India Khaas Lekh Khalas Tv Special Punjab

ਅੱਧਾ ਪੰਜਾਬ ਆ ਜਾਣੈ ਬੀਐੱਸਐੱਫ਼ ਦੇ ਕਬਜ਼ੇ ਹੇਠ

ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ

‘ਦ ਖ਼ਾਲਸ ਬਿਊਰੋ :- ਪੰਜਾਬ ਹਿਤੈਸ਼ੀਆਂ ਨੂੰ ਹਾਲੇ ਸੂਬੇ ਵਿੱਚ ਬਾਰਡਰ ਸਿਕਿਓਰਿਟੀ ਫੋਰਸ ਦਾ ਦਾਇਰਾ ਵਧਾਉਣ ਦਾ ਦਰਦ ਹਾਲੇ ਭੁੱਲਿਆ ਨਹੀਂ ਕਿ ਬੀਐੱਸਐੱਫ ਦੇ ਬੂਟਾਂ ਦੀ ਦਰੜ-ਦਰੜ ਹੋਰ ਵਧਣ ਦੀਆਂ ਕਨਸੋਆਂ ਕੰਨੀਂ ਪੈਣ ਲੱਗੀਆਂ ਹਨ। ਪੰਜਾਬ ਅੰਦਰਲੀਆਂ ਖੁਫੀਆ ਏਜੰਸੀਆਂ ਦੀ ਰਿਪੋਰਟ ਕੇਂਦਰ ਸਰਕਾਰ ਨੇ ਜੇ ਮੰਨ ਲਈ ਤਾਂ ਪੰਜਾਬ ਵਿੱਚ ਬੀਐੱਸਐੱਫ ਦਾ ਦਾਇਰਾ 50 ਤੋਂ ਵਧਾ ਕੇ 100 ਕਿਲੋਮੀਟਰ ਕਰ ਦਿੱਤਾ ਜਾਵੇਗਾ। ਹਾਲੇ ਪਿਛਲੇ ਅਕਤੂਬਰ ਵਿੱਚ ਹੀ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਵਿੱਚ ਬੀਐੱਸਐੱਫ ਦਾ ਦਾਇਰਾ 15 ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਸੀ। ਇਹ ਫੈਸਲਾ ਪੰਜਾਬ ਸਮੇਤ ਮੁਲਕ ਦੇ ਦੂਜੇ ਕੌਮੀ ਸਰਹੱਦਾਂ ਨਾਲ ਲੱਗਦੇ ਸੂਬਿਆਂ ਉੱਤੇ ਵੀ ਲਾਗੂ ਹੋ ਸਕਦਾ ਹੈ।

ਉਦਾਹਰਣ ਦੇ ਤੌਰ ਉੱਤੇ ਕੇਂਦਰ ਵੱਲੋਂ ਬੀਐੱਸਐੱਫ ਦਾ ਪਹਿਲੀ ਵਾਰ ਦਾਇਰਾ ਵਧਾਏ ਜਾਣ ਨਾਲ ਕੇਂਦਰੀ ਬਲਾਂ ਦੀ ਹਕੂਮਤ ਅੰਮ੍ਰਿਤਸਰ ਤੋਂ ਬਿਆਸ ਤੱਕ ਵੱਧ ਗਈ ਸੀ। ਨਵੇਂ ਫੈਸਲੇ ਨਾਲ ਬਾਰਡਰ ਸੁਰੱਖਿਆ ਫੋਰਸ ਦੀ ਹਕੂਮਤ ਫਗਵਾੜਾ ਤੱਕ ਚੱਲਣ ਲੱਗੇਗੀ। ਦੂਜੇ ਪਾਸੇ ਬੀਐੱਸਐੱਫ਼ ਦੇ ਬੂਟਾਂ ਦੀ ਦਰੜ-ਦਰੜ ਜਿਹੜੀ ਹੁਣ ਤੱਕ ਫਿਰੋਜ਼ਪੁਰ ਤੱਕ ਸੁਣਨ ਨੂੰ ਮਿਲਦੀ ਸੀ, ਨਵੇਂ ਫੈਸਲੇ ਤੋਂ ਬਾਅਦ ਲੁਧਿਆਣਾ ਤੱਕ ਸੁਣੀ ਜਾ ਸਕੇਗੀ।

ਪੰਜਾਬ ਅੰਦਰ ਕੰਮ ਕਰਦੀਆਂ ਖੁਫੀਆ ਏਜੰਸੀਆਂ ਨੇ ਕੇਂਦਰ ਸਰਕਾਰ ਨੂੰ ਇੱਕ ਰਿਪੋਰਟ ਭੇਜ ਕੇ ਪੰਜਾਬ ਸਮੇਤ ਦੂਜੇ ਸੀਮਾਵਰਤੀ ਸੂਬਿਆਂ ਵਿੱਚ ਬੀਐੱਸਐੱਫ ਦਾ ਦਾਇਰਾ 50 ਕਿਲੋਮੀਟਰ ਹੋਰ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਅੰਦਰ ਬੀਐੱਸਐੱਫ ਦਾ ਦਾਇਰਾ ਵਧਾਏ ਜਾਣ ਦੇ ਬਾਅਦ ਨਸ਼ਾ ਤਸਕਰਾਂ ਦੀ ਕਿਸੇ ਹੱਦ ਤੱਕ ਰੀੜ ਦੀ ਹੱਡੀ ਤੋੜਨ ਦਾ ਗੁਣਗਾਣ ਕੀਤਾ ਹੈ। ਸੂਬਿਆਂ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਬੀਐੱਸਐੱਫ ਵੱਲੋਂ ਫੜੇ ਗਏ ਨਸ਼ੇ ਦੇ ਅੰਕੜੇ ਪੇਸ਼ ਵੀ ਕੀਤੇ ਹਨ।

ਸੂਬਿਆਂ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ

ਯੂਪੀ ਜਾਂ ਰਾਜਸਥਾਨ ਸਮੇਤ ਦੂਜੇ ਵੱਡੇ ਰਾਜਾਂ ਵਿੱਚ ਬੀਐੱਸਐੱਫ ਦਾ ਦਾਇਰਾ ਵਧਾਏ ਜਾਣ ਨਾਲ ਓਨਾ ਫਰਕ ਨਹੀਂ ਪੈਣਾ ਕਿਉਂਕਿ ਉਹ ਆਕਾਰ ਅਤੇ ਆਬਾਦੀ ਪੱਖੋਂ ਵੱਡੇ ਸੂਬੇ ਹਨ ਪਰ ਸੂਬੀ ਵਜੋਂ ਜਾਣੇ ਜਾਂਦੇ ਪੰਜਾਬ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਦਰੜ ਦਰੜ ਵਧਣ ਨਾਲ ਅੱਧਾ ਪੰਜਾਬ ਕੇਂਦਰ ਦੇ ਕਬਜ਼ੇ ਹੇਠ ਆ ਜਾਵੇਗਾ। ਇਸਦਾ ਸਿੱਧੇ ਅਤੇ ਸਰਲ ਸ਼ਬਦਾਂ ਵਿੱਚ ਅਰਥ ਇਹ ਹੋਇਆ ਕਿ ਪੰਜਾਬ ਪੁਲਿਸ ਨਾਲੋਂ ਬੀਐੱਸਐੱਫ ਦਾ ਅਧਿਕਾਰਤ ਖੇਤਰ ਵੱਧ ਜਾਵੇਗਾ। ਬੀਐੱਸਐੱਫ ਖੇਤਰ ਵਿੱਚ ਆਪਣੀ ਮਰਜ਼ੀ ਨਾਲ ਛਾਪੇ ਮਾਰ ਸਕੇਗੀ, ਤਲਾਸ਼ੀਆਂ ਲੈ ਸਕੇਗੀ ਅਤੇ ਗ੍ਰਿਫਤਾਰੀਆਂ ਪਾਉਣ ਦਾ ਹੱਕ ਵੀ ਮਿਲ ਜਾਵੇਗਾ। ਖੁਫੀਆ ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ਉਨ੍ਹਾਂ ਸੀਮਾ ਵਰਤੀ ਰਾਜਾਂ ਵਿੱਚ ਬੀਐੱਸਐੱਫ ਦਾ ਦਾਇਰਾ ਵਧਾਉਣ ਦੀ ਸਿਫਾਰਸ਼ ਕੀਤੀ ਹੈ ਜਿਨ੍ਹਾਂ ਵਿੱਚ ਇੱਕ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੈ। ਖਬਰਾਂ ਤਾਂ ਇਹ ਵੀ ਹਨ ਕਿ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਪੰਜਾਬ ਪੁਲਿਸ ਨਾਲੋਂ ਬੀਐੱਸਐੱਫ ਦੀ ਕਾਰਗੁਜ਼ਾਰੀ ਬਿਹਤਰ ਹੋਣ ਦਾ ਦਾਅਵਾ ਕੀਤਾ ਹੈ।

ਅੰਕੜੇ ਦੱਸਦੇ ਹਨ ਕਿ ਬੀਐੱਸਐੱਫ ਨੇ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਦੇ ਛੇ ਡ੍ਰੋਨ ਫੁੰਡੇ ਹਨ ਅਤੇ ਇੱਕ ਭਾਰਤੀ ਡ੍ਰੋਨ ਨੂੰ ਕਬਜ਼ੇ ਵਿੱਚ ਲਿਆ ਸੀ। ਭਾਰੀ ਮਾਤਰਾ ਵਿੱਚ ਅਸਲਾ ਫੜੇ ਜਾਣ ਤੋਂ ਬਿਨਾਂ ਬੀਐੱਸਐੱਫ ਨੇ 314.05 ਕਿਲੋਗ੍ਰਾਮ ਹੈਰੋਇਨ ਵੀ ਫੜੀ ਹੈ।

ਪੰਜਾਬ ਦੀਆਂ ਸਿਆਸੀ ਪਾਰਟੀਆਂ ਜੇ ਕੇਂਦਰ ਵੱਲੋਂ ਪਹਿਲੀ ਵਾਰ ਬੀਐੱਸਐੱਫ ਦਾ ਦਾਇਰਾ ਵਧਾਏ ਜਾਣ ਦੇ ਵਿਰੁੱਧ ਡਟ ਕੇ ਖੜ ਜਾਂਦੀਆਂ ਤਾਂ ਪੰਜਾਬੀਆਂ ਨੂੰ ਆਹ ਦਿਨ ਨਹੀਂ ਸੀ ਵੇਖਣੇ ਪੈਣੇ। ਆਮ ਆਦਮੀ ਪਾਰਟੀ ਸਮੇਤ ਦੂਜੀਆਂ ਦੋਵੇਂ ਰਵਾਇਤੀ ਪਾਰਟੀਆਂ ਮਾਮਲਾ ਚਾਹੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦਾ ਹੋਵੇ ਜਾਂ ਚੰਡੀਗੜ੍ਹ ਵਿੱਚ ਕੇਂਦਰੀ ਸਰਵਿਸ ਰੂਲਜ਼ ਲਾਗੂ ਕਰਨ ਦੇ ਹੁਕਮ ਹੋਣ ਤੇ ਜਾਂ ਫਿਰ ਚੰਡੀਗੜ੍ਹ ਵਿੱਚੋਂ ਪੰਜਾਬ  ਦੇ ਹਿੱਸੇ ਨੂੰ ਖੋਰਾ ਲਾਉਣ ਦੀ ਚਾਲ, ਤੇ ਉਸ ਤੋਂ ਵੀ ਅੱਗੇ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਥਾਂ ਦੇਣ ਦਾ ਮਸਲਾ ਹੋਵੇ, ਘੇਸਲ ਮਾਰ ਕੇ ਸਮਾਂ ਟਪਾ ਰਹੀਆਂ ਹਨ। ਸਿਆਸੀ ਪਾਰਟੀਆਂ ਦੀ ਚਤੁਰਾਈ ਦਾ ਖਮਿਆਜ਼ਾ ਆਉਣ ਵਾਲੀ ਪੀੜੀ ਨੂੰ ਭੁਗਤਣਾ ਪਵੇਗਾ ਅਤੇ ਉਹ ਮੁਆਫ ਨਹੀਂ ਕਰਨਗੀਆਂ।