Punjab

ਫਿਰੋਜ਼ਪੁਰ ਵਿੱਚ ਲੱਗੀ ਧਾਰਾ 144 ! 2 ਮਹੀਨੇ ਤੱਕ ਰਹੇਗੀ ਜਾਰੀ

ਸੜਕਾਂ ‘ਤੇ ਵੱਧ ਰਹੀਆਂ ਦੁਰਘਟਨਾਵਾਂ ਦੀ ਵਜ੍ਹਾ ਕਰਕੇ ਪ੍ਰਸ਼ਾਸਨ ਨੇ ਲਿਆ ਫੈਸਲਾ

ਬਿਊਰੋ ਰਿਪੋਰਟ (ਖੁਸ਼ਵੰਤ ਸਿੰਘ) : ਫਿਰੋਜ਼ਪੁਰ ਦੇ ਡੀਸੀ ਵੱਲੋਂ ਇੱਕ ਅਹਿਮ ਆਦੇਸ਼ ਜਾਰੀ ਕਰਦੇ ਹੋਏ ਪੂਰੇ ਜ਼ਿਲ੍ਹੇ ਵਿੱਚ 2 ਮਹੀਨਿਆਂ ਦੇ ਲਈ ਧਾਰਾ 144 ਲਾਗੂ ਕੀਤੀ ਗਈ ਹੈ। ਇਹ ਆਦੇਸ਼ ਅਵਾਰਾ ਪਸ਼ੂਆਂ ‘ਤੇ ਲਾਗੂ ਹੋਣਗੇ। ਫਿਰੋਜ਼ਪੁਰ ਦੇ SDM ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇੱਕ ਰਿਪੋਰਟ ਦਿੱਤੀ ਹੈ, ਜਿਸ ਤੋਂ ਬਾਅਦ ਪਸ਼ੂਆਂ ‘ਤੇ ਧਾਰਾ 144 ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਫਿਰੋਜ਼ਪੁਰ ਦੇ ਡੀਸੀ ਵੱਲੋਂ ਜਾਰੀ ਹੁਕਮਾਂ ਵਿੱਚ ਇਸ ਦੇ ਪਿੱਛੇ ਕਈ ਕਾਰਨ ਦੱਸੇ ਗਏ ਹਨ।

ਪਸ਼ੂਆਂ ‘ਤੇ ਧਾਰਾ 144 ਦਾ ਮਤਲਬ

ਫਿਰੋਜ਼ਪੁਰ ਦੀਆਂ ਸੜਕਾਂ ਆਵਾਰਾ ਪਸ਼ੂਆਂ ਨਾਲ ਭਰੀਆਂ ਰਹਿੰਦੀਆਂ ਸਨ। ਮੰਨਿਆ ਜਾਂਦਾ ਹੈ ਕਿ ਗੁੱਜਰ ਭਾਈਚਾਰੇ ਦੇ ਇਹ ਪਸ਼ੂ ਸੜਕਾਂ ‘ਤੇ ਅਵਾਰਾ ਘੁੰਮਦੇ ਹਨ ਅਤੇ ਵੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ। ਹੁਣ ਤੱਕ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਵਜ੍ਹਾ ਕਰਕੇ ਕਈ ਹਾਦਸੇ ਹੋ ਚੁੱਕੇ ਹਨ। ਕਈ ਮਾਮਲਿਆਂ ਵਿੱਚ ਜਾਨਾਂ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਦੇ ਖੇਤਾਂ ਨੂੰ ਅਵਾਰਾ ਪਸ਼ੂਆਂ ਦੇ ਨਾਲ ਕਾਫੀ ਨੁਕਸਾਨ ਹੁੰਦਾ ਸੀ। ਕਈ ਵਾਰ ਗੁੱਜਰ ਭਾਈਚਾਰਾ ਅਤੇ ਕਿਸਾਨ ਆਹਮੋ-ਸਾਹਮਣੇ ਵੀ ਹੋਏ ਅਤੇ ਹੱਥੋਪਾਈ ਦੇ ਮਾਮਲੇ ਵੀ ਸਾਹਮਣੇ ਆਏ। ਦੋਵਾਂ ਭਾਈਚਾਰਿਆਂ ਦੇ ਵਿਚਾਲੇ ਟਕਰਾਅ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਸਨ। ਇਸੇ ਲਈ ਡੀਸੀ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਸੜਕਾਂ ‘ਤੇ ਆਵਾਰਾ ਪਸ਼ੂਆਂ ਨੂੰ ਘੁਮਾਉਣ ਅਤੇ ਚਰਾਉਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਫਿਲਹਾਲ 2 ਮਹੀਨੇ ਲਈ ਲਗਾਈ ਗਈ ਹੈ। ਡੀਸੀ ਦੇ ਇਸ ਫੈਸਲੇ ਦਾ ਸਥਾਨਕ ਲੋਕਾਂ ਵੱਲੋਂ ਵੀ ਸੁਆਗਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਮੌਜੂਦ ਗਉਸ਼ਾਲਾਵਾਂ ਨੂੰ ਵੀ ਆਵਾਰਾ ਪਸ਼ੂਆਂ ਨੂੰ ਸੰਭਾਲਣ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।