Punjab

‘ਬਹਿਬਲਕਲਾਂ ਵਾਲੀ ਗਲਤੀ ਨਾ ਦੁਹਰਾਉਣ ਸਰਕਾਰ’,ਡੱਲੇਵਾਲ ਦੀ ਕਿਸਾਨਾਂ ਨੂੰ ਜ਼ੀਰਾ ਪਹੁੰਚਣ ਦੀ ਅਪੀਲ,ਪਾਰਲੀਮੈਂਟ ‘ਚ ਵੀ ਗੂੰਜਿਆ ਮੁੱਦਾ

SKM Support zira morcha

ਬਿਊਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨੇ ਕਿਸਾਨਾਂ ‘ਤੇ ਜਬਰ ਅਤੇ ਫੜੋ ਫੜੀ ਦੀ ਨਿੰਦਾ ਕੀਤੀ। ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਮੋਰਚਾ ਜੀਰਾ ਪਹੁੰਚੇਗਾ। ਪੰਜਾਬ ਲਈ ਜ਼ਹਿਰ ਦਾ ਗੜ੍ਹ ਬਣੀ ਜ਼ੀਰਾ ਸ਼ਰਾਬ ਦੀ ਫੈਕਟਰੀ ਲਈ ਚੱਲ ਰਹੇ ਸ਼ਾਂਤਮਈ ਧਰਨੇ ਨੂੰ ਪੰਜਾਬ ਪੁਲਿਸ ਵੱਲੋਂ ਜਬਰ ਜ਼ੁਲਮ ਰਾਹੀਂ ਉਠਾਉਣ ਅਤੇ ਕਿਸਾਨਾਂ ਉਤੇ ਕੇਸ ਪਾ ਕੇ ਗਿਰਫਤਾਰ ਕਰਨ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ।
ਇਸ ਸੰਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ 20-25 ਨਾਮਜ਼ਦ ਆਗੂਆਂ ਸਮੇਤ 100 ਤੋਂ 140 ਅਣਪਛਾਤੇ ਵਿਅਕਤੀਆਂ ਉੱਤੇ ਕੇਸ ਦਰਜ ਕਰਕੇ 80 ਤੋਂ ਵੱਧ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ। ਘਰਾਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਪੀੜਤ ਲੋਕ ਧਰਨੇ ਵਿੱਚ ਡਟੇ ਹੋਏ ਹਨ।ਜਿੰਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਕਿਸਾਨ ਵੀ ਸ਼ਾਮਿਲ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਜਬਰ ਜ਼ੁਲਮ ਦਾ ਸਿਲਸਿਲਾ ਤੁਰੰਤ ਬੰਦ ਕਰਕੇ ਲੋਕਾਂ ਨੂੰ ਜਹਿਰੀਲੇ ਪਾਣੀ ਤੋਂ ਨਿਜਾਤ ਦਿਵਾਈ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਰਕਾਰ ਕਿਸਾਨਾਂ ਅਤੇ ਆਮ ਜਨਤਾ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਅਤੇ ਓਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ।

ਉਧਰ ਜ਼ੀਰਾ ਮੋਰਚੇ ‘ਤੇ BKU ਏਕਤਾ ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ । ਉਨ੍ਹਾਂ ਕਿਹਾ ਧਰਨੇ ਨੂੰ ਉਖੇੜਨ ਲਈ ਧਰਨਿਆਂ ਵਿੱਚੋ ਨਿਕਲੀ ਪਾਰਟੀ ਦੀ ਸਰਕਾਰ ਪੱਬਾਂ ਭਾਰ ਹੋ ਗਈ ਹੈ,ਉਨ੍ਹਾਂ ਕਿਹਾ ਬਹਿਬਲ ਕਲਾਂ ਵਾਲੀ ਗਲਤੀ ਦੁਹਰਾਉਣ ਦੀ ਸਰਕਾਰ ਕਦੇ ਭੁੱਲ ਕੇ ਵੀ ਨਾਂ ਸੋਚੇ। ਜ਼ੀਰਾ,ਲਤੀਫ ਪੁਰਾ ਅਤੇ ਸੋਨੀਪਤ ਮੋਰਚਿਆਂ ਵਿੱਚ ਕੱਲ ਨੂੰ bku ਏਕਤਾ ਸਿੱਧੂਪੁਰ ਵੱਡੀ ਗਿਣਤੀ ਵਿੱਚ ਕਰੇਗੀ ਸ਼ਮੂਲੀਅਤ।
·
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਮੰਗਲਵਾਰ 20ਦਸੰਬਰ ਨੂੰ ਸਾਂਝਾ ਮੋਰਚਾ ਜੀਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵਿੱਚ ਸ਼ਾਮਿਲ ਸਾਰੇ ਕਿਸਾਨ ਆਗੂ ਪਹੁੰਚਣਗੇ। ਭੋਗ ਉਪਰੰਤ ਸਾਂਝੇ ਮੋਰਚੇ ਦੀ ਕਮੇਟੀ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਉਧਰ ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ ਲੋਕਸਭਾ ਵਿੱਚ ਵੀ ਗੂੰਜਿਆ

 

ਜ਼ੀਰਾ ਫੈਕਟਰੀ ਦਾ ਮੁੱਦਾ ਪਾਰਲੀਮੈਂਟ ਚ ਗੂੰਜਿਆ

ਅੰਮ੍ਰਿਤਸਰ ਤੋਂ ਕਾਂਗਰਸ ਦੇ ਐੱਮਪੀ ਗੁਰਜੀਤ ਸਿੰਘ ਔਜਲਾ ਨੇ ਜ਼ੀਰਾ ਵਿੱਚ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਪ੍ਰਦਰਸ਼ਨ ਦਾ ਮੁੱਦਾ ਲੋਕਸਭਾ ਵਿੱਚ ਵੀ ਗੁੰਜਿਆ । ਔਜਲਾ ਨੇ ਕਿਹਾ ਪੰਜਾਬ ਵਿੱਚ ਲੋਕ ਧਰਤੀ ਹੇਠਲੇ ਪ੍ਰਦੂਸ਼ਤ ਪਾਣੀ ਤੋਂ ਪੀੜਤ ਹਨ ਅਤੇ ਮਰ ਰਹੇ ਹਨ। ਉਨ੍ਹਾਂ ਨੂੰ ਬਚਾਅ ਲਓ। ਗੁਰਜੀਤ ਔਜਲਾ ਨੇ ਇੱਕ ਕੇਂਦਰੀ ਕਮੇਟੀ ਬਣਾਉਣ ਦੀ ਮੰਗ ਕੀਤੀ। ਲੋਕ ਸਭਾ ਵਿੱਚ ਸਿਫ਼ਰਕਾਲ ਦੌਰਾਨ ਸੰਬੋਧਨ ਕਰਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਨੂੰ ਗੁਰੂਆਂ ਦੀ ਧਰਤੀ ਵਜੋਂ ਜਾਣਿਆਂ ਜਾਂਦਾ ਹੈ, ਜਿਨ੍ਹਾਂ ਨੇ ਚੰਗੇ ਰਹਿਣ-ਸਹਿਣ ਤੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦਾ ਹੋਕਾ ਦਿੱਤਾ ਹੈ। ਔਜਲਾ ਨੇ ਕਿਹਾ, ‘‘ਫਿਰੋਜ਼ਪੁਰ ਵਿੱਚ ਲੋਕ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਨਾਲ ਮਰ ਰਹੇ ਹਨ। ਲੁਧਿਆਣਾ, ਅੰਮ੍ਰਿਤਸਰ, ਗੜ੍ਹਸ਼ੰਕਰ…ਹਰ ਪਾਸੇ ਇਹੀ ਸਥਿਤੀ ਬਣੀ ਹੋਈ ਹੈ। ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਦੀ ਲੋੜ ਹੈ।’’ ਔਜਲਾ ਵੱਲੋਂ ਚੁੱਕੇ ਗਏ ਮੁੱਦੇ ਦੀ ਖਡੂਰ ਸਾਹਿਬ ਤੋਂ ਕਾਂਗਰਸੀ ਐੱਮਪੀ ਜਸਬੀਰ ਸਿੰਘ ਅਤੇ ਅਮਰ ਸਿੰਘ ਨੇ ਵੀ ਵਕਾਲਤ ਕਰਦਿਆਂ ਕੇਂਦਰ ਨੂੰ ਧਿਆਨ ਦੇਣ ਦੀ ਅਪੀਲ ਕੀਤੀ ।