ਐਤਵਾਰ ਖ਼ਾਲਸ ਵਿਸ਼ੇਸ਼
-ਕਮਲਜੀਤ ਸਿੰਘ ਬਨਵੈਤ
ਕੀਰਤਨ ਸਿੰਘ ਸੋਢੀ ਨੇ ਜਾਨ ਹੂਲ ਕੇ ਪੱਤਰਕਾਰੀ ਕੀਤੀ ਹੈ। ਨਿੱਠ ਕੇ ਲਿਖਿਆ ਵੀ ਹੈ ਰਿਸ਼ਤੇਦਾਰੀ, ਮਿੱਤਰ- ਸੱਜਣ ਸਮੇਤ ਭਾਈਚਾਰੇ ਦੇ ਵਿੱਚ ਨਿਭਿਆ ਤਾਂ ਹੈ ਹੀ ਪਰ ਜੇ ਜ਼ਿੰਦਗੀ ‘ਚ ਨਹੀਂ ਕੀਤੀ ਤਾਂ ਤਿਕੜਮ-ਬਾਜ਼ੀ। ਖ਼ਬਰਾਂ ਲਵਾਉਣ ਵਾਲਿਆਂ ਨਾਲ ਬੈਠ ਕੇ ਕੁੱਕੜ ਦੀਆੰ ਲੱਤਾਂ ਚੱਬਣ ਜਾਂ ਫਿਰ ਸਾਹਿਤਕ ਗੋਸ਼ਟੀਆਂ ਪਿੱਛੋਂ ਰਾਤਾਂ ਨੂੰ ਦਾਰੂ ਦੇ ਪੈੱਗ ਡਕਾਰਨਾ ਉਹਨੂੰ ਚੰਗਾ ਨਹੀਂ ਲੱਗਿਆ।
ਹਾਲੇ ਜਦੋਂ ਉਸਨੇ ਲਿਖਣਾ ਸ਼ੁਰੂ ਹੀ ਕੀਤਾ ਸੀ ਤਾਂ ਇੱਕ ਕਹਾਣੀ ਦਰਬਾਰ ਵਿੱਚ ਆਪਣੀ ਰਚਨਾ ਪੜ੍ਹਨ ਦਾ ਸੱਦਾ ਆਇਆ। ਕਹਾਣੀ ਦਰਬਾਰ ਤੋਂ ਬਾਅਦ ਸਾਰੇ ਕਹਾਣੀਕਾਰ ਰਾਤ ਢਲਦਿਆਂ ਹੀ ਇੱਕ ਖੋਖੇ ‘ਤੇ ਬੈਠ ਕੇ ਜਿਵੇਂ ਲਿਟਦੇ ਰਹੇ, ਉਸ ਤੋਂ ਬਾਅਦ ਉਸਨੇ ਤੋਬਾ ਕਰ ਲਈ ਸੀ ਕਹਾਣੀ ਦਰਬਾਰਾਂ ਵਿੱਚ ਹਾਜ਼ਰੀ ਭਰਨ ਦੀ। ਇੱਕ ਲੇਖਕ ਤਾਂ ਆਪਣੀ ਕਹਾਣੀ ਸੁਣਾ ਕੇ ਗਈ ਖ਼ੂਬਸੂਰਤ ਲੇਖਿਕਾ ਦੇ ਨਾਂ ਦਾ ਪੈੱਗ ਲਾ-ਲਾ ਕੇ ਉਸਨੂੰ ਹਾਕਾਂ ਮਾਰਦਾ ਰਿਹਾ। ਨੰਬਵਿਆਂ ਦੀ ਇੱਕ ਹੋਰ ਘਟਨਾ ਚੇਤੇ ਆਉਣ ਤੋਂ ਬਾਅਦ ਤਾਂ ਉਸਨੇ ਸਾਹਿਤਕ ਸਮਾਗਮਾਂ ਤੋਂ ਦੂਰ ਰਹਿਣ ਦਾ ਪ੍ਰਣ ਲੈ ਲਿਆ ਸੀ ਜਦੋਂ ਉਸਨੇ ਮਾਲਵੇ ਦੇ ਇੱਕ ਸਾਹਿਤਕ ਮੇਲੇ ਤੋਂ ਬਾਅਦ ਸ਼ਾਮ ਦੇ ਨਾਟਕ ਦੇਖਦੇ-ਦੇਖਦੇ ਕਈ ਲੇਖਕ ਉੱਥੇ ਹੀ ਝੂਮਦੇ ਦੇਖ ਲਏ।
ਉਸਦੀ ਜਦੋਂ ਪੰਜ ਸਾਲ ਪਹਿਲਾਂ ਕਿਤਾਬ ਛਪੀ ਸੀ ਤਾਂ ਉਸਦੇ ਵਿੱਚ ਆਪਣੇ ਇੱਕ ਪ੍ਰਿੰਸੀਪਲ ਮਿੱਤਰ ਨੇ ਕਾਲਜ ਵਿੱਚ ਚਰਚਾ ਰੱਖ ਲਈ। ਪ੍ਰਿੰਸੀਪਲ ਬਥੇਰਾ ਕਹਿੰਦਾ ਰਿਹਾ ਕਿ ਇੱਕ ਰਾਤ ਪਹਿਲਾਂ ਆਜਾ, ਘੜੀ ਕੁ ਬੈਠ ਲਵਾਂਗੇ ਪਰ ਪੁਰਾਣੇ ਸੀਨ ਯਾਦ ਕਰਕੇ ਉਸ ਤੋਂ ਹਾਂ ਨਾ ਭਰੀ ਗਈ। ਮੁਹਾਲੀ ਤੋਂ ਮੋਗੇ ਤੱਕ ਸਾਲਮ ਟੈਕਸੀ ਕਰਕੇ ਉਹ ਰੂ-ਬ-ਰੂ ਵਿੱਚ ਹੋ ਆਇਆ ਸੀ।
ਉਸਦੇ ਇਲਾਕੇ ਦੁਆਬੇ ਵਿੱਚ ਕਈ ਸਾਹਿਤਕ ਸਭਾਵਾਂ ਹਨ। ਦੁਆਬੇ ਦੀ ਇੱਕ ਮੰਨੀ-ਪ੍ਰਮੰਨੀ ਸਾਹਿਤ ਸਭਾ ਨੇ ਉਸਦੀ ਹੁਣੇ ਜਿਹੇ ਛਪੀ ਪੁਸਤਕ ‘ਤੇ ਗੋਸ਼ਟੀ ਕਰਾਉਣ ਦੀ ਪੇਸ਼ਕਸ਼ ਕਰ ਦਿੱਤੀ। ਉਸਨੂੰ ਲੱਗਾ ਕਿ ਆਪਣੇ ਪਿੰਡਾਂ ਤੋਂ ਮਿਲਣ ਵਾਲੇ ਮਾਣ-ਤਾਣ ਦਾ ਤਾਂ ਸਵਾਦ ਹੀ ਵੱਖਰਾ ਹੁੰਦਾ ਹੈ, ਇਸ ਲਈ ਉਸ ਤੋਂ ਹਾਂ ਭਰੀ ਗਈ। ਸਾਹਿਤ ਸਭਾ ਦੇ ਪ੍ਰਧਾਨ ਨੇ ਫੋਨ ਲਾਇਆ, “ਬੰਦੇ ਇਕੱਠੇ ਮੈਂ ਕਰ ਲਊਂ। ਚਾਹ-ਪਾਣੀ ਦੇ ਖ਼ਰਚੇ ਲਈ ਵੀ ਮੇਜ਼ਬਾਨ ਕਾਲਜ ‘ਤੇ ਦਬਾਅ ਪਾ ਲਵਾਂਗੇ। ਪੇਪਰ ਪੜ੍ਹਨ ਵਾਲੇ ਆਲੋਚਕਾਂ ਦੇ ਆਉਣ-ਜਾਣ ਦੀ ਟੈਕਸੀ ਦਾ ਭਾੜਾ ਅਤੇ ਰਾਤ ਵਾਲੀ ਪਾਰਟੀ ਦਾ ਬਿੱਲ ਤਾਂ ਲੇਖਕ ਨੂੰ ਹੀ ਭਰਨਾ ਪੈਂਦਾ ਹੈ।” ਪ੍ਰਧਾਨ ਨੇ ਕੁੱਲ ਖ਼ਰਚਾ 30-35 ਹਜ਼ਾਰ ਦੇ ਵਿਚਕਾਰ ਦੱਸਿਆ ਤਾਂ ਉਸਨੇ ਕੋਰੋਨਾ ਦਾ ਬਹਾਨਾ ਲਾ ਕੇ ਗੋਸ਼ਟੀ ਅੱਗੇ ਪਾਉਣ ਲਈ ਟਾਲ ਦਿੱਤਾ।
ਕੀਰਤਨ ਸਿੰਘ ਸੋਢੀ ਦੀ ਜਦੋਂ ਅਖੀਰਲੀ ਕਿਤਾਬ ਛਪੀ ਸੀ ਤਾਂ ਉਸਦਾ ਪਬਲਿਸ਼ਰ ਕਹਿਣ ਲੱਗਾ ‘ਭਾਈ ਸਾਹਿਬ, ਤੁਸੀਂ ਪਹਿਲੇ ਲੇਖਕ ਵੇਕੇ ਹੋਂ ਜਿਹੜੇ ਕਿਤਾਬ ਛਪਾ ਕੇ ਸੌਂ ਜਾਂਦੇ ਹੋ। ਮੈਂ ਇਕੱਲਾ ਕਿੰਨੀ ਕੁ ਮਾਰਕਿਟਿੰਗ ਕਰੀ ਜਾਵਾਂ। ਜੇ ਲਿਖਦੇ ਹੋ ਤਾਂ ਪਬਲੀਸਿਟੀ ਦਾ ਅੱਧਾ ਜ਼ਿੰਮਾ ਤੁਹਾਡੇ ਸਿਰ ਬਣਦਾ ਹੈ।’ ਫਿਰ ਪਬਲਿਸ਼ਰ ਨੇ ਹੋਰ ਕਿਹਾ ਕਿ ਆਹ ਵਾਲੀ ਪੁਸਤਕ ਦੀ ਲਾਂਚਿੰਗ ਉਸਦੀ ਮਰਜ਼ੀ ਮੁਤਾਬਕ ਹੋਵੇਗੀ। ਸੋਢੀ ਮੁਫ਼ਤ ‘ਚ ਪੁਸਤਕ ਛਪਾਉਣ ਦੇ ਲਾਲਚ ਨੂੰ ਮੰਨ ਗਿਆ। ਪਬਲਿਸ਼ਰ ਨੇ ਉਸਦੀ ਸਭ ਤੋਂ ਅਖ਼ੀਰ ਵਿੱਚ ਛਪੀ ਪੁਸਤਕ ਉੱਤੇ ਚੰਡੀਗੜ੍ਹ ਦੀ ਇੱਕ ਸਾਹਿਤ ਸਭਾ ਵੱਲੋਂ ਗੋਸ਼ਟੀ ਕਰਾਉਣ ਦੀ ਸਲਾਹ ਦਿੱਤੀ। ਉਹ ਮੰਨ ਵੀ ਗਿਆ। ਪਬਲਿਸ਼ਰ ਨੇ ਆਪ ਹੀ ਸਭਾ ਦੇ ਪ੍ਰਧਾਨ ਨਾਲ ਗੱਲ ਕੀਤੀ। ਅਗਲਾ ਐਤਵਾਰ ਗੋਸ਼ਟੀ ਦਾ ਦਿਨ ਮੁਕੱਰਰ ਹੋ ਗਿਆ। ਗੋਸ਼ਟੀ ਦੇ ਦਿਨ ਇਕੱਠ ਦੇਖ ਕੇ ਉਹ ਫੁੱਲਿਆ ਨਹੀਂ ਸਮਾ ਰਿਹਾ ਸੀ। ਗੋਸ਼ਟੀ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਮੇਨ ਪੇਪਰ ਪੜ੍ਹਨ ਵਾਲੇ ਆਲੋਚਕ ਸਾਹਿਬ ਨੂੰ ਸਮਾਂ ਦਿੱਤਾ ਗਿਆ। ਮੇਨ ਸਪੀਕਰ ਨੇ ਚੰਦ ਮਿੰਟਾਂ ਵਿੱਚ ਹੀ ਲੇਖਕ ਦੀ ਤਹਿ ਬਿਠਾ ਦਿੱਤੀ। ਫਿਰ ਇੱਕ ਤੋਂ ਬਾਅਦ ਸੱਤ ਬੁਲਾਰਿਆਂ ਵਿੱਚੋਂ ਦੋ ਨੂੰ ਛੱਡ ਕੇ ਬਾਕੀ ਸਭ ਨੇ ਕਿਤਾਬ ਨੂੰ ਬੁਰੀ ਤਰ੍ਹਾਂ ਭੰਡਿਆ। ਇੱਕ ਨੇ ਤਾਂ ਸਭਾ ਦੇ ਪ੍ਰਧਾਨ ਨੂੰ ਭਵਿੱਖ ਵਿੱਚ ਆਪਣੇ ਮਤੇ ਵਿੱਚ ਰਹਿਣ ਵਾਲੇ ਲੇਖਕਾਂ ਦੀਆਂ ਪੁਸਤਕਾਂ ‘ਤੇ ਗੋਸ਼ਟੀ ਨਾ ਕਰਾਉਣ ਦੀ ਸਲਾਹ ਦੇ ਦਿੱਤੀ। ਡਾਇਸ ‘ਤੇ ਬੈਠੇ ਲੇਖਕ ਦਾ ਰੰਗ ਲਾਲ-ਸੂਹਾ ਹੋਈ ਜਾਵੇ। ਸਰੋਤਿਆਂ ਵਿੱਚ ਬੈਠੀ ਉਸਦੀ ਪਤਨੀ ਨੇ ਹਾਲਤ ਵੇਖ ਕੇ ਪਾਣੀ ਦਾ ਗਿਲਾਸ ਟੇਬਲ ‘ਤੇ ਜਾ ਧਰਿਆ। ਪਾਣੀ ਪੀ ਕੇ ਮਸਾਂ ਕਿਤੇ ਉਸਦੇ ਸਾਹ ਵਿੱਚ ਸਾਹ ਆਇਆ। ਉਹ ਸਾਰਾ ਕੁੱਝ ਸੁਣੀ ਗਿਆ ਤੇ ਕੌੜਾ ਘੁੱਟ ਕਰਕੇ ਪੀ ਗਿਆ। ਉਸਨੂੰ ਇੱਕ ਗੱਲ ਜਿਹੜੀ ਬਹੁਤ ਬੁਰੀ ਤਰ੍ਹਾਂ ਨਾਲ ਰੜਕ ਰਹੀ ਸੀ, ਉਹ ਇਹ ਕਿ ਚਲੋ ਆਲੋਚਨਾ ਤਾਂ ਜਿਹੜੀ ਹੋਈ ਹੋਈ ਪਰ ਭਾਸ਼ਣ ਵਿੱਚੋਂ ਗਾਇਬ ਤਮੀਜ਼ ਨੇ ਉਸਨੂੰ ਪਰੇਸ਼ਾਨ ਕਰ ਰਹੀ ਸੀ।
ਅੰਤ ‘ਚ ਲੇਖਕ ਸੋਢੀ ਨੂੰ ਬੋਲਣ ਦਾ ਵੀ ਮੌਕਾ ਦਿੱਤਾ ਗਿਆ। ਉਸਦਾ ਜੀਅ ਕਰੇ ਕਿ ਉਹ ਸਭ ਦੇ ਪੜਛੇ ਲਾਹੇ ਪਰ ਸਬਰ ਰੱਖੀ ਰੱਖਿਆ। ਉਸਦੇ ਕੰਨਾਂ ਵਿੱਚ ਦੁਆਬਾ ਸਾਹਿਤ ਸਭਾ ਦੇ ਪ੍ਰਧਾਨ ਵਾਲਾ ਫੋਨ ਗੂੰਜ ਰਿਹਾ ਸੀ। ਉਸਨੇ ਆਪਣੇ ਭਾਸ਼ਣ ਵਿੱਚ ਬਸ ਇੰਨਾ ਹੀ ਕਿਹਾ ‘ਤੁਹਾਡੇ ਸੁਝਾਅ ਸਿਰ ਮੱਥੇ ਪਰ ਜਿਸ ਢਾਂਚੇ ਵਿੱਚ ਤੁਸੀਂ ਮੈਨੂੰ ਫਿੱਟ ਕਰਨਾ ਚਾਹ ਰਹੇ ਹੋ, ਮੈਥੋਂ ਨਿਭਿਆ ਨਹੀਂ ਜਾਣਾ। ਦੋ ਦਿਨ ਬਾਅਦ ਜਦੋਂ ਅਗਲੀ ਪੁਸਤਕ ਚੁੱਕਣ ਲਈ ਉਹ ਪਬਲਿਸ਼ਰ ਕੋਲ ਗਿਆ ਤਾਂ ਉਸ ਤੋਂ ਹੱਡ-ਬੀਤੀ ਸੁਣਾਏ ਬਿਨਾਂ ਰਹਿ ਨਾ ਹੋਇਆ। ਪਬਲਿਸ਼ਰ ਜਿਵੇਂ ਪਹਿਲਾਂ ਹੀ ਤਪਿਆ ਬੈਠਾ ਹੋਵੇ, “ਸੋਢੀ ਸਾਹਿਬ, ਪਹਿਲਾਂ ਗੋਸ਼ਟੀ ਕਰਾਉਣ ਦਾ ਚੱਜ ਸਿੱਖੋ।” ਦੁਆਬਾ ਸਾਹਿਤ ਸਭਾ ਵਾਲੇ ਪ੍ਰਧਾਨ ਨੇ ਵੀ ਅਖ਼ਬਾਰੀ ਰਿਪੋਰਟ ਪੜ੍ਹ ਕੇ ਫੋਨ ਖੜਕਾ ਦਿੱਤਾ, “ਫ਼ਿਰਵਾ ਲਈ ਨਾ ਏਹੀ-ਤੇਹੀ। ਮੇਰੀ ਗੱਲ ਮੰਨ ਲੈਂਦੇ ਤਾਂ ਅਗਲੇ ਕਾਹਨੂੰ ਛਿੱਲਦੇ ਤੁਹਾਨੂੰ ਏਨਾ।” ਉਸ ਦਿਨ ਮੂੰਹੋਂ ਬਸ ਇਹੀ ਨਿਕਲਿਆ ਹਥਲੀ ਪੁਸਤਕ ਦੇ ਮੁੱਖ ਬੰਦ ਵਿੱਚ ਇਸ ਵਾਰ ਇਹੋ ਲਿਖਿਆ ਕਿ ਮੈਂ ਚਾਹੇ ਪੱਤਰਕਾਰ ਰਿਹਾ ਚਾਹੇ ਲੇਖਕ, ਮੈਥੋਂ ਨਹੀਂ ਸਿੱਖ ਹੋਏ ਇਹੋ ਜਿਹੇ ਚੱਜ।
ਸੰਪਰਕ : 98147-34035
ਘਰ ਨੰਬਰ -2617, ਸੈਕਟਰ 69, ਮੁਹਾਲੀ