India Punjab

ਸੀਸ ਮਾਰਗ ਯਾਤਰਾ ਦੇ ਸਵਾਗਤ ‘ਚ ਸੰਗਤਾਂ ਨੇ ਅੱਖਾਂ ਵਿਛਾਈਆਂ

‘ਦ ਖ਼ਾਲਸ ਬਿਊਰੋ :- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਸ ਮਾਰਗ ਯਾਤਰਾ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗੀ। ਇਹ ਯਾਤਰਾ ਲੰਘੇ ਕੱਲ੍ਹ ਚਾਂਦਨੀ ਚੌਂਕ ਦਿੱਲੀ ਤੋਂ ਸ਼ੁਰੂ ਹੋਈ ਸੀ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦੀ ਹੋਈ ਬੀਤੀ ਰਾਤ ਜ਼ੀਰਕਪੁਰ ਪਹੁੰਚੀ। ਸੰਗਤਾਂ ਨੇ ਯਾਤਰਾ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ। ਇਹ ਯਾਤਰਾ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਮੁਕੰਮਲ ਹੋਵੇਗੀ। ਯਾਤਰਾ ਦਾ ਰੂਟ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸ ਰਸਤੇ ਤੋਂ ਗੁਜ਼ਰ ਰਹੀ ਹੈ ਜਿੱਥੇ ਭਾਈ ਜੈਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਉਣ ਵੇਲੇ ਠਹਿਰਾਅ ਕੀਤਾ ਸੀ।

ਸੀਸ ਯਾਤਰਾ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੱਸ ਵਿੱਚ ਸੁੰਦਰ ਫੁੱਲਾਂ ਦੀ ਪਾਲਕੀ ਵਿੱਚ ਸਜਾਇਆ ਗਿਆ ਸੀ। ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਸਮਾਜ ਸੇਵੀ ਤੇ ਬੁੰਗਾ ਮਾਤਾ ਸਾਹਿਬ ਸ੍ਰੀ ਗੰਗਾ ਨਰਸਰੀ ਦੇ ਮੁੱਖ ਸੇਵਾਦਾਰ ਜੋ ਪਿਛਲੇ ਲੰਮੇ ਸਮੇਂ ਤੋਂ ਲੋਕਾਈ ਨੂੰ ਸਿੱਖ ਧਰਮ ਦੇ ਸਿਧਾਤਾਂ ਨਾਲ ਜੋੜਨ ਲਈ ਸਾਰਥਿਕ ਉਪਰਾਲਾ ਕਰ ਰਹੇ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਸੀਸ ਮਾਰਗ ਯਾਤਰਾ ਦਾ ਇਹ 11ਵਾਂ ਨਗਰ ਕੀਰਤਨ ਬੀਤੇ ਦਿਨ ਗਰੁਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਂਕ ਤੋਂ ਸਵੇਰੇ ਪੰਜ ਵਜੇ ਅਰੰਭ ਹੋਇਆ ਸੀ ਤੇ ਰਸਤੇ ਵਿੱਚ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।