‘ਦ ਖ਼ਾਲਸ ਟੀਵੀ ਵੱਲੋਂ ਅਸੀਂ ਕਿਸਾਨਾਂ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੱਲ ਸੁਣ ਕੇ ਮਸਲਾ ਹੱਲ ਕਰਨ ਨਹੀਂ ਤਾਂ ਦੇਸ਼ Civil war (ਘਰੇਲੂ ਜੰਗ) ਵੱਲ ਵੱਧ ਸਕਦਾ ਹੈ। ਪ੍ਰਧਾਨ ਮੰਤਰੀ ਜੀ, ਤੁਹਾਨੂੰ ਤਾਂ ਸਭ ਪਤਾ ਹੈ ਕਿ ਸਾਡੇ ਦੇਸ਼ ਦਾ ਕਿਸਾਨ ਸਾਡੇ ਢਿੱਡ ਵੀ ਭਰਦਾ ਹੈ ਅਤੇ ਕਿਸਾਨਾਂ ਦੇ ਪੁੱਤ ਸਰਹੱਦਾਂ ‘ਤੇ ਡੱਟ ਕੇ ਮੁਲਕ ਦੀ ਰਾਖੀ ਵੀ ਕਰਦੇ ਹਨ, ਜਾਨਾਂ ਵਾਰਦੇ ਹਨ।
ਇਕੱਲੇ ਪੰਜਾਬ ਦਾ ਡਾਟਾ ਤੁਸੀਂ ਲੈ ਲਿਉ, ਹਰ ਪਿੰਡ ਵਿੱਚ ਸੈਂਕੜੇ ਘਰ ਹੋਣਗੇ, ਜਿੱਥੇ ਕਿਸਾਨਾਂ ਦੇ ਦੋ ਪੁੱਤਾਂ ਚੋਂ ਇੱਕ ਖੇਤ ਸਾਂਭਦਾ ਹੈ ਤੇ ਦੂਜਾ ਫੌਜ ਵਿੱਚ ਭਰਤੀ ਹੁੰਦਾ ਹੈ। ਮੇਰੇ ਆਪਣੇ ਪਿੰਡ ਵਿੱਚ ਦਸ ਦੇ ਕਰੀਬ ਅਜਿਹੇ ਕਿਸਾਨ ਪਰਿਵਾਰ ਹਨ ਜਿਨ੍ਹਾਂ ਦਾ ਇੱਕ ਪੁੱਤ ਫੌਜ ਵਿੱਚ ਹੈ ਤੇ ਦੂਜਾ ਖੇਤੀ ਕਰਦਾ ਹੈ। ਇੱਕ ਕਿਸਾਨ ਦੇ 3 ਪੁੱਤ ਹਨ, ਦੋ ਫੌਜੀ ਤੇ ਇੱਕ ਖੇਤੀ ਕਰਦਾ ਹੈ। ਰਿਟਾਇਰ ਹੋਣ ਤੋਂ ਵੀ ਫੌਜੀ ਪਿੰਡਾਂ ਵਿੱਚ ਆ ਕੇ ਖੇਤ ਸਾਂਭਦੇ ਹਨ। ਕਈਆਂ ਨੂੰ ਮੁੜ ਪਿੰਡ ਪਰਤਣਾ ਵੀ ਨਸੀਬ ਨਹੀਂ ਹੁੰਦਾ। ਘਰਦਿਆਂ ਨੂੰ ਸਿਰਫ ਡੱਬੇ ਵਿੱਚ ਬੰਦ ਫੌਜੀ ਪੁੱਤਰ ਦੀ ਲਾਸ਼ ਹੀ ਮਿਲਦੀ ਹੈ।
ਸਰਹੱਦਾਂ ‘ਤੇ ਜਿੰਨੇ ਸ਼ਹੀਦ ਹੁੰਦੇ ਹਨ, ਸਭ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚੇ ਹਨ। ਕਿਸੇ ਵੀ ਕਾਰਪੋਰੇਟ ਘਰਾਣੇ ਦਾ ਪੁੱਤਰ ਕਦੇ ਫੌਜ ਵਿੱਚ ਭਰਤੀ ਹੁੰਦਾ ਦੇਖਿਆ ਤੁਸੀਂ, ਇਨ੍ਹਾਂ ਅੰਬਾਨੀਆਂ-ਅਡਾਨੀਆਂ ਵਰਗੇ ਵਪਾਰੀਆਂ ਦੇ ਬੱਚੇ ਸਿਰਫ ਵਪਾਰੀ ਹੀ ਬਣਦੇ ਹਨ, ਦੇਸ਼ ਨੂੰ ਲੁੱਟਦੇ ਹਨ ਅਤੇ ਤੁਸੀਂ ਦੇਸ਼ ਦੇ ਚੰਦ ਕੁ ਕਾਰਪੋਰੇਟ ਘਰਾਣਿਆਂ ਦੀ ਖਾਤਰ ਦੇਸ਼ ਦੇ ਲੱਖਾਂ ਕਿਸਾਨਾਂ ਦੀ ਮੰਗ ਨੂੰ ਨਕਾਰ ਰਹੇ ਹੋ। ਇਹ ਸਿਰਫ ਦੇਸ਼ ਦੇ ਮਹਿਜ਼ ਗਿਣਵੇਂ 5-7 ਕਾਰਪੋਰੇਟ ਘਰਾਣੇ ਹੀ ਹਨ, ਜਿਹੜੀਆਂ ਮੁਲਕ ਖਰੀਦ ਰਹੀਆਂ ਹਨ, ਜਿਨ੍ਹਾਂ ਨਾਲ ਸਾਂਝ ਪਾ ਕੇ ਤੁਸੀਂ ਕਿਰਤੀਆਂ ਨੂੰ ਨਰਾਜ਼ ਕਰ ਰਹੇ ਹੋ।
ਜਾਣਦੇ ਤੁਸੀਂ ਵੀ ਹੋ ਕਿ ਜੇ ਕਿਰਤੀ ਕੰਮ ਕਰਨਾ ਬੰਦ ਕਰ ਦੇਣ, ਮੁਲਕ ਦੀ ਆਰਥਿਕਤਾ ਦਾ ਭੱਠਾ ਬੈਠ ਜਾਵੇਗਾ। ਜੇ ਕਿਸਾਨ ਕੰਮ ਕਰਦਾ ਹੈ, ਤਾਂ ਹੀ ਬਜ਼ਾਰ ਚੱਲਦਾ ਹੈ ਤੇ ਇਹ ਕਾਰਪੋਰੇਟ ਘਰਾਣੇ ਫਲਦੇ-ਫੁੱਲਦੇ ਹਨ। ਕਿਸਾਨਾਂ ਦੇ ਰੁਕਣ ਨਾਲ ਸਾਰੇ ਸੂਬੇ ਦਾ ਤੇ ਦੇਸ਼ ਦਾ ਵਿਕਾਸ ਰੁਕ ਜਾਂਦਾ ਹੈ।
ਪ੍ਰਧਾਨ ਮੰਤਰੀ ਜੀ, ਕੱਲ੍ਹ ਤੁਸੀਂ ਫਿਰ ਕਿਹਾ ਕਿ ਐਮਐਸਪੀ ਜਾਰੀ ਰਹੇਗੀ। ਤੁਹਾਡੀ ਗੱਲ ਮੰਨ ਲੈਂਦੇ ਹਾਂ, ਪਰ ਤੁਸੀਂ ਵੀ ਕਿਸਾਨਾਂ ਦੀ ਗੱਲ ਮੰਨ ਲਉ, ਇਹ ਗੱਲ ਜਿਹੜੀ ਤੁਸੀਂ ਜ਼ੁਬਾਨੀ ਬੋਲ ਰਹੇ ਹੋ, ਇਸਨੂੰ ਕਾਨੂੰਨ ਦੇ ਖਰੜੇ ਵਿੱਚ ਵੀ ਲਿਖ ਦਿਉ, ਬੱਸ ਇਹ ਹੀ ਤਾਂ ਕਿਸਾਨਾਂ ਦੀ ਮੰਗ ਹੈ। ਸਾਡੀ ਤੁਹਾਨੂੰ ਹੰਬਲ ਅਪੀਲ ਹੈ ਕਿ ਕਿਸਾਨਾਂ ਦੀ ਗੱਲ ਸੁਣੋ, ਮਸਲਾ ਹੱਲ ਕਰੋ।
ਦੇਸ਼ ਵਿੱਚ ਮਹਾਂਮਾਰੀ ਫੈਲੀ ਹੋਈ ਹੈ ਅਤੇ ਭਵਿੱਖ ਵਿੱਚ ਅਨਾਜ ਦੀ ਬਹੁਤ ਲੋੜ ਪੈਣੀ ਹੈ। ਅਜਿਹੇ ਸਮੇਂ ਇਹ ਕਾਨੂੰਨ ਲਿਆਉਣ ਦੀ ਆਖਰ ਲੋੜ ਹੀ ਕੀ ਸੀ। ਹੁਣ ਤਾਂ ਦੁਨੀਆ ਦੇ ਗਰੀਬ ਮੁਲਕਾਂ ਨੂੰ ਅੰਨ ਭੇਜਣ ਵਾਸਤੇ ਵਾਧੂ ਅਨਾਜ ਪੈਦਾ ਕਰਕੇ ਕਿਸਾਨਾਂ ਨੂੰ ਫਾਇਦਾ ਦੇਣ ਦੀ ਲੋੜ ਸੀ ਪਰ ਤੁਸੀਂ ਤਾਂ ਕਿਸਾਨਾਂ ਨੂੰ ਰੇਲ ਪਟੜੀਆਂ ‘ਤੇ ਧਰਨੇ ਲਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਖੇਤਾਂ ਵਿੱਚ ਆਈਆਂ ਫਸਲਾਂ ਵੀ ਸਾਂਭ ਰਹੇ ਹਨ ਤੇ ਮੋਰਚਿਆਂ ‘ਤੇ ਵੀ ਡਟੇ ਹੋਏ ਹਨ।
ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ 1960 ਤੱਕ ਭਾਰਤ ਅਮਰੀਕਾ ਤੇ ਆਸਟ੍ਰੇਲੀਆ ਤੋਂ ਅਨਾਜ ਮੰਗਵਾਉਂਦਾ ਸੀ। ਭਾਰਤ ਅਨਾਜ ਪੱਖੋਂ ਆਤਮ ਨਿਰਭਰ ਮੁਲਕ ਨਹੀਂ ਸੀ ਤੇ 1960 ਤੋਂ ਬਾਅਦ ਖੇਤੀਬਾੜੀ ਦੇ ਸੰਦਾਂ ਨੇ ਮੁਲਕ ਵਿੱਚ ਪੈਰ ਧਰਿਆ ਤੇ ਪੰਜਾਬ ਦੇ ਕਿਸਾਨਾਂ ਨੇ ਦਿਨ ਰਾਤ ਇੱਕ ਕਰਕੇ ਪੂਰੇ ਭਾਰਤ ਦਾ 60 ਫੀਸਦੀ ਅਨਾਜ ਪੈਦਾ ਕਰਕੇ ਦੇਣਾ ਸ਼ੁਰੂ ਕੀਤਾ ਤੇ ਅੱਜ ਤੱਕ ਦੇ ਰਿਹਾ ਹੈ। ਪੰਜਾਬ ਅੰਨ ਪੈਦਾ ਕਰਨਾ ਬੰਦ ਕਰ ਦੇਵੇ ਤਾਂ ਦੇਸ਼ ਵਿੱਚ ਕਾਲ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।
ਇੱਕ ਸੁਨੇਹਾ ਕਿਸਾਨਾਂ ਵੱਲੋਂ ਵੀ ਤੁਹਾਨੂੰ ਭੇਜ ਰਹੇ ਹਾਂ। ਕਿਸਾਨ ਕਹਿੰਦੇ ਹਨ ਕਿ ਜੇ ਮੋਦੀ ਸਾਹਬ ਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਆਪੇ ਇੱਕ ਦਿਨ ਪੋਲੇ ਹੋ ਕੇ ਹਟ ਜਾਣਗੇ ਤਾਂ ਇਹ ਵਹਿਮ ਦੂਰ ਕਰ ਦਿਉ, ਅਸੀਂ ਹੱਟਦੇ ਨਹੀਂ, ਦਿੱਲੀ ਆਵਾਂਗੇ।
ਦੇਸ਼ ਚ ਘਰੇਲੂ ਯੁੱਧ ਵਰਗੇ ਹਾਲਾਤ ਪੈਦਾ ਹੋਣ ਤੋਂ ਰੋਕਣਾ ਪ੍ਰਧਾਨ ਮੰਤਰੀ ਜੀ ਦੇ ਹੱਥ ਵਿੱਚ ਹੈ। ਅਸੀਂ ਫਿਰ ਅਪੀਲ ਕਰਦੇ ਹਾਂ, ਲੋਕਰਾਜ ਵਿੱਚ ਲੋਕਾਂ ਦੀ ਗੱਲ ਸੁਣੀ ਜਾਵੇ। ਅਮਰੀਕਾ ਕੈਨੇਡਾ ਵਰਗੇ ਮੁਲਕਾਂ ਵਿੱਚ ਜੇ ਸੈਂਕੜੇ ਲੋਕ ਰੋਸ ਕਰਨ ਲਈ ਸੜਕਾਂ ‘ਤੇ ਉਤਰ ਆਉਣ ਤਾਂ ਸਰਕਾਰ ਝੁਕ ਜਾਂਦੀ ਹੈ ਕਿਉਂਕਿ ਲੋਕਰਾਜ ਹੈ।