ਅੰਮ੍ਰਿਤਸਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਵਿੱਚ ਮਨੁੱਖੀ ਪਿੰਜਰ ਪਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਵੇਰਵਿਆਂ ਮੁਤਾਬਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਮਤੀਰਥ ਰੋਡ ਬਾਈਪਾਸ ਨੇੜੇ ਯੂਆਈਟੀ ਵਿਭਾਗ ਦੇ ਨੇੜੇ ਕ੍ਰਿਕਟ ਗਰਾਊਂਡ ਵਿੱਚ ਮਨੁੱਖੀ ਪਿੰਜਰ ਪਏ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਖ਼ਬਰ ਨਾਲ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚ ਸਨਸਨੀ ਫੈਲ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਜਿੱਤਰਾਂ ਹੀ ਵਿਦਿਆਰਥੀ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਯੂਆਈਟੀ ਵਿਭਾਗ ਵੱਲ ਜਾਣ ਲੱਗੇ ਤਾਂ ਉੱਥੇ ਵਿਭਾਗ ਦੇ ਕ੍ਰਿਕੇਟ ਗਰਾਊਂਡ ਵਿੱਚ ਉਨ੍ਹਾਂ ਨੂੰ ਇੱਕ ਮਨੁੱਖੀ ਪਿੰਜਰ ਦਿੱਸਿਆ। ਇਸ ਦੀ ਜਾਣਕਾਰੀ ਤੁਰੰਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਦਿੱਤੀ ਗਈ। GNDU ਸੁਰੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਆਵਾਰਾ ਕੁੱਤਿਆਂ ਵੱਲੋਂ ਮਨੁੱਖੀ ਪਿੰਜਰ ਨੂੰ ਖਿੱਚ ਕੇ ਲਿਜਾਇਆ ਜਾ ਰਿਹਾ ਸੀ।
ਫਿਰ ਇਸ ਦੀ ਸੂਚਨਾ ਜ਼ਿਲ੍ਹਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਥਾਣਾ ਕੈਂਟ ਨੇ ਇਸ ਮਨੁੱਖੀ ਪਿੰਜਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ GNDU ਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੇ ਨਾਲ-ਨਾਲ ਸ਼ਮਸ਼ਾਨਘਾਟ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਰਹੱਸਮਈ ਹਾਲਾਤਾਂ ‘ਚ ਵਿਦਿਆਰਥੀਆਂ ਜਾਂ ਹੋਰ ਲੋਕਾਂ ਦੇ ਲਾਪਤਾ ਹੋਣ ਬਾਰੇ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੁਪਹਿਰ ਨੂੰ ਪੁਲਿਸ ਨੇ ਇਸ ਮਨੁੱਖੀ ਪਿੰਜਰ ਨੂੰ ਕਬਜ਼ੇ ‘ਚ ਲੈ ਕੇ ਮੌਕੇ ਤੋਂ ਹਟਾ ਦਿੱਤਾ ਹੈ।