Punjab

9 ਮਹੀਨੇ ਪਹਿਲਾਂ ਅਗਵਾ ਹੋਇਆ ਸੀ ਨੌਜਵਾਨ, ਹੁਣ ਮਿਲਿਆ ਪਿੰਜਰ

The youth was kidnapped 9 months ago, now the skeleton has been found

ਮੁਕਤਸਰ ਦੇ ਸ਼ਹਿਰ ਦੋਦਾ ਦੇ ਨੇੜਲੇ ਪਿੰਡ ਗੂੜੀਸੰਘਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨੌਂ ਮਹੀਨੇ ਪਹਿਲਾਂ ਅਗਵਾ ਕੀਤੇ ਗਏ ਨੌਜਵਾਨ ਨਿਰਮਲ ਸਿੰਘ ਪੁੱਤਰ ਮਨਜੀਤ ਸਿੰਘ ਦਾ ਪਿੰਜਰ ਦੋਦਾ ਕੋਲੋਂ ਲੰਘਦੇ ਚੰਦਭਾਨ ਸੇਮ ਨਾਲੇ ’ਚੋਂ ਮਿਲਿਆ ਹੈ।

ਬੀਤੇ ਦਿਨੀਂ ਕੋਟਭਾਈ ਦੇ ਹਰਮਨਜੀਤ ਸਿੰਘ ਦਾ ਕਤਲ ਕਰਨ ਵਾਲਿਆਂ ਨੇ ਹੀ ਨਿਰਮਲ ਸਿੰਘ ਨੂੰ ਅਗਵਾ ਕੀਤਾ ਸੀ। ਕੋਟਭਾਈ ਅਗਵਾ ਕਾਂਡ ਵਿੱਚ ਫੜੇ ਗਏ ਮੁਲਜ਼ਮ ਮਲਕੀਤ ਸਿੰਘ ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਹੈ ਕਿ ਉਸ ਦਾ ਸਾਥੀ ਨਵਜੋਤ ਸਿੰਘ ਪੀੜਤ ਨਿਰਮਲ ਸਿੰਘ ਦੀ ਮਾਂ ਦੀ ਮਾਸੀ ਦਾ ਮੁੰਡਾ (ਪੀੜਤ ਦਾ ਮਾਮਾ) ਹੈ। ਉਹ ਨਿਰਮਲ ਨੂੰ ਬੀਤੀ 19 ਮਾਰਚ ਨੂੰ ਘਰੋਂ ਕਰੀਬ 6.15 ਵਜੇ ਲੈ ਕੇ ਗਿਆ ਸੀ ਤੇ ਸਾਥੀਆਂ ਦੀ ਮਦਦ ਨਾਲ ਉਸੇ ਸ਼ਾਮ ਉਸ ਦਾ ਕਤਲ ਕਰ ਕੇ ਚੰਦਭਾਨ ਸੇਮ ਨਾਲੇ ਵਿੱਚ ਸੁੱਟ ਦਿੱਤਾ ਸੀ।

ਹੁਣ ਕੋਟਭਾਈ ਦੇ ਹਰਮਨਜੀਤ ਨੂੰ ਅਗਵਾ ਕਰ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਉਕਤ ਜਾਣਕਾਰੀ ਹਾਸਲ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਗਮੀਤ ਸਿੰਘ ਮੂਸ਼ੀ ਦੀ ਨਿਸ਼ਾਨਦੇਹੀ ’ਤੇ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਦੋਦਾ ਬਲਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਨਿਰਮਲ ਸਿੰਘ ਦਾ ਪਿੰਜਰ, ਉਸ ਦਾ ਇੱਕ ਬੂਟ, ਅੰਦਰੂਨੀ ਕੱਪੜਿਆਂ ਦਾ ਟੁਕੜਾ, ਇਕ ਗੰਡਾਸੀ ਤੇ ਰੱਸੀ ਆਦਿ ਬਰਾਮਦ ਹੋਏ ਹਨ।