‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕ੍ਰਿਸਮਸ ਤੋਂ ਪਹਿਲਾਂ ਕੈਨੇਡਾ ਮੌਸਮ ਦੀ ਮਾਰ ਕਾਰਨ ਬੇਹਾਲ ਹੋ ਗਿਆ ਹੈ। ਕੈਨੇਡਾ ਵਿਚ ਬਰਫ਼ਬਾਰੀ ਦੇ ਸੀਜਨ ਦੀ ਸ਼ੁਰੂਆਤ ਵਿਚ ਬਰਫ ਦਾ ਤੂਫਾਨ ਆ ਗਿਆ। ਬੀਤੇ ਤਿੰਨ ਦਿਨ ਤੋਂ ਦੇਸ਼ ਦੇ ਕਈ ਇਲਾਕਿਆਂ ਵਿਚ ਰੁਕ ਰੁਕ ਕੇ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਚਲਦਿਆਂ ਬ੍ਰਿਟਿਸ਼ ਕੋਲੰਬੀਆ ਸਣੇ ਕਈ ਇਲਾਕਿਆ ਵਿਚ ਸੜਕਾਂ ’ਤੇ ਡੇਢ ਫੁੱਟ ਤੱਕ ਬਰਫ਼ ਜਮ੍ਹਾ ਹੋ ਗਈ ਹੈ। ਕਈ ਥਾਵਾਂ ’ਤੇ ਪਾਰਾ ਡਿੱਗ ਕੇ ਸਿਫਰ ਤੋਂ 4 ਡਿਗਰੀ ਤੱਕ ਪਹੁੰਚ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਕਈ ਜ਼ਿਲ੍ਹਿਆਂ ਵਿਚ 15 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ, ਜਿਸ ਤੋਂ ਬਾਅਦ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ।ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਵਿਚ ਬਰਫ਼ਬਾਰੀ ਦੀ ਰਫਤਾਰ ਵੱਧ ਸਕਦੀ ਹੈ।ਇਸ ਕਾਰਨ ਪਾਰਾ ਹੋਰ ਡਿੱਗੇਗਾ।
ਦੂਜੇ ਪਾਸੇ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਭਾਰੀ ਬਾਰਸ਼ ਦੇ ਕਾਰਨ ਕੁਝ ਹਿੱਸਿਆਂ ਵਿਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ। ਨਦੀਆਂ ਉਫਾਨ ’ਤੇ ਹਨ। ਇਹ ਹੜ੍ਹ ਪ੍ਰਸ਼ਾਂਤ ਖੇਤਰ ਤੋਂ ਆਏ ਤੂਫਾਨ ਤੋਂ ਬਾਅਦ ਹੋਈ ਵਰਖਾ ਦੇ ਚਲਦਿਆਂ ਆਏ ਹਨ। ਹਾਲਾਤ ਨੂੰ ਦੇਖਦੇ ਹੋਏ ਸੁਮਾਸ ਅਤੇ ਐਵਰਸਨ ਦੇ ਛੋਟੇ ਭਾਈਚਾਰੇ ਦੇ ਲੋਕਾਂ ਨੂੰ ਸੋਮਵਾਰ ਦੀ ਰਾਤ ਘਰ ਖਾਲੀ ਕਰਨ ਦੇ ਲਈ ਕਿਹਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿਚ ਹੇਠਲੇ ਇਲਾਕਿਆਂ ਵਿਚ ਰਹਿ ਰਹੇ 500 ਪਰਵਾਰਾਂ ਨੂੰ ਘਰ ਛੱਡਣਾ ਪਿਆ।ਦੋਵੇਂ ਸ਼ਹਿਰਾਂ ਵਿਚ ਹੜ੍ਹਾਂ ਦੇ ਚਲਦਿਆਂ 400 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਵਿਚਾਲੇ ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਸ਼ ਨਾਲ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ।