Punjab

ਖ਼ਾਸ ਰਿਪੋਰਟ-ਕੀ ਘੜੂੰਆਂ ਕਾਲਜ ਮਾਮਲੇ ‘ਚ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ? ਜਾਣੋ ਪੂਰਾ ਸੱਚ

ਚੰਡੀਗੜ੍ਹ : ਚੰਡੀਗੜ੍ਹ ਯੂਨੀ ਘੜੂੰਆਂ ਦੇ ਮਾਮਲੇ ‘ਚ ਕੀ ਸੱਚ ਹੈ ਤੇ ਕੀ ਝੂੱਠ ਹੈ, ਅਸਲੀ ਕਹਾਣੀ ਕੀ ਹੈ, ਅਸੀਂ ਪੂਰੇ ਦਿਨ ਦੀ ਪੜਤਾਲ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਖਾਸ ਰਿਪੋਰਟ ਲੈ ਕੇ ਪਹੁੰਚੇ ਹਾਂ .. ਸਭ ਤੋਂ ਪਹਿਲਾਂ ਹੋਸਟਲ ਤੋਂ ਘਰ ਨੂੰ ਜਾ ਰਹੀਆਂ ਵਿਦਿਆਰਥਣਾਂ ਨਾਲ ਬਾਬੂਸ਼ਾਹੀ ਦੇ ਇੱਕ ਪੱਤਰਕਾਰ ਆਕਾਸ਼ਦੀਪ ਨੇ ਗੱਲਬਾਤ ਕੀਤੀ। ਵਿਦਿਆਰਥਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੋਸਟਲ ਵਿੱਚ ਇੱਕ ਕੁੜੀ ਨੇ ਵੀਡੀਓਜ਼ ਬਣਾਈਆਂ ਸਨ, ਜਿਸਤੋਂ ਬਾਅਦ ਖੌਫਜ਼ਦਾ ਵਿਦਿਆਰਥੀਆਂ ਨੇ ਘਰਾਂ ਨੂੰ ਚਾਲੇ ਪਾ ਦਿੱਤੇ ਨੇ  ਘਰ ਵਾਪਸ ਜਾ ਰਹੀ  ਵਿਦਿਆਰਥਣ ਨੇ ਦੱਸਿਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਘਰ ਵਾਪਸ ਜੀ ਰਹੀ ਹੈ ਕਿਉਂਕਿ ਇਥੇ ਮਾਹੋਲ ਸਹੀ ਨਹੀਂ ਹੈ।

ਮੁਹਾਲੀ ਦੇ SSP Vivek Sheel Soni ਨੇ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਹੈ ਕਿ ਨਾ ਕਿਸੇ ਨੇ ਖੁਦਕੁਸ਼ੀ ਕੀਤੀ ਹੈ,ਨਾ ਕਿਸੇ ਦੀ ਮੌਤ ਹੋਈ ਹੈ। ਉਨ੍ਹਾਂ ਨੇ ਵੀਡੀਉਜ਼ ਦੇ ਮਸਲੇ ‘ਤੇ ਸਪੱਸ਼ਟ ਕੀਤਾ ਕਿ ਕਿਸੇ ਹੋਰ ਵਿਦਿਆਰਥਣ ਦੀ ਵੀਡੀਉ ਨਹੀਂ ਬਣਾਈ ਗਈ ਹੈ । ਅਸੀਂ FIR ਦਰਜ ਕਰ ਲਈ ਹੈ ਤੇ ਕਥਿਤ ਦੋਸ਼ੀ ਵਿਦਿਆਰਥਣ ਗ੍ਰਿਫਤਾਰ ਕੀਤੀ ਗਈ ਹੈ। SSP ਮੁਤਾਬਿਕ ਸਾਡੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵੀਡੀਉ ਕੁੜੀ ਦੀ ਸਿਰਫ ਆਪਣੀ ਹੈ, ਹੋਰ ਕਿਸੇ ਵਿਦਿਆਰਥਣ ਦੀ ਕੋਈ ਵੀਡੀਉ ਨਹੀਂ ਬਣਾਈ ਗਈ ਹੈ। ਪੱਤਰਕਾਰਾਂ ਨੇ ਕਰਾਸ ਸਵਾਲ ਪੁੱਛਿਆ ਕਿ ਜੇ ਉਸਨੇ ਵੀਡੀਉ ਆਪਣੀ ਬਣਾਈ ਹੈ ਤਾਂ ਫੇਰ ਕੇਸ ਦਰਜ ਕਿਉਂ ਕੀਤਾ ਗਿਆ ਹੈ ਤਾਂ SSP ਨੇ ਜਵਾਬ ਦਿੱਤਾ ਕਿ ਸਿਰਫ ਇਲਜ਼ਾਮਾਂ ਦੀ ਜਾਂਚ ਲਈ ਕੇਸ ਦਰਜ ਕੀਤਾ ਗਿਆ ਹੈ।  ਪੱਤਰਕਾਰ ਵਾਰ ਵਾਰ ਪੁੱਛਦੇ ਰਹੇ ਕਿ ਜੇ ਕੁੜੀ ਨੇ ਆਪਣੀ ਵੀਡੀਉ ਬਣਾਈ ਤਾੰ ਇੰਨਾ ਹੰਗਾਮਾ ਕਿਵੇਂ ਹੋ ਗਿਆ ਤਾਂ SSP ਨੇ students ਦੇ ਮਿਸਗਾਈਡ ਹੋਣ ਦਾ ਤਰਕ ਦੇ ਦਿੱਤਾ, ਸਭ ਕਾਸੇ ਨੂੰ ਅਫਵਾਹਾਂ ਕਰਾਰ ਦੇ ਦਿੱਤਾ।

ਵਿਵੇਕਸ਼ੀਲ ਸੋਨੀ,ਐਸਐਸਪੀ ਮੁਹਾਲੀ

ਮਾਮਲੇ ਦੀ ਜਾਂਚ ਖਰੜ ਦੀ ਡੀਐੱਸਪੀ ਰੁਪਿੰਦਰ ਕੌਰ ਕਰ ਰਹੀ ਹੈ। DSP ਮੁਤਾਬਕ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਵਾਉਣ ਦੇ ਮਾਮਲੇ ਵਿਚ ਐੱਫ਼ਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮ ਵਿਦਿਆਰਥਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੌਕੇ ਦਾ ਜਾਇਜ਼ਾ ਲੈਣ ਲਈ ADGP ਗੁਰਪ੍ਰੀਤ ਕੌਰ ਦਿਉ ਤੇ DIG ਗੁਰਪ੍ਰੀਤ ਕੌਰ ਭੁੱਲਰ ਵੀ ਪਹੁੰਚੇ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਮੁਲਜ਼ਮ ਕੁੜੀ ਗ੍ਰਿਫਤਾਰ ਕਰ ਲਈ ਗਈ ਹੈ ਅਤੇ ਉਸਦਾ ਮੋਬਾਈਲ ਜ਼ਬਤ ਕਰਕੇ ਸਟੇਟ ਸਾਈਬਰ ਕਰਾਈਮ ਨੂੰ ਭੇਜ ਦਿੱਤਾ ਹੈ।  ਜਿਨ੍ਹਾਂ ਕੁੜੀਆਂ ਨਾਲ ਪੁਲਿਸ ਨੇ ਗੱਲ ਕੀਤੀ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਵੀਡੀਓ ਫੋਨ ਵਿੱਚ ਨਾ ਹੋਵੇ ਪਰ ਜਦੋਂ ਫੋਨ ਚੈੱਕ ਕੀਤਾ ਤਾਂ ਕੋਈ ਵੀ ਇਤਰਾਜ਼ਯੋਗ ਵੀਡਿਓ ਨਹੀਂ ਸੀ।  ਸਿਰਫ਼ ਉਸ ਲੜਕੀ ਦੀ ਆਪਣੀ ਵੀਡੀਓ ਸੀ, ਜਿਹੜੀ ਕਿ ਉਹਨੇ ਆਪਣੇ ਬੁਆਏਫ੍ਰੈਂਡ ਨੂੰ ਭੇਜੀ ਸੀ ਅਤੇ ਉਸ ਲੜਕੇ ਨੂੰ ਫੜਨ ਲਈ ਪੁਲਿਸ ਪਾਰਟੀ ਸ਼ਿਮਲੇ ਵੱਲ ਭੇਜ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਕੁੱਲ 20 ਕੁੜੀਆਂ ਪ੍ਰਭਾਵਿਤ ਹਨ,ਜਿਨਾਂ ਦੀ ਪ੍ਰਦਰਸ਼ਨ ਕਰਕੇ ਹਾਲਤ ਖਰਾਬ ਹੋਈ ਸੀ। ਨਾਲ ਹੀ ਉਹਨਾਂ ਇਹ ਵੀ  ਕਿਹਾ  ਜੋ ਕੁੜੀਆਂ ਅਸਲ ‘ਚ ਪ੍ਰਭਾਵਿਤ ਹਨ,ਉਨ੍ਹਾਂ ਨੇ ਕੋਈ ਪ੍ਰਦਰਸ਼ਨ ਨਹੀਂ ਕੀਤਾ ਹੈ।

ਗੁਰਪ੍ਰੀਤ ਕੌਰ ਦਿਉ,ADGP

ਇਸ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ ਕੋਈ ਮੌ ਤ ਹੋਣ ਦੀ ਕੋਈ ਖ਼ਬਰ ਨਹੀਂ ਹੈ। ਵੀਡੀਓ ਬਣਾਉਣ ਦੀ ਕਥਿਤ ਦੋਸ਼ੀ ਲੜਕੀ ਨੂੰ FIR ਦਰਜ ਕਰਕੇ ਹਿਰਾਸਤ ’ਚ ਲਿਆ ਗਿਆ ਹੈ। ਇਤਰਾਜ਼ਯੋਗ ਵੀਡੀਓਜ਼ ਨੂੰ ਵਾਇਰਲ ਹੋਣ ਤੋਂ ਰੋਕਣ ਲਈ ਸਾਰੇ ਲੋੜੀਂਦੇ ਕਦਮ ਉਠਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਵੀਡੀਓਜ਼ ਨੂੰ ਵਾਇਰਲ ਨਾ ਕਰਨ ਅਤੇ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕਰਦਾ ਹਾਂ।’’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸਨੂੰ ਮੰਦਭਾਗਾ ਦੱਸਦਿਆਂ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਹਨਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਦਾਅਵਾ ਕੀਤਾ ਗਿਆ ਹੈ ਤੇ  ਨਾਲ ਹੀ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵਾਪਰੀ ਮੰਦਭਾਗੀ ਘਟਨਾ ਸੁਣ ਕੇ ਦੁੱਖ ਲੱਗਿਆ ਹੈ। ਸਾਡੀਆਂ ਧੀਆਂ ਸਾਡੀ ਇੱਜ਼ਤ ਹਨ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੀ ਉੱਚ-ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ,ਜੋ ਵੀ ਦੋਸ਼ੀ ਹੋਇਆ ਸਖ਼ਤ ਕਾਰਵਾਈ ਕਰਾਂਗੇ। ਮੁੱਖ ਮੰਤਰੀ ਮਾਨ ਨੇ ਸਾਰਿਆਂ ਨੂੰ ਅਪੀਲ ਕੀਤੀ ਹੇੈ  ਕਿ ਅਫ਼ਵਾਹਾਂ ਤੋਂ ਬਚਿਆ ਜਾਵੇ।

ਜਿੱਥੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸਨੂੰ ਬਹੁਤ ਸ਼ਰਮਨਾਕ ਘਟਨਾ ਦੱਸਿਆ ਹੈ,ਉਥੇ ਅਰਵਿੰਦ ਕੇਜਰੀਵਾਲ ਨੇ ਇਸਨੂੰ ਸੰਗੀਨ ਤੇ ਸ਼ਰਮਨਾਕ ਕਿਹਾ ਹੈ ਤੇ ਵਿਦਿਆਰਥੀਆਂ ਨੂੰ ਸੰਜਮ ਚ ਰਹਿਣ ਦੀ ਅਪੀਲ ਕੀਤੀ ਹੈ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਚੇਤਨ ਸਿੰਘ ਜੌੜਾਮਾਜਰਾ, ਹਰਭਜਨ ਸਿੰਘ ETO, ਬ੍ਰਹਮ ਸ਼ੰਕਰ ਜਿੰਪਾ ਸਮੇਤ ਫੌਜਾ ਸਿੰਘ ਸਰਾਰੀ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਇਨਸਾਫ ਦੇਣ ਦਾ ਦਾਅਵਾ ਕੀਤਾ ਹੈ।

ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲੋਕਾਂ ਨੂੰ  ਅਪੀਲ ਕੀਤੀ ਹੈ ਕਿ ਵੀਡੀਓ ਨੂੰ ਅੱਗੇ ਨਾ ਫੈਲਾਇਆ ਜਾਵੇ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ  ਕਿ ਜੋ ਮੇਰੀ ਧੀ ਤੇ ਮੇਰੀ ਭੈਣ ਹੈ, ਉਹ ਤੁਹਾਡੀ ਵੀ ਧੀ ਤੇ ਭੈਣ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵੀਡੀਓ ਕਲਿੱਪਾਂ ਨੂੰ ਦੁਬਾਰਾ ਪੋਸਟ ਕਰਨ ਤੇ ਅੱਗੇ ਫਾਰਵਰਡ ਕਰਨ ਤੋਂ ਪਹਿਲਾਂ ਸੋਚੋ। ਆਓ, ਚੇਨ ਤੋੜੀਏ ਅਤੇ ਆਪਣੇ ਆਪ ਨੂੰ ਸ਼ਰਮਿੰਦਾ ਨਾ ਕਰੀਏ। ਇਸ ਕਲਿੱਪ ਨੂੰ ਫੈਲਾਉਣ ਵਾਲਿਆਂ ਦੀ ਪਛਾਣ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਅਕਾਲੀ ਦਲ ਨੇ ਵੀ ਇਸ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਮਾਮਲੇ ਦੀ ਤਹਿ ਤੱਕ ਜਾ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਸੋਸ਼ਲ ਮੀਡੀਆ ‘ਤੇ ਨੌਜਵਾਨ ਵਰਗ ਕੁੜੀਆਂ ਦੀਆਂ ਨਹਾਉਂਦੀਆਂ ਦੀਆਂ ਕਥਿਤ ਵੀਡੀਉਜ਼ ਅੱਗੇ ਤੋਂ ਅੱਗੇ ਸਾਂਝਾ ਨਾ ਕਰਨ ਦੀ ਅਪੀਲ ਕਰ ਰਿਹਾ ਹੈ ਤੇ ਮਾਮਲੇ ਨੂੰ ਦੱਬਣ ਦੇ ਇਲਜ਼ਾਮ ਵੀ ਲਾਏ ਜਾ ਰਹੇ ਹਨ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਹੁਲਾਟੀ ਨੇ ਵੀ ਕਾਲਜ ਦਾ ਦੌਰਾ ਕੀਤਾ ਤੇ SSP ਦੀ ਜਾਣਕਾਰੀ ਮੁਤਾਬਕ ਕਿਸੇ ਵੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਦੀ ਗੱਲ ਨੂੰ ਨਕਾਰਿਆ ਹੈ  ਹਾਲਾਂਕਿ ਮਨੀਸ਼ਾ ਗੁਲਾਟੀ ਨੇ ਡੱਟ ਕੇ ਕੁੜੀਆਂ ਦੇ ਹੱਕ ਵਿੱਚ ਖੜਨ ਦਾ ਬਿਆਨ ਦਿੱਤਾ ਹੈ ਤੇ ਕਾਲਜ ਦੀਆਂ ਵਿਦਿਆਰਥਣ ਨੂੰ ਆਪਣੇ ਤੱਕ ਪਹੁੰਚਣ ਦੀ ਅਪੀਲ ਵੀ ਕੀਤੀ ਹੈ ਤੇ ਬੁੱਧਵਾਰ ਨੂੰ ਆਪਣੇ ਦਫਤਰ ਵੀ ਸੱਦਿਆ ਹੈ।

ਵਿਦਿਆਰਥੀ ਜਥੇਬੰਦੀ ਲਲਕਾਰ ਨੇ ਚੰਡੀਗੜ੍ਹ ਯੂਨੀਵਰਸਿਟੀ, ਲਾਂਡਰਾਂ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ, ਜਥੇਬੰਦੀ ਮੁਤਾਬਕ ਹੋਸਟਲ ਦੀਆਂ ਵਿਦਿਆਰਥਣਾਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਨੇ ਮਾਮਲਾ ਸਹੀ ਢੰਗ ਨਾਲ਼ ਨਿਪਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਰਾਤ ਨੂੰ ਜਦੋਂ 8 ਕੁੜੀਆਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਪ੍ਰਸ਼ਾਸ਼ਨ,ਯੂਨੀਵਰਰਸਿਟੀ ਪ੍ਰਸ਼ਾਸ਼ਨ ਨਾਲ ਮਿਲ ਕੇ ਇਸ ਸਾਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਂਪਸ ਵਿੱਚ ਮੀਡਿਆ ਦੇ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ। ਦਰਵਾਜ਼ੇ ਬੰਦ ਕਰ ਦਿੱਤੇ ਹਨ। ਪੁਲਿਸ ਨੂੰ ਸ਼ਾਮਿਲ ਕਰ ਕੇ ਪ੍ਰਸ਼ਾਸ਼ਨ ਨੇ ਵਿਦਿਆਰਥੀਆਂ ਨੂੰ ਅੰਦਰੋਂ ਬਾਹਰ ਜਾਣ ਅਤੇ ਬਾਹਰੋਂ ਅੰਦਰ ਜਾਣ ਤੇ ਰੋਕ ਲਾ ਦਿੱਤੀ ਹੈ, ਨਾਲ਼ ਹੀ ਲਾਠੀਚਾਰਜ ਵੀ ਕੀਤਾ ਗਿਆ ਅਤੇ ਡਰਾਅ, ਧਮਕਾ ਕੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਰੌਲਾ ਨਾ ਪਾਉਣ।

ਅਜਿਹੇ ਸੰਵੇਦਨਸ਼ੀਲ ਮਸਲੇ ਤੇ ਜਿੱਥੇ ਪ੍ਰਸਾਸ਼ਨ ਨੂੰ ਸਜਿੰਦਗੀ ਨਾਲ ਕਾਰਵਾਈ ਕਰਨੀ ਚਾਹੀਦੀ ਸੀ ਉੱਥੇ ਬੇਸ਼ਰਮੀ ਦਿਖਾਉਂਦੇ ਹੋਏ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦਿਆਰਥੀਆਂ ਦੇ ਦਬਾਅ ਸਦਕਾ ਕੁੜੀ ਤੇ ਐੱਫ ਆਈ ਆਰ ਤਾਂ ਦਰਜ਼ ਕਰ ਲਈ ਗਈ ਹੈ, ਪਰ ਪੁਲਿਸ ਦੁਆਰਾ ਮੀਡੀਆ ਵਿੱਚ ਇਹ ਝੂਠ ਪਰੋਸਿਆ ਜਾ ਰਿਹਾ ਹੈ ਕਿ ਕਿਸੇ ਹੋਰ ਕੁੜੀ ਦੀ ਵੀਡੀਓ ਨਹੀਂ ਬਣੀ ਅਤੇ ਨਾ ਹੀ ਕਿਸੇ ਨੇ ਖ਼ੁਦਕੁਸ਼ੀ ਕੀਤੀ। ਜਦਕਿ ਉਹ ਕੁੜੀ ਖੁਦ ਸਾਹਮਣੇ ਆਈਆਂ ਦੋ ਵੀਡੀਓ ਵਿੱਚ ਮੰਨ ਰਹੀ ਹੈ ਕਿ ਉਸਨੇ ਹੋਰ ਵੀ ਕੁੜੀਆਂ ਦੀ ਵੀਡੀਓ ਬਣਾਈਆਂ ਹਨ।

ਇੱਥੇ ਪੁਲਿਸ ਦੀ ਜਾਂਚ ਤੇ ਆਮ ਲੋਕ ਸਵਾਲ ਕਿਉਂ ਚੁੱਕ ਰਹੇ ਹਨ, ਮਾਮਲਾ ਦੱਬਣ ਦੇ ਇਲਜ਼ਾਮ ਕਿਉਂ ਲੱਗ ਰਹੇ ਹਨ, ਕਿਉਂਕਿ ਉਕਤ ਲੜਕੀ ਦੀ ਹੋਸਟਲ ਵਾਰਡਨ ਨਾਲ ਵੀ ਇੱਕ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਲੜਕੀ ਨੇ ਹੋਰਾਂ ਕੁੜੀਆਂ ਦੀ ਵੀ ਵੀਡੀਉ ਬਣਾਈ।

ਦਰਸਅਸਲ ਸ਼ਨਿਚਰਵਾਰ ਰਾਤ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਕੁੜੀਆਂ ਦੇ ਇਕ ਹੋਸਟਲ ਵਿੱਚ ਇਕ ਸਾਥੀ ਵਿਦਿਆਰਥਣ ਵੱਲੋਂ ਹੀ ਕੁਝ ਲੜਕੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਵਾਇਰਲ ਕੀਤੇ ਜਾਣ ਤੋਂ ਬਾਅਦ ਵੱਡੀ ਪੱਧਰ ’ਤੇ ਰੋਹ ਭੜਕ ਗਿਆ। ਸਥਿਤੀ ਉਸ ਵੇਲੇ ਕੰਟਰੋਲ ਤੋਂ ਬਾਹਰ ਹੋ ਗਈ ਜਦੋਂ ਹੋਸਟਲ ਵਿੱਚ ਰਹਿਣ ਵਾਲੀ ਇਕ ਲੜਕੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਯੂਨੀਵਰਸਿਟੀ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਪਰ ਰੋਸ ਮੁਜ਼ਾਹਰੇ ਦੌਰਾਨ ਕੁਝ ਕੁੜੀਆਂ ਬੋਹੋਸ਼ ਜ਼ਰੂਰ ਹੋ ਗਈਆਂ ਸਨ। ਰਾਤ ਨੂੰ ਵੱਡੇ ਹੰਗਾਮੇ ਦੀਆਂ ਵੀਡੀਉਜ਼ ਤੋਂ ਬਾਅਦ ਤੜਕੇ ਇਕਦਮ ਹੋਈ ਖਾਮੋਸ਼ੀ ਕੁਝ ਤਾਂ ਬਿਆਨ ਕਰ ਰਹੀ ਹੈ।

ਸੂਤਰਾਂ ਅਨੁਸਾਰ ਯੂਨੀਵਰਸਿਟੀ ਦੇ ਕੁੜੀਆਂ ਦੇ ਇਕ ਹੋਸਟਲ ਵਿੱਚ ਰਹਿਣ ਵਾਲੀਆਂ ਤਿੰਨ ਲੜਕੀਆਂ ਨੇ ਵਾਰਡਨ ਕੋਲ ਪਹੁੰਚ ਕੀਤੀ ਅਤੇ ਦਾਅਵਾ ਕੀਤਾ ਕਿ ਹੋਸਟਲ ਵਿੱਚ ਰਹਿਣ ਵਾਲੇ ਕਿਸੇ ਲੜਕੀ ਵੱਲੋਂ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ ਹਨ।

ਇਸ ਸਬੰਧੀ ਯੂਨੀਵਰਸਿਟੀ ਦੇ ਚਾਂਸਲਰ ਸਤਿਨਾਮ ਸਿੰਘ ਸੰਧੂ ਨੇ ਕਿਹਾ, ‘‘ਮੈਨੂੰ ਅਜੇ ਘਟਨਾ ਦੀ ਵਿਸਥਾਰ ਵਿੱਚ ਜਾਣਕਾਰੀ ਨਹੀਂ ਮਿਲੀ ਹੈ। ਲੰਘੀ ਰਾਤ ਇਹ ਰੋਹ ਭੜਕਿਆ ਸੀ ਅਤੇ ਵਿਦਿਆਰਥੀਆਂ ਨੂੰ ਸਪੱਸ਼ਟੀਕਰਨ ਦਿੱਤਾ ਜਾ ਚੁੱਕਾ ਹੈ। ਪੁਲੀਸ ਦੀ ਮਦਦ ਨਾਲ ਅਸੀਂ ਇਸ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ।’’

ਸਾਡੀ ਟੀਮ ਮੁਤਾਬਕ ਇਸ ਵਕਤ ਕਾਲਜ ਦੇ ਗੇਟਾਂ ਨੂੰ ਜਿੰਦਰੇ ਮਾਰ ਦਿੱਤੇ ਗਏ ਹਨ, ਚਾਰੇ ਪਾਸੇ ਚੁੱਪ ਪਸਰੀ ਹੈ, ਮੀਡੀਆ ਦੇ ਅੰਦਰ ਜਾਣ ਤੇ ਮਨਾਹੀ ਹੈ, ਨਾ ਕੋਈ ਅੰਦਰ ਤੇ ਨਾ ਕੋਈ ਬਾਹਰ ਜਾ ਸਕਦਾ ਹੈ , ਵਿਦਿਆਰਥੀਆਂ ਨੂੰ 2 ਦਿਨ ਦੀ ਛੁੱਟੀ ਕਰ ਦਿੱਤੀ ਗਈ ਹੈ

ਇਸ ਮਸਲੇ ਚ ਉੱਠਦੇ ਕਈ ਸਾਰੇ ਸਵਾਲ ਲੋਕਾਂ ਦੇ ਮਨਾਂ ਵਿੱਚ ਹਥੌੜੇ ਵਾਂਗ ਵੱਜ ਰਹੇ ਨੇ , ਪੰਜਾਬ ਪੁਲਿਸ ਦੀ ਭੂਮਿਕਾ ਅਤੇ ਜਾਂਚ ਤੇ ਸਵਾਲ ਉੱਠਣੇ ਜਾਂ ਲੋਕਾਂ ਦਾ ਪੁਲਿਸ ਚ ਭਰੋਸਾ ਨਾ ਹੋਣਾ ਪੁਲਿਸ ਦੇ ਆਪਣੇ ਇਤਿਹਾਸ ਕਰਕੇ ਹੈ, ਇੱਥੇ ਮਾਮਲੇ ਦੱਬਣ ਦੀ ਕੋਸ਼ਿਸ਼ ਕਰਨਾ ਜਾਂ ਫਿਰ ਦੱਬ ਦਿੱਤੇ ਜਾਣੇ ਕੋਈ ਜੱਗੋਂ ਤੇਰਵੀਂ ਗੱਲ ਨਹੀਂ ਹੈ, ਇਸ ਪੂਰੇ ਮਸਲੇ ਚ ਵਾਰਡਨ ਦੀ ਕੁੜੀ ਨਾਲ ਤੇ ਹੋਰ ਵਿਦਿਆਰਥਣਾਂ ਨਾਲ ਹੋਈ ਗੱਲਬਾਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਹਾਲਾਂਕਿ ਪੁਲਿਸ ਇਸ ਗੱਲਬਾਤ ਨੂੰ ਗਲਤਫਹਿਮੀ ਵੀ ਦੱਸ ਰਹੀ ਹੈ, ਤੇ ਅੱਜ ਦੇ ਜ਼ਮਾਨੇ ਚ ਲੋਕ ਕੀ ਕੁਝ ਨਹੀਂ ਕਰਦੇ, ਜਿਸਮ ਦਾ ਵਪਾਰ ਇਸ ਦੁਨੀਆ ਦਾ ਕੌੜਾ ਸੱਚ ਹੈ ਤੇ ਇਸਤੇ ਪਰਦਾ ਪਾਉਣ ਲਈ ਉਤਲੇ ਲੋਕ ਹੀ ਮਦਦਗਾਰ ਸਾਬਿਤ ਹੁੰਦੇ ਨੇ ਗੱਲ ਕੋਈ ਵੀ ਝੂਠ ਨਹੀਂ ਹੈ ਪਰ ਇਸ ਦੁਨੀਆ ਵਿੱਚ ਸੱਚ ਵੀ ਮੌਜੂਦ ਹੈ ਜੋ ਪੱਤਰ ਪਾੜ ਕੇ ਵੀ ਉਜਾਗਰ ਹੋ ਜਾਂਦਾ ਹੈ ਸੋ ਇਸ ਘਟਨਾ ਵਿੱਚ ਜੇ ਸਾਡੀਆਂ ਧੀਆਂ ਭੈਣਾਂ ਨਾਲ ਕੁਝ ਗਲਤ ਹੋਇਆ ਹੈ ਤਾਂ ਕੋਈ ਤਾਂ ਸੱਚ ਬੋਲਣ ਦੀ ਹਿੰਮਤ ਜ਼ਰੂਰ ਕਰੇਗਾ, ਬਾਕੀ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਤੇ ਕਾਲਜ ਪ੍ਰਬੰਧਕਾਂ ਮੁਤਾਬਕ ਤਾਂ ਇਹ ਛੋਟੀ ਮੋਟੀ ਘਟਨਾ ਸਾਬਿਤ ਹੋ ਹੀ ਚੁੱਕੀ ਹੈ।