ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਟੀਮ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਕਰੀਬ ਤਿੰਨ ਘੰਟੇ ਤੱਕ ਪੁਛਗਿੱਛ ਕੀਤੀ ਹੈ। ਐਸਆਈਟੀ ਦੀ ਟੀਮ ਅੱਜ ਸਵੇਰੇ 11 ਵਜੇ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਦੇ ਸੈਕਟਰ 9 ਸਥਿਤ ਰਿਹਾਇਸ਼ ‘ਤੇ ਪਹੁੰਚੀ। ਵਿਸ਼ੇਸ਼ ਜਾਂਚ ਟੀਮ ਨੇ ਸਾਲ 2015 ਦੀ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਈ ਸਵਾਲ ਪੁੱਛੇ। ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਨ। ਵਿਸ਼ੇਸ਼ ਜਾਂਚ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਪੁਲਿਸ ਨੂੰ ਫਾਇਰਿੰਗ ਦੇ ਹੁਕਮ ਕਿਸ ਨੇ ਦਿੱਤੇ।
ਐਸਆਈਟੀ ਦੀ ਅਗਵਾਈ ਵਧੀਕ ਪੁਲਿਸ ਡਾਇਰੈਕਟਰ ਜਨਰਲ ਐਲਕੇ ਯਾਦਵ ਕਰ ਰਹੇ ਹਨ। 14 ਸਤੰਬਰ ਨੂੰ ਸਿਟ ਨੇ ਇਸ ਮਾਮਲੇ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਪੜਤਾਲ ਕੀਤੀ ਸੀ। ਐਸਆਈਟੀ ਇਸ ਮਾਮਲੇ ਨੂੰ ਜਲਦ ਨਿਬੇੜਨ ਦੇ ਰੌਂਅ ਵਿੱਚ ਹੈ।
ਦੱਸ ਦਈਏ ਕਿ ਇਸ ਘਟਨਾ ਮਗਰੋਂ ਨੇੜਲੇ ਪਿੰਡ ਬਹਿਬਲ ਕਲਾਂ ਵਿੱਚ ਵੀ ਇੱਕ ਪੁਲੀਸ ਅਧਿਕਾਰੀ ਨੇ ਸਿੱਖ ਕਾਰਕੁਨਾਂ ’ਤੇ ਗੋਲੀਆਂ ਚਲਾਈਆਂ ਸਨ, ਜਿਸ ਵਿੱਚ ਵੱਡੀ ਗਿਣਤੀ ਲੋਕ ਫੱਟੜ ਹੋਏ ਸਨ ਤੇ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਦਰਅਸਲ ਸਾਲ 2015 ਵਿੱਚ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਮਾਮਲੇ ਵਿੱਚ ਪਿਛਲੇ 7 ਸਾਲਾਂ ਤੋਂ ਲਗਾਤਾਰ ਜਾਂਚ ਚੱਲ ਰਹੀ ਹੈ । ਦੋ ਵਾਰ ਸਰਕਾਰਾਂ ਵੀ ਇਸ ਦਰਮਿਆਨ ਬਦਲ ਚੁੱਕੀਆਂ ਹਨ ਪਰ ਹਾਲ ਤੱਕ ਜਾਂਚ ਕਿਸੇ ਵੀ ਸਿਰੇ ਨਹੀਂ ਲੱਗ ਸਕੀ ਹੈ ਤੇ ਸਰਕਾਰਾਂ ਕੋਲ ਬੱਸ ਇੱਕ ਹੀ ਜਵਾਬ ਹੁੰਦਾ ਹੈ ਕਿ ਜਾਂਚ ਜਾਰੀ ਹੈ ।
ਇਸ ਸਬੰਧ ਵਿੱਚ ਕੁੱਝ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸਰਕਾਰੇ ਵੱਲੋਂ ਇਨਸਾਫ ਦੀ ਗੱਲ ਤਾਂ ਕਹੀ ਜਾਂਦੀ ਹੈ ਪਰ ਲਗਾਤਾਰ ਇਨਸਾਫ ਤੋਂ ਸਰਕਾਰ ਭੱਜਦੀ ਨਜਰ ਆ ਰਹੀ ਹੈ ।
ਇਸ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੋਂ ਵੀ ਐਸਆਈਟੀ ਪੁੱਛਗਿੱਛ ਕਰ ਚੁੱਕੀ ਹੈ। ਹਾਲਾਂਕਿ ਏਡੀਜੀਪੀ ਐੱਲ.ਕੇ ਯਾਦਵ ਵਾਲੀ ਐਸਆਈਟੀ ‘ਤੇ ਸਾਬਕਾ ਜਾਂਚ ਅਧਿਕਾਰੀ ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਸਵਾਲ ਚੁੱਕੇ ਸਨ ਤੇ ਇਹ ਇਲਜ਼ਾਮ ਵੀ ਲਗਾਇਆ ਸੀ ਕਿ ਕੋਈ ਪੁੱਛਗਿਛ ਬਾਦਲਾਂ ਤੋਂ ਨਹੀਂ ਹੋਈ ਹੈ ਸਗੋਂ ਇਹਨਾਂ ਨੂੰ ਸਿਰਫ਼ ਚਾਹ ਪਿਲਾ ਕੇ ਤੋਰ ਦਿਤਾ ਜਾਂਦਾ ਹੈ।