Punjab

SKM ਗੈਰ ਰਾਜਨੀਤਿਕ ਨੇ ਕਰ ਦਿੱਤੇ ਵੱਡੇ ਐਲਾਨ,ਇਸ ਤਰੀਕ ਨੂੰ ਲਾਇਆ ਜਾਵੇਗਾ ਇਸ ਥਾਂ ‘ਤੇ ਧਰਨਾ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਐਲਾਨ ਕੀਤਾ ਹੈ ਕਿ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਵਿਰੁੱਧ 21 ਅਪ੍ਰੈਲ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਪੰਜਾਬ ਸਰਕਾਰ ਵਿਰੁੱਧ ਪੱਕੇ ਮੋਰਚੇ ਦਾ ਐਲਾਨ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸਰਕਾਰ ਦੀ ਕਿਸਾਨਾਂ ਦੀਆਂ ਮੰਗਾਂ ਵੱਲ ਲਾਪਰਵਾਹੀ ਵਾਲੀ ਨੀਤੀ ਵਿਰੁੱਧ 15 ਅਪ੍ਰੈਲ ਨੂੰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਰਿਹਾਇਸ਼ ਅਤੇ ਧਰਨਾ ਦੇ ਕੇ ਮੰਗ ਪੱਤਰ ਸੌਂਪੇ ਜਾਣਗੇ ਅਤੇ SKM ਗੈਰ ਰਾਜਨੀਤਕ ਦੇ ਵਲੰਟੀਅਰ ਸਾਰ ਸਾੲਲੋਜ਼ ਦੇ ਘੇਰੇ ਵਾਲੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।

ਇਹ ਐਲਾਨ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਹੋਈ ਦੀ ਮੀਟਿੰਗ ਤੋਂ ਬਾਅਦ ਕੀਤੇ ਗਏ ,ਜਿਸ ਦੀ ਪ੍ਰਧਾਨਗੀ ਸ.ਜਗਜੀਤ ਸਿੰਘ ਡੱਲੇਵਾਲ,ਸੁਖਦੇਵ ਸਿੰਘ ਭੋਜਰਾਜ ਅਤੇ ਹਰਸੁਲਿੰਦਰ ਸਿੰਘ ਕਿਸ਼ਨਗੜ ਨੇ ਸਾਂਝੇ ਤੌਰ ਤੇ ਕੀਤੀ।

ਸਾਂਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ 18 ਮਈ 2022 ਤੋਂ 24 ਨਵੰਬਰ 2022 ਤੱਕ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮਾਣਯੋਗ ਮੁੱਖ ਮੰਤਰੀ ਨਾਲ ਵੱਖ-ਵੱਖ ਸਮੇਂ ਹੋਈਆਂ ਮੀਟਿੰਗਾਂ ਦੌਰਾਨ ਮੰਨੀਆਂ ਗਈਆਂ ਮੰਗਾਂ ਜਿਸ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਫ਼ਸਲਾਂ ਅਤੇ ਪਸ਼ੂ ਧਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ, 31 ਦਸੰਬਰ ਤੱਕ ਦੇਣਾ ਮੰਨਿਆ ਗਿਆ ਸੀ।

ਇਸ ਤੋਂ ਇਲਾਵਾ ਨਰਮਾ ਝੋਨਾ ਆਦਿ ਫ਼ਸਲਾਂ ਤੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸਮੇਤ ਬਾਕੀ ਸਾਰੀਆਂ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਨੇ 31 ਮਾਰਚ ਤੱਕ ਦਾ ਸਮਾਂ ਲਿਆ ਸੀ ਪਰ ਜ਼ਮੀਨੀ ਪੱਧਰ ਤੇ ਇਹ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਕਿਸਾਨੀ ਮੰਗਾਂ ਹਨ,ਜਿਹਨਾਂ ਨੂੰ ਪੂਰਾ ਕਰਨ ਲਈ ਸਰਕਾਰ ਆਨਾਕਾਨੀ ਕਰ ਰਹੀ ਹੈ।ਇਸ ਲਈ ਮੋਰਚੇ ਵੱਲੋਂ ਅੱਜ ਇਹ ਐਲਾਨ ਕੀਤੇ ਗਏ ਹਨ।