India Punjab

ਡੇਰਾ ਸਿਰਸਾ ਮੁਖੀ ਤੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਤੋਂ SIT ਨੇ ਪੁੱਛੇ 200 ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਮੁੱਖ ਮੁਲਜਮ ਸੌਦਾ ਸਾਧ ਗੁਰਮੀਤ ਰਾਮ ਰਹੀਮ ਤੋਂ ਪੰਜਾਬ ਪੁਲਿਸ ਦੀ ਸਿਟ ਨੇ ਨੌ ਘੰਟੇ ਪੁੱਛਗਿਛ ਕੀਤੀ ਹੈ। ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਕੀਤੀ ਗਈ ਰਾਮ ਰਹੀਮ ਤੋਂ ਪੁੱਛਗਿੱਛ ਵੇਲੇ ਉਸਦੇ ਵਕੀਲ ਵੀ ਮੌਜੂਦ ਸਨ ਤੇ ਰਾਮ ਰਹੀਮ ਤੋਂ ਕਰੀਬ 200 ਸਵਾਲ ਪੁੱਛੇ ਗਏ ਹਨ। ਜਾਣਕਾਰੀ ਮੁਤਾਬਿਕ ਐਸਆਈਟੀ ਮੁਖੀ ਐਸਪੀਐਸ ਪਰਮਾਰ ਨੇ ਪੁਛਗਿਛ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹ 12 ਨਵੰਬਰ ਨੂੰ ਹਾਈਕੋਰਟ ਵਿਚ ਆਪਣੀ ਜਾਂਚ ਰਿਪੋਰਟ ਸੌਂਪਣਗੇ।

ਪੁੱਛਗਿੱਛ ਦੌਰਾਨ ਰਾਮ ਰਹੀਮ ਦੇ ਵਕੀਲ ਵੀ ਮੌਜੂਦ ਸਨ ਕਿਉਂਕਿ ਰਾਮ ਰਹੀਮ ਨੇ ਆਪਣੇ ਵਕੀਲਾਂ ਦੀ ਮੌਜੂਦਗੀ ਵਿੱਚ ਹੀ ਸਵਾਲਾਂ ਦੇ ਜਵਾਬ ਦੇਣ ਦੀ ਸ਼ਰਤ ਰੱਖੀ ਸੀ। ਜਾਣਕਾਰੀ ਮੁਤਾਬਕ ਐੱਸਆਈਟੀ ਨੇ ਉਨ੍ਹਾਂ ਤੋਂ ਬੇਅਦਬੀ ਮਾਮਲੇ ਸਬੰਧੀ ਕੁੱਝ ਸਵਾਲਾਂ ਦੇ ਜਵਾਬ ਵੀ ਪੁੱਛੇ।

ਜਾਣਕਾਰੀ ਮੁਤਾਬਕ ਚੈਕਿੰਗ ਪ੍ਰਬੰਧ ਨਾ ਹੋਣ ਕਾਰਨ ਐਸਆਈਟੀ ਦੇ ਨਾਲ-ਨਾਲ ਤਿੰਨ ਪ੍ਰੈਸ ਦੀਆਂ ਗੱਡੀਆਂ ਵੀ ਜੇਲ੍ਹ ਦੇ ਅੰਦਰ ਪਹੁੰਚ ਗਈਆਂ। ਜਦੋਂ ਇਨ੍ਹਾਂ ਗੱਡੀਆਂ ਵਿੱਚ ਮੌਜੂਦ ਮੀਡੀਆ ਕਰਮੀਆਂ ਨੇ ਅੰਦਰ ਜਾ ਕੇ ਆਪਣੇ ਕੈਮਰੇ ਅਤੇ ਮਾਈਕ ਕੱਢ ਕੇ ਫੁਟੇਜ ਲੈਣੇ ਸ਼ੁਰੂ ਕਰ ਦਿੱਤੇ ਤਾਂ ਜੇਲ੍ਹ ਪੁਲੀਸ ਹਰਕਤ ਵਿੱਚ ਆ ਗਈ। ਉਨ੍ਹਾਂ ਨੇ ਪੱਤਰਕਾਰਾਂ ਦੀਆਂ ਗਤੀਵਿਧੀਆਂ ਬੰਦ ਕਰ ਦਿੱਤੀਆਂ ਅਤੇ ਸਾਰਿਆਂ ਨੂੰ ਉੱਥੋਂ ਵਾਪਸ ਭੇਜ ਦਿੱਤਾ।

ਪੰਜਾਬ ਤੋਂ ਪਹੁੰਚੇ ਐਸਆਈਟੀ ਦੇ ਕਾਫ਼ਲੇ ਵਿੱਚ ਕੁੱਲ 10 ਗੱਡੀਆਂ ਸ਼ਾਮਲ ਹਨ। ਇਸ ਟੀਮ ਵਿੱਚ ਪੰਜਾਬ ਪੁਲਿਸ ਦੇ ਕੁੱਲ 25 ਤੋਂ 30 ਮੁਲਾਜ਼ਮ ਸ਼ਾਮਲ ਸਨ। ਸੁਨਾਰੀਆ ਜੇਲ ‘ਚ ਰਾਮ ਰਹੀਮ ਦੀ ਪੁੱਛਗਿੱਛ ਨੇ ਹੋਰ ਲੋਕਾਂ ਨੂੰ ਪਰੇਸ਼ਾਨ ਕੀਤਾ। ਐੱਸਆਈਟੀ ਦੇ ਕਾਫ਼ਲੇ ਕਾਰਨ ਜੇਲ੍ਹ ਵਿੱਚ ਹੋਰ ਮੁਲਾਕਾਤੀਆਂ ਨੂੰ ਕੈਦੀਆਂ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ ਗਿਆ।