇਸ ਸਾਰੇ ਦਰਮਿਆਨ ਸਰਕਾਰ ਇਸ ਗੱਲ ਉੱਤੇ ਜੋਰ ਦੇ ਰਹੀ ਹੈ ਕਿ ਕਿਸਾਨ ਖੇਤੀ ਦੇ ਪੁਰਾਣੇ ਢੰਗ ਤਰੀਕੇ ਹੁਣ ਛੱਡੇ ਦੇਣ।

ਤਾਜਾ ਮੀਡੀਆ ਰਿਪੋਰਟ ਅਨੁਸਾਰ ਜੈਵਿਕ ਖੇਤੀ ‘ਤੇ ਰਾਸ਼ਟਰੀ ਸੰਮੇਲਨ ਦੌਰਾਨ PM ਮੋਦੀ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਦਾ ਸੱਦਾ ਦਿੱਤਾ ਹੈ। ਇਸ ਦੇ ਸਾਰੇ ਪੱਖ ਜਾਨਣੇ ਤਕਰੀਬਨ ਹਰੇਕ ਕਿਸਾਨ ਲਈ ਜਰੂਰੀ ਹਨ।ਪੀਐਮ ਦਾ ਕਹਿਣਾ ਹੈ ਕਿ ਬੇਸ਼ੱਕ ਹਰੀ ਕ੍ਰਾਂਤੀ ‘ਚ ਰਸਾਇਣਾਂ ਅਤੇ ਖਾਦਾਂ ਨੇ ਅਹਿਮ ਭੂਮਿਕਾ ਨਿਭਾਈ ਸੀ, ਪਰ ਹੁਣ ਸਮਾਂ ਆ ਗਿਆ ਹੈ ਕਿ ਖੇਤੀ ਨੂੰ ਕੁਦਰਤ ਦੀ ਪ੍ਰਯੋਗਸ਼ਾਲਾ ਦੇ ਨਾਲ ਜੋੜਿਆ ਜਾਵੇ ਅਤੇ ਇਸ ਦਿਸ਼ਾ ‘ਚ ਵਿਗਿਆਨ ਨਾਲ ਜੁੜੇ ਪੁਰਾਤਨ ਗਿਆਨ ਦੀ ਹੀ ਲੋੜ ਨਹੀਂ। ਪਰ ਇਸ ਨੂੰ ਆਧੁਨਿਕ ਸਮੇਂ ਅਨੁਸਾਰ ਪਾਲਿਸ਼ ਕਰਨ ਦੀ ਵੀ ਲੋੜ ਹੈ। ਇੱਥੇ ਵੀਡੀਓ ਕਾਨਫਰੰਸ ਰਾਹੀਂ ਕੁਦਰਤੀ ਖੇਤੀ ‘ਤੇ ਆਯੋਜਿਤ ਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਸ ਦਿਸ਼ਾ ‘ਚ ਨਵੀਂ ਖੋਜ ਕਰਨੀ ਪਵੇਗੀ ਅਤੇ ਪੁਰਾਤਨ ਗਿਆਨ ਨੂੰ ਆਧੁਨਿਕ ਵਿਗਿਆਨਕ ਖੇਤੀ ‘ਚ ਬਦਲਣਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਛੋਟੇ ਕਿਸਾਨਾਂ ਨੂੰ ਕੁਦਰਤੀ ਖੇਤੀ ਦਾ ਵੱਧ ਤੋਂ ਵੱਧ ਲਾਭ ਮਿਲੇਗਾ ਅਤੇ ਜੇਕਰ ਉਹ ਕੁਦਰਤੀ ਖੇਤੀ ਵੱਲ ਮੁੜਦੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਸਮੂਹ ਰਾਜਾਂ ਨੂੰ ਕੁਦਰਤੀ ਖੇਤੀ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘ਖੇਤੀ ਦੇ ਵੱਖ-ਵੱਖ ਪਹਿਲੂ ਹੋਣ, ਫੂਡ ਪ੍ਰੋਸੈਸਿੰਗ ਹੋਵੇ ਜਾਂ ਕੁਦਰਤੀ ਖੇਤੀ, ਇਹ ਵਿਸ਼ਾ 21ਵੀਂ ਸਦੀ ਵਿੱਚ ਭਾਰਤੀ ਖੇਤੀ ਨੂੰ ਬਦਲਣ ਵਿੱਚ ਬਹੁਤ ਅੱਗੇ ਜਾਵੇਗਾ। ਅਜ਼ਾਦੀ ਦੇ ਅੰਮ੍ਰਿਤਮਈ ਤਿਉਹਾਰ ਵਿੱਚ, ਅੱਜ ਅਤੀਤ ਵੱਲ ਝਾਤੀ ਮਾਰਨ ਅਤੇ ਉਨ੍ਹਾਂ ਦੇ ਤਜ਼ਰਬਿਆਂ ਤੋਂ ਸਿੱਖ ਕੇ ਨਵੇਂ ਰਾਹ ਬਣਾਉਣ ਦਾ ਵੀ ਸਮਾਂ ਹੈ।

ਹੁਣ ਇਹ ਸਮਝਣ ਦੀ ਲੋੜ ਹੈ ਕਿ ਆਖਿਰ ਕੁਦਰਤੀ ਖੇਤੀ ਕਿਵੇਂ ਤੇ ਕਿਸ ਪੱਧਰ ਤੱਕ ਕਿਸਾਨਾਂ ਲਈ ਲਾਹੇਵੰਦ ਹੈ। ਜੇਕਰ ਬੀਤੇ ਪੰਜ ਦਹਾਕਿਆਂ ਦੀ ਗੱਲ ਕਰੀਏ ਤਾਂ ਅਨਾਜ ਸੁਰੱਖਿਆ ਦੇ ਟੀਚੇ ਨੂੰ ਸਫਲਤਾਪੂਰਵਕ ਹਾਸਲ ਕਰਨ ਤੋਂ ਬਾਅਦ ਹੁਣ ਇਹ ਸਮਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਰਤ ਆਪਣੀ ਖੇਤੀ ਨੂੰ ਪੌਣ-ਪਾਣੀ ਦੇ ਮਾਫ਼ਕ ਬਣਾਉਣ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿਚ ਨਿਰੰਤਰ ਵਾਧਾ ਕਰੇ।

ਕੀਟਨਾਸ਼ਕਾਂ ਦਾ ਲੋੜੋਂ ਵੱਧ ਇਸਤੇਮਾਲ

ਇਸੇ ਤਰ੍ਹਾਂ ਹਰੀ ਕ੍ਰਾਂਤੀ ਕਾਰਨ ਦੇਸ਼ ਨੂੰ ਬੇਸ਼ੱਕ ਖੁਰਾਕੀ ਸੁਰੱਖਿਆ ਹਾਸਲ ਹੋਈ ਹੈ ਪਰ ਇਸ ਨਾਲ ਰਸਾਇਣਕ ਖਾਦਾਂ, ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੇ ਲੋੜੋਂ ਵੱਧ ਇਸਤੇਮਾਲ ’ਤੇ ਨਿਰਭਰਤਾ ਵੀ ਵਧੀ ਹੈ। ਇਸਦੇ ਨਤੀਜੇ ਵਜੋਂ ਲੰਘੇ ਕੁਝ ਸਾਲਾਂ ਵਿਚ ਮਿੱਟੀ ਜੈਵਿਕ ਕਾਰਬਨ (ਐੱਸਓਸੀ) ਦੀ ਮਾਤਰਾ ਵਿਚ ਭਾਰੀ ਕਮੀ ਦਰਜ ਕੀਤੀ ਗਈ ਹੈ। ਮਿੱਟੀ ਵਿਗਿਆਨ ਸੰਸਥਾ, ਭੋਪਾਲ ਮੁਤਾਬਕ ਮਿੱਟੀ ਵਿਚ ਐੱਸਓਸੀ ਦੀ ਮਾਤਰਾ 1947 ਵਿਚ 2.5% ਤਕ ਮੌਜੂਦ ਸੀ।
ਇਕ ਪੰਜਾਬੀ ਦੈਨਿਕ ਦੀ ਮੀਡੀਆ ਰਿਪੋਰਟ ਅਨੁਸਾਰ ਹੁਣ ਇਹ ਦੇਸ਼ ਭਰ ਵਿਚ ਔਸਤਨ 0.4% ਦੇ ਚਿੰਤਾਜਨਕ ਪੱਧਰ ’ਤੇ ਆ ਗਈ ਹੈ ਜੋ ਭੂਮੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਜ਼ਰੂਰੀ 1.0-1.5% ਦੀ ਪ੍ਰਵਾਨਸ਼ੁਦਾ ਹੱਦ ਤੋਂ ਕਾਫ਼ੀ ਘੱਟ ਹੈ। ਇਸ ਦੇ ਲਈ ਖਾਦ ਦੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜੋ 1969 ਵਿਚ 12.4 ਕਿ. ਗ੍ਰਾ. ਪ੍ਰਤੀ ਹੈਕਟੇਅਰ ਤੋਂ ਵਧ ਕੇ 2018 ਵਿਚ 175 ਕਿ. ਗ੍ਰਾ. ਪ੍ਰਤੀ ਹੈਕਟੇਅਰ ਹੋ ਗਈ ਹੈ। ਇਸ ਦੇ ਇਲਾਵਾ ਔਸਤ ਖੇਤ ਦਾ ਆਕਾਰ 1970-71 ਵਿਚ 2.28 ਹੈਕਟੇਅਰ ਤੋਂ ਘੱਟ ਹੋ ਕੇ 2015-16 ਵਿਚ 1.08 ਹੈਕਟੇਅਰ ਹੋ ਗਿਆ ਹੈ।

ਇਸੇ ਤਰ੍ਹਾਂ ਛੋਟੇ ਆਕਾਰ ਦੇ ਖੇਤ ਮਸ਼ੀਨੀਕਰਨ ਦੇ ਅਨੁਕੂਲ ਨਹੀਂ ਹੁੰਦੇ ਅਤੇ ਇਸ ਲਈ ਵੱਡੇ ਆਕਾਰ ਦੀ ਤੁਲਨਾ ਵਿਚ ਘੱਟ ਉਤਪਾਦਿਕਤਾ ਪ੍ਰਦਰਸ਼ਿਤ ਕਰਦੇ ਹਨ। ਮਿੱਟੀ ਦੀ ਉਪਜਾਊ ਸ਼ਕਤੀ ਵਿਚ ਗਿਰਾਵਟ ਅਤੇ ਛੋਟੇ ਅਤੇ ਸਰਹੱਦੀ ਖੇਤਾਂ ਦੀ ਪ੍ਰਧਾਨਤਾ ਦੀ ਵਜ੍ਹਾ ਕਾਰਨ ਖੇਤੀ ਦੇ ਸਨਅਤੀ ਮਾਡਲ ਨੂੰ ਭਾਰਤ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ ਹੈ ਜਿਹੋ ਜਿਹਾ ਵਿਕਸਤ ਅਰਥਚਾਰਿਆਂ ਵਿਚ ਲਾਗੂ ਹੈ।

ਧਰਤੀ ਹੇਠਲੇ ਪਾਣੀ ਦਾ ਪੱਧਰ

ਅੱਜ ਭਾਰਤੀ ਖੇਤੀ ਵਿਚ 89% ਧਰਤੀ ਹੇਠਲੇ ਪਾਣੀ ਦਾ ਇਸਤੇਮਾਲ ਹੁੰਦਾ ਹੈ। ਭਾਰਤ ਦੀ ਪਛਾਣ ਪਾਣੀ ਦੀ ਕਮੀ ਵਾਲੇ ਦੇਸ਼ ਦੇ ਰੂਪ ਵਿਚ ਕੀਤੀ ਜਾਂਦੀ ਹੈ। ਦੇਸ਼ ਵਿਚ ਪ੍ਰਤੀ ਵਿਅਕਤੀ ਜਲ-ਉਪਲਬਧਤਾ 1951 ਵਿਚ 5178 ਘਣ ਮੀਟਰ ਸੀ ਜੋ 2011 ਵਿਚ 1544 ਘਣ ਮੀਟਰ ਰਹਿ ਗਈ ਹੈ। ਸੰਨ 2050 ਤਕ ਪ੍ਰਤੀ ਵਿਅਕਤੀ ਜਲ-ਉਪਲਬਧਤਾ ਘੱਟ ਹੋ ਕੇ 1140 ਘਣ ਮੀਟਰ ਰਹਿਣ ਦਾ ਅਨੁਮਾਨ ਹੈ। ਆਰਥਿਕ ਸਰਵੇਖਣ 2019 ਵਿਚ ਸੁਝਾਅ ਦਿੱਤਾ ਗਿਆ ਸੀ ਕਿ ਭੂਮੀ ਦੀ ਉਤਪਾਦਿਕਤਾ ਦੇ ਸਥਾਨ ’ਤੇ ਪਾਣੀ ਦੀ ਸੰਭਾਲ ਦੇ ਉਪਾਵਾਂ ਜ਼ਰੀਏ ਸਿੰਚਾਈ ਜਲ ਉਤਪਾਦਿਕਤਾ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਕੁਦਰਤੀ ਖੇਤੀ ਇਕ ਸੰਭਾਵੀ ਵਿਵਹਾਰਕ ਤਰੀਕੇ ਦੇ ਤੌਰ ’ਤੇ ਉੱਭਰੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਦਰਤੀ ਖੇਤੀ ਸਾਰੇ ਬਾਹਰਲੇ ਤੱਤਾਂ ਦੇ ਇਸਤੇਮਾਲ ਨੂੰ ਨਕਾਰਦੀ ਹੈ ਅਤੇ ਪੂਰੀ ਤਰ੍ਹਾਂ ਮਿੱਟੀ ਦੀ ਸੂਖਮ ਜੀਵ ਆਧਾਰਿਤ ਜੈਵ ਵਿਭਿੰਨਤਾ ਦੀ ਮਜ਼ਬੂਤੀ ਅਤੇ ਫ਼ਸਲ ਪ੍ਰਣਾਲੀ ਨਾਲ ਸਬੰਧਤ ਪ੍ਰਬੰਧਨ ’ਤੇ ਨਿਰਭਰ ਕਰਦੀ ਹੈ। ਵਰਤਮਾਨ ਵਿਚ ਆਂਧਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਕੁਦਰਤੀ ਖੇਤੀ ਨੂੰ ਹੱਲਾਸ਼ੇਰੀ ਦੇਣ ਦੇ ਮਾਮਲੇ ਵਿਚ ਅੱਵਲ ਸੂਬੇ ਹਨ। ਆਂਧਰ ਪ੍ਰਦੇਸ਼ ਨੇ 2024 ਤਕ ਕੁਦਰਤੀ ਖੇਤੀ ਨੂੰ 60 ਲੱਖ ਤੋਂ ਜ਼ਿਆਦਾ ਕਿਸਾਨਾਂ ਤਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਇੱਥੇ ਕੁਦਰਤੀ ਖੇਤੀ ਤਹਿਤ ਪੰਜ ਫ਼ਸਲਾਂ (ਝੋਨਾ, ਮੂੰਗਫਲੀ, ਕਾਲੇ ਛੋਲੇ, ਮੱਕੀ ਅਤੇ ਮਿਰਚ) ਦੀ ਪੈਦਾਵਾਰ ਵਿਚ 8% ਤੋਂ ਲੈ ਕੇ 32 ਫ਼ੀਸਦੀ ਤਕ ਦਾ ਵਾਧਾ ਹੋਇਆ ਹੈ। ਸੈਂਟਰ ਫਾਰ ਸਟੱਡੀ ਆਫ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ ਦੁਆਰਾ ਆਂਧਰ ਪ੍ਰਦੇਸ਼ ਵਿਚ ਕੀਤੇ ਗਏ ਅਧਿਐਨ ਵਿਚ ਦੇਖਿਆ ਗਿਆ ਕਿ ਰਵਾਇਤੀ ਖੇਤੀ ਨੂੰ ਛੱਡ ਕੇ ਕੁਦਰਤੀ ਖੇਤੀ ਨੂੰ ਅਪਨਾਉਣ ’ਤੇ ਸਿੰਜੀ ਫ਼ਸਲ ਦੀ ਹਾਲਤ ਵਿਚ ਪ੍ਰਤੀ ਏਕੜ 1400-3500 ਕਿਲੋਲੀਟਰ ਪਾਣੀ ਅਤੇ 12-50 ਗੀਗਾਜੋਲ ਊਰਜਾ ਦੀ ਬੱਚਤ ਅਤੇ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਵਿਚ 1.4 ਮੀਟ੍ਰਿਕ ਟਨ ਤੋਂ ਲੈ ਕੇ 6.6 ਮੀਟ੍ਰਿਕ ਟਨ ਦੀ ਕਮੀ ਹੋਈ ਹੈ। ਹਿਮਾਚਲ ਵਿਚ ਹੋਏ ਇਸੇ ਤਰ੍ਹਾਂ ਦੇ ਇਕ ਅਧਿਐਨ ਵਿਚ ਦੇਖਿਆ ਗਿਆ ਕਿ ਖੇਤੀ ਦੀ ਲਾਗਤ ਵਿਚ 56% ਦੀ ਕਮੀ ਦੇ ਨਾਲ-ਨਾਲ ਫ਼ਸਲ ਦੀ ਪੈਦਾਵਾਰ ਵਿਚ 27 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ।

ਕਿਸਾਨਾਂ ਦੀ ਸ਼ੁੱਧ ਆਮਦਨ ਵਧਾਉਣ ਅਤੇ ਪੌਣ-ਪਾਣੀ ਦੀ ਰੱਖਿਆ ਕਰਨ ਦੇ ਇਲਾਵਾ ਕੁਦਰਤੀ ਖੇਤੀ ਪ੍ਰਣਾਲੀਆਂ ਰਸਾਇਣਕ ਪਦਾਰਥਾਂ ਤੋਂ ਮੁਕਤ ਖੇਤੀ ਉਤਪਾਦਾਂ ਦੀ ਬਿਹਤਰ ਪੈਦਾਵਾਰ ਜ਼ਰੀਏ ਪੋਸ਼ਣ ਸੁਰੱਖਿਆ ਯਕੀਨੀ ਬਣਾਉਣਗੀਆਂ। ਕੁਦਰਤੀ ਖੇਤੀ ਭਾਰਤ ਨੂੰ ਨਿਰਧਾਰਤ ਅਰਸੇ ਦੇ ਅੰਦਰ ਆਪਣੇ ਤੇਜ਼ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਵਿਚ ਮਦਦ ਕਰੇਗੀ ਜਿਸ ਨਾਲ ਵਿਸ਼ਵ ਪੱਧਰੀ ਏਜੰਡੇ 2030 ਨੂੰ ਪੂਰਾ ਕਰਨ ਵਿਚ ਯੋਗਦਾਨ ਮਿਲੇਗਾ।