India Khalas Tv Special Punjab

ਵਿਸ਼ਵ ਭਰ ਵਿੱਚ ਆਪਣੀ ਜੀਵਨ ਲੀਲਾ ਖ਼ਤਮ ਕਰਨ ਵਾਲਿਆਂ ‘ਚੋਂ 37 ਫ਼ੀਸਦੀ ਭਾਰਤੀ

– ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਬਿਨਾਂ ਸ਼ੱਕ ਤਰੱਕੀ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਪਰ ਅਲਾਮਤਾਂ ਵੀ ਮਨੁੱਖ ਨੂੰ ਓਨੀ ਹੀ ਤੇਜ਼ੀ ਨਾਲ ਘੇਰਨ ਲੱਗੀਆਂ ਹਨ। ਬਦਲ ਰਹੇ ਯੁੱਗ ਨਾਲ ਮਨੁੱਖ ਦੀਆਂ ਮਾਨਸਿਕ ਅਤੇ ਸਰੀਰਕ ਪੀੜਾਂ ਵੀ ਉਸੇ ਰਫ਼ਤਾਰ ਨਾਲ ਵਧੀਆਂ ਹਨ। ਉਂਝ ਤਾਂ ਭਾਰਤ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਮਾਨਸਿਕ ਵਿਕਾਰ ਪਹਿਲਾਂ ਨਾਲੋਂ ਜ਼ਿਆਦਾ ਭਾਰੂ ਹੋ ਰਹੇ ਹਨ ਪਰ ਕਰੋ ਨਾ ਦੀ ਮਾ ਰ ਨੇ ਹਾਲਾਤਾਂ ਨੂੰ ਹੋਰ ਗੁੰਝਲਦਾਰ ਅਤੇ ਜਟਿਲ ਬਣਾ ਦਿੱਤਾ ਹੈ। ਪਹਿਲਾਂ ਪਹਿਲ ਉਦਾਸੀਨਤਾ ਜਾਂ ਤਣਾਅ ਸ਼ਹਿਰੀ ਬਿਮਾਰੀ ਮੰਨੀ ਜਾਂਦੀ ਸੀ ਪਰ ਹੁਣ ਕਸਬਿਆਂ ਅਤੇ ਪਿੰਡਾਂ ਦੇ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਖ ਹੋ ਸਕਦੀਆਂ ਹਨ ਪਰ ਦੋਹਾਂ ਸਿਰ ਸੰਕਟ ਇੱਕੋ ਜਿਹਾ ਆ ਖੜਿਆ ਹੈ। ਇਸਦਾ ਦੂਜਾ ਪੱਖ ਇਹ ਵੀ ਹੈ ਕਿ ਨਵੇਂ ਜ਼ਮਾਨੇ ਵਿੱਚ ਮਨੁੱਖ ਵਧੇਰੇ ਸੁਚੇਤ ਅਤੇ ਜਾਗਰੂਕ ਹੋ ਗਿਆ ਹੈ। ਪੁਰਾਣੇ ਸਮਿਆਂ ਵਿੱਚ ਜਿਹੜੇ ਮੁੱਦੇ ਸਾਂਝੇ ਪਰਿਵਾਰਾਂ ਵਿੱਚ ਬਹਿ ਕੇ ਹੱਲ ਕਰ ਲਏ ਜਾਂਦੇ ਸਨ, ਉਹ ਹੁਣ ਅੰਦਰ ਦੱਬੇ ਰਹਿ ਜਾਣ ਲੱਗੇ ਹਨ। ਉਨ੍ਹਾਂ ਸਮਿਆਂ ਵਿੱਚ ਉਦਾਸੀਨਤਾ, ਤਣਾਅ ਜਾਂ ਫਿਰ ਮਾਨਸਿਕ ਰੋਗ ਨੂੰ ਲੁਕੋ ਕੇ ਰੱਖਿਆ ਜਾਂਦਾ ਸੀ, ਹੁਣ ਇਸਨੂੰ ਦੂਜੀਆਂ ਬਿ ਮਾਰੀਆਂ ਦੀ ਤਰ੍ਹਾਂ ਦੱਸ ਕੇ ਡਾਕਟਰਾਂ ਕੋਲ ਜਾਣ ਦਾ ਹੀਆ ਕਰਨ ਲੱਗੇ ਹਨ।

ਕਰੋਨਾ ਕਾਲ ਦੌਰਾਨ ਮਨ ਦੀ ਬਿ ਮਾਰੀ ਇੱਕ ਤਰ੍ਹਾਂ ਨਾਲ ਮਹਾਂਮਾ ਰੀ ਬਣ ਕੇ ਆਈ ਹੈ। ਬਿਮਾਰੀ ਨਾਲ ਜਿਹੜਾ ਨੁਕਸਾਨ ਹੋਇਆ ਹੈ, ਜਿਵੇਂ ਮਨੁੱਖ ਦੀ ਜਿਊਂਦੇ ਜੀਅ ਜਾਂ ਮਰ ਨ ਤੋਂ ਬਾਅਦ ਮਿੱਟੀ ਰੁਲੀ ਹੈ, ਉਸਨੇ ਸਮਾਜ ਨੂੰ ਧੁਰ ਅੰਦਰੋਂ ਹਲੂਣ ਕੇ ਰੱਖ ਦਿੱਤਾ ਹੈ। ਹੁਣ ਕਰੋਨਾ ਦਾ ਬਦਲਦਾ ਰੂਪ ਲੋਕਾਂ ਨੂੰ ਵੱਖਰਾ ਡਰਾਉਣ ਲੱਗਾ ਹੈ। ਮਨੁੱਖ ਅੰਦਰ ਅਣਹੋਣੀ ਵਾਪਰਨ ਦੀ ਦਹਿਸ਼ਤ ਹੈ। ਮੈਂਟਲ ਹੈਲਥ ਸਰਵਿਸ ਦੀ ਰਿਪੋਰਟ ਤੋਂ ਸਮਾਜ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦੇਣ ਵਾਲੇ ਤੱਥ ਸਾਹਮਣੇ ਆਏ ਹਨ ਕਿ ਦੁਨੀਆ ਭਰ ਵਿੱਚ ਆਤਮ ਹੱਤਿ ਆਵਾਂ ਕਰਨ ਵਾਲਿਆਂ ਵਿੱਚੋਂ 37 ਫ਼ੀਸਦੀ ਭਾਰਤੀ ਹਨ। ਭਾਰਤ ਦੇ 26 ਰਾਜਾਂ ਵਿੱਚ ਔਰਤਾਂ ਦੀ ਮੌਤ ਦੀ ਸਭ ਤੋਂ ਵੱਡੀ ਵਜ੍ਹਾ ਖੁਦ ਕੁਸ਼ੀ ਹੈ। ਭਾਰਤੀਆਂ ਵਿੱਚੋਂ 12 ਫ਼ੀਸਦੀ ਕਿਸੇ ਨਾ ਕਿਸੇ ਪ੍ਰਕਾਰ ਦੀ ਮਾਨਸਿਕ ਚੀਸ ਵਿੱਚੋਂ ਗੁਜ਼ਰ ਰਹੇ ਹਨ। ਕਰੋ ਨਾ ਕਾਲ ਦੌਰਾਨ ਮਾਨਸਿਕ ਰੋਗਾਂ ਦੀ ਗਿਣਤੀ ਵਿੱਚ 35 ਫ਼ੀਸਦੀ ਦਾ ਵਾਧਾ ਹੋਇਆ ਹੈ। ਤਿੰਨ ਕਰੋੜ ਅੱਠ ਲੱਖ ਭਾਰਤੀ ਤਣਾਅ ਦੀ ਬਿਮਾਰੀ ਤੋਂ ਪੀੜਤ ਹਨ। ਪੰਜ ਕਰੋੜ ਛੇ ਲੱਖ ਲੋਕ ਡਿਪਰੈਸ਼ਨ ਵਿੱਚੋਂ ਦੀ ਲੰਘ ਰਹੇ ਹਨ। ਸਿਹਤ ਸਹੂਲਤਾਂ ਦਾ ਇੰਨਾ ਦੀਵਾਲਾ ਨਿਕਲ ਚੁੱਕਾ ਹੈ ਕਿ ਭਾਰਤ ਵਿੱਚ ਇੱਕ ਲੱਖ ਵਾਸੀਆਂ ਪਿੱਛੇ ਮਨੋਰੋਗ ਦਾ ਕੇਵਲ ਇੱਕ ਡਾਕਟਰ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਮ ਮਨੁੱਖ ਆਤਮ ਹੱਤਿ ਆ ਉਦੋਂ ਕਰਦਾ ਹੈ ਜਦੋਂ ਮਾਨਸਿਕ ਵਿਕਾਰ ਸਿਖਰ ‘ਤੇ ਹੋਣ।

ਸਰਵੇ ਵਿੱਚ ਦੋ ਹੋਰ ਅਹਿਮ ਗੱਲਾਂ ਕਹੀਆਂ ਗਈਆਂ ਹਨ ਕਿ 47 ਫ਼ੀਸਦੀ ਬਜ਼ੁਰਗ ਮੰਨਦੇ ਹਨ ਕਿ ਇਕੱਲਾਪਨ ਹੀ ਮਾਨਸਿਕ ਰੋਗ ਦੀ ਅਸਲ ਵਜ੍ਹਾ ਹੈ। ਇਸਦੇ ਉਲਟ 38 ਫ਼ੀਸਦੀ ਔਰਤਾਂ ਨੂੰ ਇਕੱਲਾਪਣ ਡਿਪਰੈਸ਼ਨ ਵੱਲ ਧੱਕ ਰਿਹਾ ਹੈ। ਨਵੀਂ ਪੀੜੀ ਵੀ ਇਕੱਲੇਪਣ ਦੀ ਬਿਮਾਰੀ ਤੋਂ ਬਚ ਨਹੀਂ ਸਕੀ ਅਤੇ 12 ਫ਼ੀਸਦੀ ਨੌਜਵਾਨ ਇਸੇ ਵਜ੍ਹਾ ਕਰਕੇ ਡਿਪਰੈਸ਼ਨ ਵਿੱਚ ਜਾ ਰਹੇ ਹਨ। ਸਰਵੇ ਤੋਂ ਇੱਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਵੱਡੀ ਗਿਣਤੀ ਲੋਕਾਂ ਦੀ ਵਿੱਤੀ ਹਾਲਤ ਇੰਨੀ ਪਤਲੀ ਹੈ ਕਿ ਜੇ ਪਰਿਵਾਰ ਦਾ ਇੱਕ ਮੈਂਬਰ ਬਿਮਾਰ ਹੋ ਜਾਵੇ ਤਾਂ ਦੂਜਾ ਜਣਾ ਇਲਾਜ ਦੇ ਖ਼ਰਚੇ ਦੀ ਚਿੰਤਾ ਨਾਲ ਤਣਾਅ ਵਿੱਚ ਚਲਾ ਜਾਂਦਾ ਹੈ। ਰਿਪੋਰਟ ਵਿੱਚ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੱਕਰ ਰੋਗ ਜਾਂ ਬੀਪੀ ਦੀ ਤਰ੍ਹਾਂ ਮਨੋਰੋਗ ਵੀ ਜੈਨੈਟਿਕ ਬਿਮਾਰੀ ਹੈ। ਜੇ ਕਿਸੇ ਬੱਚੇ ਨਾਲ ਬਚਪਨ ਵਿੱਚ ਘਰਦਿਆਂ ਜਾਂ ਬਾਹਰਲਿਆਂ ਵੱਲੋਂ ਜ਼ਿਆਦਤੀ ਕੀਤੀ ਗਈ ਹੋਵੇ ਤਾਂ ਬਿਮਾਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਪਰਿਵਾਰ ਜਾਂ ਰਿਸ਼ਤੇਦਾਰਾਂ ਨਾਲ ਸਬੰਧ ਨਿੱਘੇ ਨਾ ਰਹਿਣ ਜਾਂ ਫਿਰ ਸਮਾਜ ਤੋਂ ਅਲੱਗ-ਥਲੱਗ ਹੋ ਕੇ ਚੱਲਣ ਵਾਲੇ ਮਨੁੱਖ ਨੂੰ ਇਹ ਬਿਮਾਰੀ ਛੇਤੀ ਆ ਘੇਰਦੀ ਹੈ। ਦਫ਼ਤਰ ਦਾ ਤਣਾਅਪੂਰਵਕ ਮਾਹੌਲ ਵੀ ਮਨੋਰੋਗ ਦੀ ਵਜ੍ਹਾ ਬਣਦਾ ਹੈ।

ਰਿਪੋਰਟ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬਿਮਾਰੀ ਨੂੰ ਲੁਕਾਉਣ ਦੀ ਥਾਂ ਸ਼ੁਰੂ ਵਿੱਚ ਹੀ ਮਨੋਵਿਗਿਆਨ ਜਾਂ ਮਨੋਰੋਗ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੁੰਦੀ ਹੈ। ਜਦੋਂ ਕਿਸੇ ਮਨੁੱਖ ਨੂੰ ਇਕੱਲੇ ਰਹਿਣ ਤੋਂ ਡਰ ਲੱਗਣ ਪੈ ਜਾਵੇ, ਖੁਸ਼ੀ ਦੇ ਪਲ ਵੀ ਮਨ ਨੂੰ ਨਾ ਭਾਉਣ, ਮਨੁੱਖ ਦਾ ਸੁਭਾਅ ਵਧੇਰੇ ਝਗੜਾਲੂ ਹੋਣ ਲੱਗ ਪਵੇ, ਮੂਡ ਵਿੱਚ ਛੇਤੀ ਛੇਤੀ ਉਤਰਾਅ-ਚੜਾਅ ਆਉਣ ਲੱਗ ਪੈਣ, ਨੀਂਦ ਡਿਸਟਰਬ ਰਹਿਣ ਲੱਗ ਪਵੇ ਜਾਂ ਫਿਰ ਤੁਹਾਡੇ ਵਿਵਹਾਰ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇ ਤਾਂ ਤੁਹਾਨੂੰ ਡਾਕਟਰ ਦੀ ਤੁਰੰਤ ਮੈਡੀਕਲ ਸਲਾਹ ਦੀ ਜ਼ਰੂਰਤ ਹੈ। ਡਾਕਟਰਾਂ ਦਾ ਇਹ ਵੀ ਮੰਨਣਾ ਹੈ ਕਿ ਡਿਪਰੈਸ਼ਨ ਦਾ ਸਬੰਧ ਮੌਸਮ ਨਾਲ ਜੁੜਿਆ ਹੋਇਆ ਹੈ। ਮੌਸਮ ਬਦਲਣ ਵੇਲੇ ਅਤੇ ਭਰ ਗਰਮੀ ਜਾਂ ਪੂਰੀ ਠੰਡ ਵੇਲੇ ਤਕਲੀਫ਼ ਆਮ ਨਾਲੋਂ ਵੱਧ ਜਾਂਦੀ ਹੈ। ਅਸਲ ਵਿੱਚ ਇਹ ਇਹੋ ਜਿਹੀ ਬਿਮਾਰੀ ਹੈ ਜਿਸਨੂੰ ਦਵਾਈ ਨਾਲੋਂ ਆਪਣੇ ਮਨੋਬਲ ਨਾਲ ਵਧੇਰੇ ਤਕੜੇ ਹੋ ਕੇ ਲੜਿਆ ਜਾ ਸਕਦਾ ਹੈ।

ਚੜਦੀਕਲਾ ਵਿੱਚ ਰਹਿਣ ਦਾ ਗੁਰ ਆਪਣੇ-ਆਪ ਨੂੰ ਸਾਕਾਰਾਮਤਕ ਕੰਮਾਂ ਵਿੱਚ ਲਾਈ ਰੱਖਣਾ, ਖੁਸ਼ੀ ਨੂੰ ਵਧਾ ਕੇ ਦੇਖਣਾ ਅਤੇ ਪਰਿਵਾਰ ਨਾਲ ਰਚ-ਮਿਚ ਕੇ ਰਹਿਣ ਨਾਲ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਪਣੇ-ਆਪ ਨੂੰ ਬਿਮਾਰੀ ਦੇ ਭਾਰ ਥੱਲੇ ਦੱਬ ਕੇ ਖ਼ਤਮ ਕਰਨ ਨਾਲੋਂ ਦਲੇਰੀ ਦੇ ਸਹਾਰੇ ਟੱਕਰ ਲੈ ਕੇ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਣਾ ਜੀਵਨ ਦੀ ਕਲਾ ਹੈ। ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਭਾਰਤੀ ਚੋਣ ਕਮਿਸ਼ਨ ਦੀਆਂ ਕਰੋਨਾ ਪਾਬੰਦੀਆਂ ਹਰ ਪਾਸੇ ਤੋਂ ਤਰਕਸੰਗਤ ਮੰਨੀਆਂ ਜਾਣ ਲੱਗੀਆਂ ਹਨ। ਲੋੜ ਸਿਆਸਤਦਾਨਾਂ ਨੂੰ ਸਬਕ ਸਿੱਖਣ ਦੀ ਹੈ। ਸਿਆਸੀ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੱਤਾ ਨਾਲੋਂ ਲੋਕਾਂ ਦੀ ਜਾਨ ਵਧੇਰੇ ਮਹੱਤਵਪੂਰਨ ਹੈ। ਉਂਝ, ਵੋਟਰਾਂ ਕੋਲ ਸਿਆਸੀ ਪਾਰਟੀਆਂ ਜਾਂ ਚੋਣ ਰੈਲੀਆਂ ਜਾਂ ਫਿਰ ਨਿੱਜੀ ਦੂਰੀ ਬਣਾ ਕੇ ਰੱਖਣ ਦਾ ਮੌਲਿਕ ਅਧਿਕਾਰ ਉਨ੍ਹਾਂ ਕੋਲ ਰਾਖਵਾਂ ਹੈ। ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਵੋਟਾਂ ਤੋਂ ਪਹਿਲਾਂ ਤੁਹਾਡੇ ਆਲੇ-ਦੁਆਲੇ ਮੰਡਰਾਉਣ ਵਾਲੇ ਸਿਆਸਤਦਾਨ ਬਾਅਦ ਵਿੱਚ ਤੁਹਾਨੂੰ ਅਕਸਰ ਵਿਸਾਰ ਦਿੰਦੇ ਹਨ।