ਖਾਲਸ ਬਿਊਰੋ: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ (Mankirat Aulakh) ਇੱਕ ਵਾਰ ਫਿਰ ਤੋਂ ਨਿਸ਼ਾਨੇ ‘ਤੇ ਆ ਗਏ ਲਗਦੇ ਹਨ। ਔਲਖ ਨੂੰ ਮਿਲੀ ਧਮਕੀ ਵਿੱਚ ਦਿਨਾਂ ਦੀ ਗਿਣਤੀ ਕਰਨ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਿੱਧੀ ਚਿਤਾਵਨੀ ਦਿੱਤੀ ਗਈ ਹੈ ਕਿ ਗਾਇਕ ਦਾ ਸਾਥ ਦੇਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।ਇਹ ਧਮਕੀ ਭਰੀ ਪੋਸਟ ਫੇਸਬੁਕ ਰਾਹੀਂ ਦਵਿੰਦਰ ਫਰਾਂਸ ਬੰਬੀਹਾ ਦੇ ਨਾਮ ਹੇਠ ਸਾਹਮਣੇ ਆਈ ਹੈ। ਜਿਸ ਵਿੱਚ ਲੋਕੇਸ਼ਨ ਪੁਰਤਗਾਲ ਦੇ ਸ਼ਹਿਰ ਲਿਸਬਨ ਦੀ ਪਾਈ ਗਈ ਹੈ। ਦੱਸ ਦਈਏ ਕਿ ਬੀਤੇ ਦਿਨ ਵੀ ਇੱਕ ਫੇਸਬੁੱਕ ਪੋਸਟ ਵਾਇਰਲ ਹੋਈ ਸੀ,ਜਿਸ ਵਿੱਚ ਔਲਖ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਮੁੜ ਤੋਂ ਮਿਲੀ ਨਵੀਂ ਧਮਕੀ ਨੂੰ ਦਵਿੰਦਰ ਬੰਬੀਹਾ ਗਰੁੱਪ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।ਹਾਲਾਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਸ ਪੋਸਟ ਵਿੱਚ ਕਿੰਨੀ ‘ਕੁ ਸੱਚਾਈ ਹੈ। ਇਸ ਪੋਸਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਿੱਧੂ ਦੇ ਮਾਪਿਆਂ ਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ।ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦਾ ਵੀ ਜਲਦੀ ਹੀ ਹਿਸਾਬ ਕਰਨ ਦੀ ਧਮਕੀ ਦਿੱਤੀ ਗਈ ਹੈ।ਪੋਸਟ ਵਿੱਚ ਸਿੱਧੂ ਦੇ ਕਤਲ ਦਾ ਸਿੱਧਾ ਇਲਜ਼ਾਮ ਮਨਕੀਰਤ ਔਲਖ ‘ਤੇ ਲਗਾਇਆ ਹੈ ਅਤੇ ਉਸ ਨੂੰ ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਕਰਨ ਦੀ ਧਮਕੀ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਬੀਤੇ ਦਿਨ ਕਥਿਤ ਤੋਰ ਉਤੇ ਦਵਿੰਦਰ ਬੰਬੀਹਾ ਗਰੁੱਪ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਸੀ ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਪੋਸਟ ਵਿੱਚ ਲਿਖਿਆ ਗਿਆ ਸੀ ਕਿ “ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਜੋ ਵੀ ਕਿਹਾ ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਗੋਲਡੀ ਬਰਾੜ ਅਤੇ ਲਾਰੈਂਸ ਨਸ਼ੇ ਵੇਚਣ ਅਤੇ ਪੈਸਿਆਂ ਲਈ ਬੰਦਿਆਂ ਨੂੰ ਮਾਰਨ ਦਾ ਕੰਮ ਕਰਦੇ ਹਨ। ਸਾਰਿਆਂ ਨੇ ਨੋਟ ਕੀਤਾ ਹੋਵੇਗਾ ਕਿ ਸਿੱਧੂ ਦੇ ਕਤਲ ਵਿੱਚ ਜਿਸ ਦਿਨ ਦਾ ਇੱਕ ਗਾਇਕ (ਜਿਸ ਨੂੰ ਅੱਜ ਤੱਕ ਗੁਪਤ ਰੱਖਿਆ ਗਿਆ ਹੈ)ਦਾ ਨਾਮ ਸਾਹਮਣੇ ਆਇਆ ਹੈ, ਉਸ ਦਿਨ ਤੋਂ ਗੋਲਡੀ ਬਰਾੜ ਦੇ ਬੋਲੇ ਸਭ ਝੂੱਠ ਸਾਹਮਣੇ ਆ ਗਏ ਹਨ ਤੇ ਇਹਨਾਂ ਵੱਲੋਂ ਉਸ ਦਿਨ ਤੋਂ ਕੋਈ ਪੱਖ ਪੇਸ਼ ਨਹੀਂ ਕੀਤਾ ਗਿਆ ਹੈ। ਉਹ ਜਾਣਦੇ ਹਨ ਕਿ ਉਹਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ।ਜਿਸਦੀ ਮਾਫੀ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਨਹੀਂ ਮਿਲੇਗੀ।ਅਸੀਂ ਅੱਜ ਵੀ ਸਪੱਸ਼ਟ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲਿਆ ਜਾਵੇਗਾ ,ਚਾਹੇ ਜਿੰਨਾ ਮਰਜ਼ੀ ਸਮਾਂ ਲੱਗੇ। ਜੋ ਜੱਗੂ ਭਗਵਾਨਪੁਰੀਆ, ਲਾਰੈਂਸ, ਗੋਲਡੀ ਬਰਾੜ ਦਾ ਸਾਥ ਦੇਵੇਗਾ, ਉਸ ਨੂੰ ਵੀ ਜ਼ਰੂਰ ਮਾਰਿਆ ਜਾਵੇਗਾ।”
ਇਸ ਤੋਂ ਬਾਅਦ ਅੱਗੇ ਲਿਖਿਆ ਗਿਆ ਹੈ ਕਿ , “ਗੋਲਡੀ ਬਰਾੜ ਨੂੰ ਇਹ ਕਹਿੰਦੇ ਹਾਂ ਕਿ ਸੰਤ ਜੀ ਦੇ ਨਾਮ ‘ਤੇ ਗੱਲ ਕਰਨ ਵਾਲਾ ਕਦੇ ਵੀ ਕਮਜ਼ੋਰ ਅਤੇ ਨਿਹੱਥੇ ‘ਤੇ ਹਮਲਾ ਨਹੀਂ ਕਰਦਾ ਅਤੇ ਨਾ ਹੀ ਉਹ ਪੈਸੇ ਲਈ ਕਤਲ ਕਰਦਾ ਹੈ। ਗੋਲਡੀ ਬਰਾੜ ਨੂੰ ਇਸ ਲਈ ਭਾਰੀ ਹਰਜ਼ਾਨਾ ਭੁੱਗਤਣਾ ਪਵੇਗਾ। ਮਨਕੀਰਤ ਔਲਖ ਵੀ ਦੋਸ਼ੀ ਹੈ ਤੇ ਸਾਡੀ ਸੂਚੀ ਦੇ ਸਿਖਰ ‘ਤੇ ਹੈ। ਅਸੀਂ ਸਾਰਿਆਂ ਨੂੰ ਮਿਲਾਂਗੇ, ਇੰਤਜ਼ਾਰ ਕਰੋ ਅਤੇ ਕਾਇਰਾਂ ਨੂੰ ਦੇਖਾਂਗੇ।”
ਇਹ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਮਨਕੀਰਤ ਔਲਖ ਨੂੰ ਇਸ ਤਰਾਂ ਦੀਆਂ ਧਮਕੀਆਂ ਮਿਲੀਆਂ ਹਨ,ਇਸ ਤੋਂ ਪਹਿਲਾਂ ਵੀ ਉਸ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਇਸ ਪੋਸਟ ਨੂੰ ਬੰਬੀਹਾ ਗੈਂਗ ਨਾਲ ਜੋੜਿਆ ਗਿਆ ਹੈ। ਇਸ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਫ ਤੋਰ ‘ਤੇ ਇਹ ਧਮਕੀ ਦਿੱਤੀ ਗਈ ਹੈ ਕਿ ਗੋਲਡੀ ਬਰਾੜ ਅਤੇ ਗਾਇਕ ਮਨਕੀਰਤ ਔਲਖ ਤੋਂ ਬਦਲਾ ਲਿਆ ਜਾਵੇਗਾ। ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਉਹਨਾਂ ਨੂੰ ਕਿੰਨਾ ਸਮਾਂ ਲੈਂਦਾ ਹੈ,ਇੰਨਾ ਹੀ ਨਹੀਂ ਜੋ ਵੀ ਉਨ੍ਹਾਂ ਦਾ ਸਾਥ ਦੇਵੇਗਾ, ਮਾਰਿਆ ਜਾਵੇਗਾ।