International

ਕੈਨੇਡਾ ਵਿੱਚ ਤਿੰਨ ਫਾਰਮੈਸੀਆਂ ਉੱਤੇ ਵੱਡਾ ਡਾਕਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ’ਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ। ਇਸ ਦੀ ਤਾਜ਼ਾ ਮਿਸਾਲ ਉਨਟਾਰੀਓ ਦੇ ਮਿਸੀਸਾਗਾ ਸ਼ਹਿਰ ’ਚ ਦੇਖਣ ਨੂੰ ਮਿਲੀ, ਜਿੱਥੇ ਕਿ ਇੱਕ ਘੰਟੇ ਵਿੱਚ ਤਿੰਨ ਫਾਰਮੈਸੀਆਂ ਵਿੱਚ ਡਕੈਤੀ ਹੋਈ। ਸੋਮਵਾਰ ਸ਼ਾਮ ਨੂੰ ਵਾਪਰੀਆਂ ਲੁੱਟ ਦੀਆਂ ਇਨ੍ਹਾਂ ਵਾਰਦਾਤਾਂ ਦੌਰਾਨ ਫਾਰਮੈਸੀਆਂ ’ਚੋਂ ਨਕਦੀ ਚੋਰੀ ਤੋਂ ਬਚਾਅ ਰਿਹਾ, ਪਰ ਲੁਟੇਰੇ ਦਵਾਈਆਂ ਚੋਰੀ ਕਰਕੇ ਲੈ ਗਏ।ਪੀਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀਲ ਰੀਜਨਲ ਪੁਲਿਸ ਮੁਤਾਬਕ ਡਕੈਤੀ ਦੀ ਪਹਿਲੀ ਵਾਰਦਾਤ ਸੋਮਵਾਰ ਸ਼ਾਮ 5 ਵਜ ਕੇ 20 ਮਿੰਟ ’ਤੇ ਕਲਾਰਸਨ ਅਤੇ ਕ੍ਰਿਸਟਫਰ ਰੋਡ ’ਤੇ ਸਥਿਤ ਫਾਰਮੈਸੀ ’ਚ ਵਾਪਰੀ।ਲੁੱਟ ਦੀ ਇਸ ਵਾਰਦਾਤ ਦੌਰਾਨ 4 ਲੁਟੇਰੇ ਫਾਰਮੈਸੀ ’ਚ ਦਾਖ਼ਲ ਹੋਏ ਸਨ, ਜਿਨ੍ਹਾਂ ਨੇ ਮਾਸਕ ਪਾਏ ਹੋਏ ਸਨ ਤੇ ਉਨ੍ਹਾਂ ਸਾਰਿਆਂ ਦੀ ਉਮਰ ਲਗਭਗ 20-20 ਸਾਲ ਦੱਸੀ ਜਾ ਰਹੀ ਹੈ।ਡਕੈਤੀ ਦੀ ਦੂਜੀ ਵਾਰਦਾਤ 5 ਵਜ ਕੇ 53 ਮਿੰਟ ’ਤੇ ਹੁਰਉਨਟਾਰੀਓ ਅਤੇ ਏਂਗਜ਼ ਸਟਰੀਟ ਖੇਤਰ ਵਿੱਚ ਵਾਪਰੀ।ਡਕੈਤੀ ਦੀ ਤੀਜੀ ਵਾਰਦਾਤ 6 ਵਜ ਕੇ 33 ਮਿੰਟ ’ਤੇ ਕਨਫੈਡਰੇਸ਼ਨ ਪਾਰਕਵੇਅ ਅਤੇ ਕੁਈਨਜ਼ਵੇਅ ਖੇਤਰ ਵਿੱਚ ਵਾਪਰੀ। ਇੱਥੇ ਸਥਿਤ ਫਾਰਮੈਸੀ ’ਚ ਹੋਈ ਲੁੱਟ ’ਚ ਤਿੰਨ ਲੁਟੇਰੇ ਸ਼ਾਮਲ ਸਨ।