ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਪੰਜਾਬ ਦੇ ਮਾਝੇ ਅਧੀਨ ਆਉਣ ਵਾਲੇ ਤੀਜੇ ਲੋਕਸਭਾ ਹਲਕੇ ਗੁਰਦਾਸਪੁਰ ਦੀ ਸੋਚ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਹਲਕੇ ਤੋਂ ਬਿਲਕੁਲ ਵੱਖ ਹੈ। ਅੰਮ੍ਰਿਤਸਰ ਲੋਕਸਭਾ ਹਲਕੇ ਵਿੱਚ ਹਿੰਦੂ ਅਤੇ ਸਿੱਖਾਂ ਦੀ ਤਕਰੀਬਨ ਤਕਰੀਬਨ ਬਰਾਬਰ ਵੋਟਾਂ ਹਨ ਜਦਕਿ ਖਡੂਰ ਸਾਹਿਬ ਨਿਰੋਲ ਪੰਥਕ ਹਲਕਾ ਮੰਨਿਆ ਜਾਂਦਾ ਹੈ। ਪਰ ਗੁਰਦਾਸਪੁਰ ਹਲਕਾ ਇੱਕ ਪਾਸੇ ਤੋਂ ਜੰਮੂ-ਕਸ਼ਮੀਰ ਨਾਲ ਲੱਗਦਾ ਹੈ। ਦੂਜੇ ਪਾਸੇ ਤੋਂ ਇਸ ਦੀ ਸਰਹੱਦ ਹਿਮਾਚਲ ਨਾਲ ਵੀ ਲੱਗਦੀ ਹੈ। ਦੋਵਾਂ ਸੂਬਿਆਂ ਦੇ ਲੋਕ ਇਸ ਇਲਾਕੇ ਵਿੱਚ ਕਾਫੀ ਵੱਸੇ ਹਨ ਇਸੇ ਲਈ ਸਿਆਸਤ ਦਾ ਅਸਰ ਇੱਥੇ ਕਾਫੀ ਹੁੰਦੀ ਹੈ।
ਗੁਰਦਾਸਪੁਰ ਅਧੀਨ ਆਉਣ ਵਾਲੇ ਅਜਿਹਾ ਕਈ ਹਲਕੇ ਹਨ ਜਿੱਥੇ ਹਿੰਦੂ ਅਬਾਦੀ ਹੀ ‘ਗੇਮ ਚੇਂਜਰ’ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀ ਸਰਹੱਦ ਦੇ ਵੱਸਿਆ ਗੁਰਦਾਸਪੁਰ ਇਕਲੌਤਾ ਪੰਜਾਬ ਦਾ ਅਜਿਹਾ ਹਲਕਾ ਹੈ ਜਿੱਥੇ ਇੱਕ ਵੀ SC ਅਤੇ ST ਵਿਧਾਨਸਭਾ ਸੀਟ ਨਹੀਂ ਹੈ। ਇੱਥੇ ਜ਼ਿਆਦਾਤਰ ਮਹਾਜਨ ਭਾਈਚਾਰਾ ਹੈ ਜੋ ਵਪਾਰ ਜਾਂ ਫਿਰ ਪੜ੍ਹ-ਲਿਖ ਕੇ ਸਰਕਾਰੀ ਨੌਕਰੀ ਵਿੱਚ ਹੈ।
ਇਸ ਤੋਂ ਇਲਾਵਾ ਇਸਾਈ ਭਾਈਚਾਰਾ ਵੀ ਪਿਛਲੇ ਕੁਝ ਦਹਾਕਿਆਂ ਨੂੰ ਵੱਡਾ ਵੋਟ ਬੈਂਕ ਬਣ ਚੁੱਕੀ ਹੈ। ਕੁਝ ਹਲਕੇ ਅਜਿਹੇ ਵੀ ਹਨ ਜਿੱਥੇ ਸਿੱਖ ਭਾਈਚਾਰਾ ਵੱਡੀ ਗਿਣਤੀ ਵਿੱਚ ਹੈ, ਪਰ ਉਹ ਹਿੰਦੂ ਵੋਟ ਬੈਂਕ ਦੇ ਮੁਕਾਬਲੇ ਘੱਟ ਹਨ।
ਸੋ ਅੱਜ ਅਸੀਂ ਇੱਕ-ਇੱਕ ਕਰਕੇ ਗੁਰਦਾਸਪੁਰ ਲੋਕਸਭਾ ਹਲਕੇ ਦੇ ਉਨ੍ਹਾਂ ਸਾਰੇ ਸਿਆਸੀ ਸਮੀਕਰਣਾਂ ਦੀ ਪੜਚੋਲ ਕਰਾਂਗੇ ਜੋ 2024 ਵਿੱਚ ਇਸ ਹਲਕੇ ਵਿੱਚ ਹੋਣ ਵਾਲੀ ਜਿੱਤ-ਹਾਰ ਦਾ ਸੰਕੇਤ ਦੇਣਗੇ।
ਗੁਰਦਾਸਪੁਰ ਵਿੱਚ 5 ਚੋਣਾਂ ਦੌਰਾਨ 360 ਡਿਗਰੀ ਘੁੰਮੀ ਸਿਆਸਤ
ਗੁਰਦਾਸਪੁਰ ਲੋਕਸਭਾ ਹਲਕੇ ਵਿੱਚ ਹੁਣ ਤੱਕ 16 ਵਾਰ ਚੋਣ ਹੋਈ ਹੈ, ਜਿਸ ਵਿੱਚੋਂ ਕਾਂਗਰਸ ਨੇ 12 ਵਾਰ ਜਿੱਤ ਹਾਸਲ ਕੀਤੀ ਜਦਕਿ 5 ਵਾਰ ਬੀਜੇਪੀ ਜਿੱਤੀ ਹੈ। ਅੰਕੜਿਆਂ ਨੂੰ ਵੇਖ ਦੇ ਹੋਏ ਭਾਵੇਂ ਇੱਥੇ ਕਾਂਗਰਸ ਮਜ਼ਬੂਤ ਨਜ਼ਰ ਆ ਰਹੀ ਹੈ ਪਰ ਬੀਜੇਪੀ ਨੇ ਪਿਛਲੇ 30 ਸਾਲਾਂ ਵਿੱਚ ਇਸ ਨੂੰ ਆਪਣਾ ਗੜ੍ਹ ਬਣਾ ਲਿਆ ਹੈ। ਇਹ ਗੱਲ ਵਖਰੀ ਹੈ ਬੀਜੇਪੀ ਨੇ ਗੁਰਦਾਸਪੁਰ ਲੋਕਸਭਾ ਹਲਕੇ ਵਿੱਚ ਜਿਹੜੀ 5 ਜਿੱਤ ਹਾਸਲ ਕੀਤੀ ਹਨ ਉਸ ਦੇ ਲਈ ਬਾਲੀਵੁੱਡ ਸਿਤਾਰਿਆਂ ਦੇ ਮੋਢਿਆਂ ਦਾ ਸਹਾਰਾ ਲਿਆ ਹੈ।
ਪਰ ਇਹ ਵੀ ਸੱਚ ਹੈ ਕਿ 4 ਵਾਰ ਬਾਲੀਵੁੱਡ ਸਟਾਰ ਵਿਨੋਦ ਖੰਨਾ ਨੂੰ ਜਨਤਾ ਨੇ ਸਿਰਫ਼ ਸਟਾਰਡਮ ਦੇ ਨਾਂ ‘ਤੇ ਵੋਟ ਨਹੀਂ ਪਾਈ ਹੈ ਬਲਕਿ ਹਲਕੇ ਵਿੱਚ ਅੱਜ ਵੀ ਉਨ੍ਹਾਂ ਨੂੰ ਫਲਾਈ ਓਵਰ ਵਾਲੇ ਐੱਮਪੀ ਵਜੋਂ ਯਾਦ ਕਰਦੇ ਹਨ। ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਅਦਾਕਾਰੀ ਦੀ ਬਦੌਲਤ 2019 ਵਿੱਚ ਜਿੱਤ ਹਾਸਲ ਕੀਤੀ ਪਰ ਜਿਸ ਤਰ੍ਹਾਂ ਉਹ ਹਲਕੇ ਤੋਂ ਗਾਇਬ ਰਹੇ ਲੋਕਾਂ ਵਿੱਚ ਕਾਫੀ ਨਰਾਜ਼ਗੀ ਹੈ।
ਹਲਕੇ ਦੇ ਕੰਮ ਕਰਨ ਵਾਲੇ ਕਾਂਗਰਸ ਦੇ ਇੱਕ ਉਮੀਦਵਾਰ ਨੂੰ ਵੀ ਵੋਟਰਾਂ ਨੇ ਸਿਰ ‘ਤੇ ਬਿਠਾ ਕੇ ਰੱਖਿਆ ਸੀ। ਕਾਂਗਰਸ ਦੀ ਉਮੀਦਵਾਰ ਸੁਖਬੰਸ ਕੌਰ ਭਿੰਡਰ ਨੇ ਗੁਰਦਾਸਪੁਰ ਸੀਟ 1980 ਤੋਂ ਲੈਕੇ 1996 ਤੱਕ ਲਗਾਤਾਰ 5 ਵਾਰ ਜਿੱਤੀ। ਉਨ੍ਹਾਂ ਦੇ ਪਤੀ ਪੰਜਾਬ ਦੇ ਸਾਬਕਾ ਡੀਜੀਪੀ ਸਨ ਅਤੇ ਕਾਂਗਰਸ ਦੇ ਨਜ਼ਦੀਕ ਹੋਣ ਦੀ ਵਜ੍ਹਾ ਕਰਕੇ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ,ਫੌਜ ਅਤੇ ਪੁਲਿਸ ਵਿੱਚ ਭਰਤੀ ਕੀਤਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਲੋਕਾਂ ਨੇ ਨਾ ਸਿਰਫ਼ ਪਾਰਟੀ ਬਲਕਿ ਕੰਮ ਕਰਨ ਵਾਲੇ ਉਮੀਦਵਾਰ ‘ਤੇ ਵੀ ਭਰੋਸਾ ਜਿਤਾਇਆ।
ਸਿਆਸਤ ਨੂੰ ਸਮਝਦੇ ਹਨ ਗੁਰਦਾਸਪੁਰ ਦੇ ਲੋਕ
ਇਸ ਤੋਂ ਇਲਾਵਾ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰਾਂ ਦੀ ਸੋਚ ਦੀ ਗੱਲ ਕਰੀਏ ਤਾਂ ਕੇਂਦਰ ਵਿੱਚ ਬਣਨ ਵਾਲੀ ਸਰਕਾਰ ਦੇ ਨਾਲ ਜਾਣਾ ਪਸੰਦ ਕਰਦੇ ਹਨ। ਕੁੱਲ ਮਿਲਾ ਕੇ ਇਹ ਕਿਹਾ ਲਿਆ ਜਾਵੇ ਇਹ ਦੇਸ਼ ਦੇ ‘ਮੂਡ’ ਨੂੰ ਸਮਝਦੇ ਹਨ। ਕੇਂਦਰ ਤੇ ਸੂਬੇ ਦੀ ਸਿਆਸਤ ਦੇ ਫਰਕ ਨੂੰ ਸਮਝ ਦੇ ਹਨ, ਨਵੀਂ ਪਾਰਟੀ ਨੂੰ ਮੂੰਹ ਨਹੀਂ ਲਾਉਂਦਾ ਜਾਂ ਇਹ ਕਹਿ ਲਿਉ ਜ਼ਿਆਦਾ ਦਿਲਚਸਪੀ ਨਹੀਂ ਵਿਖਾਉਂਦੇ ਹਨ। ਇਸੇ ਲਈ 2014 ਤੋਂ ਬਾਅਦ ਭਾਵੇਂ ਆਮ ਆਦਮੀ ਪਾਰਟੀ ਦੇ ਆਉਣ ਨਾਲ ਪੰਜਾਬ ਦੇ ਤਕਰੀਬਨ ਸਾਰੇ ਹਲਕਿਆਂ ਦਾ ਸਿਆਸੀ ਸਮੀਕਰਣ ਬਦਲ ਗਿਆ ਪਰ ਗੁਰਦਾਸਪੁਰ ਵਿੱਚ ਪਹਿਲਾ ਵੀ ਸਿੱਧਾ ਮੁਕਾਬਲਾ ਕਾਂਗਰਸ ਅਤੇ ਬੀਜੇਪੀ ਵਿੱਚ ਸੀ ਅਤੇ ਹੁਣ ਵੀ ਇੱਥੇ ਇਹ ਵੀ ਨਜ਼ਰ ਆ ਰਿਹਾ ਹੈ।
ਆਪ ਗੁਰਦਾਸਪੁਰ ਵਿੱਚ ਸਭ ਤੋਂ ਕਮਜ਼ੋਰ
ਹੁਣ ਗੱਲ 2024 ਦੇ ਉਮੀਦਵਾਰਾਂ ਦੀ ਤੇ ਪਾਰਟੀ ਦੀਆਂ ਰਣਨੀਤੀ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕਰਦੇ ਹਾਂ, ਪਾਰਟੀ ਨੇ ਇੱਥੋ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਲੋਕਸਭਾ ਉਮੀਦਵਾਰ ਪੱਖੋਂ ਇਹ ਕੋਈ ਵੱਡਾ ਚਿਹਰਾ ਨਹੀਂ ਹੈ। 2022 ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਨੂੰ ਵੇਖੀਏ ਤਾਂ ਗੁਰਦਾਸਪੁਰ ਲੋਕਸਭਾ ਹਲਕੇ ਅਧੀਨ ਆਉਣ ਵਾਲੀਆਂ 9 ਵਿਧਾਨਸਭਾ ਸੀਟਾਂ ਵਿੱਚੋ ਸਿਰਫ਼ ਭੋਆ ਅਤੇ ਬਟਾਲਾ ਸੀਟ ਹੀ ਆਮ ਆਦਮੀ ਪਾਰਟੀ ਜਿੱਤ ਸਕੀ ਜਦਕਿ ਸੁਜਾਨਪੁਰ, ਗੁਰਦਾਸਪੁ, ਦੀਨਾਨਗਰ, ਕਾਦੀਆਂ, ਫਤਿਹਗੜ੍ਹ ਸਾਹਿਬ ਚੂੜੀਆਂ, ਤੇ ਡੇਰਾ ਬਾਬਾ ਨਾਨਕ 6 ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ ਜਿੱਤੇ ਅਤੇ ਪਠਾਨਕੋਟ ਸੀਟ ‘ਤੇ ਬੀਜੇਪੀ ਦੇ ਅਸ਼ਵਨੀ ਕੁਮਾਰ ਨੇ ਜਿੱਤ ਹਾਸਲ ਕੀਤੀ।
ਇਸ ਸੀਟ ਤੇ ਆਮ ਆਦਮੀ ਪਾਰਟੀ ਦੀ ਕਮਜ਼ੋਰਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 2019 ਵਿੱਚ ਆਮ ਆਦਮੀ ਪਾਟਰੀ ਦੇ ਉਮੀਦਵਾਰ ਪੀਟਰ ਮਸੀਹ ਨੂੰ ਸਿਰਫ਼ 2 ਫੀਸਦੀ ਯਾਨੀ 27,744 ਵੋਟਾਂ ਹੀ ਮਿਲੀਆਂ ਸਨ। ਇਸ ਵਾਰ ਹੀ ਹਲਕੇ ਤੋਂ ਕਮਜ਼ੋਰ ਉਮੀਦਵਾਰ ਦੇਣ ਦੀ ਵਜ੍ਹਾ ਕਰਕੇ ਪਾਰਟੀ ਦੇ ਹਾਲਾਤ ਚੰਗੇ ਨਜ਼ਰ ਨਹੀਂ ਆ ਰਹੇ ਹਨ।
ਬੀਜੇਪੀ ਮੁਕਾਬਲੇ ‘ਚ, ਪਰ ਰੰਧਾਵਾ ਨੇ ਬਦਲੇ ਸਮੀਕਰਣ
ਅਕਾਲੀ ਦਲ 1996 ਤੋਂ ਬਾਅਦ ਪਹਿਲੀ ਵਾਰ ਇਕੱਲੇ ਚੋਣ ਲੜ ਰਹੀ ਹੈ। ਪਾਰਟੀ ਨੇ ਆਪਣੇ ਸਭ ਤੋਂ ਤਜ਼ੁਰਬੇਕਾਰ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਹਾਲਾਂਕਿ ਚੀਮਾ ਗੁਰਦਾਸਪੁਰ ਹਲਕੇ ਤੋਂ ਜੰਮਪਲ ਹਨ ਪਰ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਜ਼ਿਆਦਾ ਕੰਮ ਕੀਤਾ ਹੈ। ਪਰ ਚੰਦੂਮਾਜਰਾ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਟਿਕਟ ਨਹੀਂ ਮਿਲਿਆ। ਬੀਜੇਪੀ ਤੋਂ ਬਿਨਾਂ ਚੋਣ ਲੜ ਰਹੇ ਅਕਾਲੀ ਦਲ ਲਈ ਉਮੀਦ ਦੀ ਕਿਰਨ ਸਿਰਫ਼ ਬਟਾਲਾ, ਕਾਦੀਆਂ, ਫਤਿਹਗੜ੍ਹ ਚੂੜੀਆਂ, ਤੇ ਡੇਰਾ ਬਾਬਾ ਨਾਨਕ ਹੈ। ਇੱਥੇ ਸਿੱਖ ਅਤੇ ਕਿਸਾਨ ਵੋਟਰ ਵੱਡੀ ਗਿਣਤੀ ਵਿੱਚ ਹਨ। ਪਰ ਇੰਨਾਂ 4 ਹਲਕਿਆਂ ਵਿੱਚ ਕਾਂਗਰਸ ਵੀ ਕਾਫੀ ਮਜ਼ਬੂਤ ਹੈ। ਫਤਿਹਗੜ੍ਹ ਚੂੜੀਆਂ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਡੇਰਾ ਬਾਬਾ ਨਾਨਕ ਸੁਖਜਿੰਦਰ ਰੰਧਾਵਾ ਦਾ ਹਲਕਾ ਹੈ ਜਦਕਿ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਤੋਂ ਵਿਧਾਇਕ ਹਨ। ਇੰਨਾਂ ਤਿੰਨਾਂ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ।
ਕਾਂਗਰਸ ਨੇ ਦਿੱਗਜ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਦਾਨ ਵਿੱਚ ਉਤਾਰ ਕੇ ਸਾਰੇ ਸਮੀਕਰਣ ਬਦਲ ਦਿੱਤੇ ਹਨ। ਹਾਲਾਂਕਿ ਰੰਧਾਵਾ ਆਪ ਲੋਕਸਭਾ ਚੋਣ ਨਹੀਂ ਲੜਨਾ ਚਾਹੁੰਦੇ ਸਨ। ਉਹ ਗੁਰਦਾਸੁਪੁਰ ਵਿਧਾਨਸਭਾ ਹਲਕੇ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਹਾੜਾ ਦਾ ਨਾਂ ਅੱਗੇ ਕਰ ਰਹੇ ਸਨ। ਪਰ ਪਾਰਟੀ ਨੇ ਉਨ੍ਹਾਂ ਦੇ ਨਾਂ ਤੇ ਮੋਹਰ ਲਗਾਈ। ਚੰਗੀ ਗੱਲ ਇਹ ਹੈ ਕਿ ਗੁਰਦਾਸਪੁਰ ਹਲਕੇ ਵਿੱਚ ਕਾਂਗਰਸ ‘ਚ ਬਗਾਵਤ ਨਹੀਂ ਹੈ। ਦੂਜੀ ਗੱਲ ਰੰਧਾਵਾ ਦੇ ਮੌਜੂਦਾ ਵਿਧਾਇਕਾਂ ਨਾਲ ਚੰਗੇ ਰਿਸ਼ਤੇ ਹਨ। ਕਾਦੀਆਂ ਤੋਂ ਆਗੂ ਵਿਰੋਧੀ ਧਿਰ ਪ੍ਰਤਾਪ ਬਾਜਵਾ ਨਾਲ ਚੰਗਾ ਰਿਸ਼ਤਾ ਨਹੀਂ ਪਰ ਹੁਣ ਠੀਕ ਹੋ ਗਿਆ ਹੈ।
ਇਸ ਨਜ਼ਰੀਏ ਨਾਲ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸਭ ਤੋਂ ਮਜ਼ਬੂਤ ਉਮੀਦਵਾਰ ਹਨ। ਹਾਲਾਂਕਿ ਸੁਜਾਨਪਰੁ, ਭੋਆ, ਦੀਨਾਨਗਰ, ਤੇ ਬਟਾਲਾ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਵੋਟਰ ਹਨ ਜੋ ‘ਗੇਮ ਚੇਂਜਰ’ ਸਾਬਿਤ ਹੋ ਸਕਦੇ ਹਨ। 2019 ਵਿੱਚ ਪਾਰਟੀ ਨੂੰ ਇੰਨਾਂ ਹਲਕੇ ਵਿੱਚ ਹੀ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ।
ਪਰ ਬੀਜੇਪੀ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਦਾ ਸਾਥ ਨਹੀਂ ਮਿਲ ਰਿਹਾ। ਉਹ ਟਿਕਟ ਨਾ ਮਿਲਣ ਤੋਂ ਨਰਾਜ਼ ਹਨ। ਕੁੱਲ ਮਿਲਾ ਕੇ ਗੁਰਦਾਸਪੁਰ ਵਿੱਚ ਟੱਕਰ ਕਾਂਗਰਸ ਤੇ ਬੀਜੇਪੀ ਵਿੱਚ ਹੈ। ਸੁਖਜਿੰਦਰ ਸਿੰਘ ਰੰਧਾਵਾ ਦੇ ਮੈਦਾਨ ਵਿੱਚ ਉਤਰਨ ਦੀ ਵਜ੍ਹਾ ਕਰਕੇ ਕਾਂਗਰਸ ਦਾ ਹੱਥ ਉੱਤੇ ਹੈ।