‘ਦ ਖ਼ਾਲਸ ਬਿਊਰੋ : ਕਰੋਨਾ ਮਹਾਂਮਾਰੀ ਨੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਨੂੰ ਨਿਗਲ ਲਿਆ ਸੀ। ਹੌਲੀ ਹੌਲੀ ਹਾਲਾਤ ਠੀਕ ਹੁੰਦੇ ਗਏ ਅਤੇ ਲੋਕ ਮੁੜ ਰੁਜ਼ਗਾਰ ਵੱਲ ਵਧਣ ਲੱਗੇ। ਪਰ ਕੇਪੀਐੱਮਜੀ ਦੀ ਸੀਈਓ ਆਊਟਲੁਕ ਸਰਵੇ ਸਭ ਦੇ ਹੋਸ਼ ਉਡਾਉਣ ਵਾਲਾ ਹੈ। ਸਰਵੇ ਮੁਤਾਬਕ ਦੁਨੀਆ ਭਰ ਵਿੱਚ 46 ਫ਼ੀਸਦੀ ਸੀਈਓ ਮੰਨਦੇ ਹਨ ਕਿ ਉਹ ਅਗਲੇ ਛੇ ਮਹੀਨਿਆਂ ਵਿੱਚ ਕੁਝ ਕਰਮਚਾਰੀਆਂ ਨੂੰ ਕੰਮ ਤੋਂ ਬਾਹਰ ਕੱਢਣਗੇ, ਜਦਕਿ 39 ਫ਼ੀਸਦੀ ਮਾਲਿਕਾਂ ਨੇ ਹੁਣ ਤੋਂ ਹੀ ਕਰਮਚਾਰੀਆਂ ਦੀਆਂ ਨਵੀਆਂ ਨਿਯੁਕਤੀਆਂ ਉੱਤੇ ਰੋਕ ਲਗਾ ਦਿੱਤੀ ਹੈ।
ਕੇਪੀਐੱਮਜੀ ਦੇ ਇਸ ਸਰਵੇ ਦੇ ਲਈ ਅਸਟ੍ਰੇਲੀਆ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇਟਲੀ, ਜਪਾਨ, ਸਪੇਨ, ਬ੍ਰਿਟੇਨ ਅਤੇ ਅਮਰੀਕਾ ਦੇ ਕਰੀਬ 1 ਹਜ਼ਾਰ 300 ਸੀਈਓ ਤੋਂ ਸਵਾਲ ਪੁੱਛੇ ਗਏ ਹਨ। ਰਿਪੋਰਟ ਮੁਤਾਬਕ 80 ਫ਼ੀਸਦੀ ਤੋਂ ਜ਼ਿਆਦਾ ਕੰਪਨੀ ਦੇ ਮਾਲਿਕਾਂ ਦਾ ਮੰਨਣਾ ਹੈ ਕਿ ਅਗਲੇ 12 ਮਹੀਨਿਆਂ ਵਿੱਚ ਮੰਦੀ ਆ ਸਕਦੀ ਹੈ।