Punjab

SGPC ਚੋਣਾਂ ਨਾ ਹੋਣ ‘ਤੇ ਸਿਮਰਨਜੀਤ ਮਾਨ ਨੇ ਕਿਸਨੂੰ ਠਹਿਰਾਇਆ ਜ਼ਿੰਮੇਵਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਹੋਣ ਪਿੱਛੇ ਆਰਐੱਸਐੱਸ ਅਤੇ ਬੀਜੇਪੀ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ SGPC ਇੱਕ ਜਮਹੂਰੀਅਤ ਵਾਲੀ ਸੰਸਥਾ ਬਣੇ। ਮਾਨ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਦੀ ਮੰਗ ਕੀਤੀ ਹੈ।

ਜਦੋਂ ਇੱਕ ਪੱਤਰਕਾਰ ਨੇ ਮਾਨ ਨੂੰ ਪੁੱਛਿਆ ਕਿ ਬਾਕੀ ਸਿੱਖ SGPC ਦੀਆਂ ਚੋਣਾਂ ਨਾ ਹੋਣ ਦਾ ਮੁੱਦਾ ਕਿਉਂ ਨਹੀਂ ਚੁੱਕਦੇ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਉਹ ਸਿੱਖ ਹੋਣ ਤਾਂ ਮੇਰੇ ਨਾਲ ਬੋਲਣ। ਸੂਬਾ ਸਰਕਾਰ ਵੱਲੋਂ ਵੀ ਇਹ ਮੁੱਦਾ ਨਾ ਚੁੱਕਣ ਉੱਤੇ ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਉੱਤੇ ਨਾ ਹਿੰਦੂ, ਮੁਸਲਮਾ, ਨਾ ਸਿੱਖ ਕੋਈ ਵੀ ਨਹੀਂ ਬੋਲ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਮਾਨ ਨੇ 15 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਜਮਹੂਰੀਅਤ ਬਹਾਲ ਕਰਨ ਵਾਸਤੇ ਸ਼੍ਰੀ ਹਰਿਮੰਦਰ ਸਾਹਿਬ ਘੰਟਾ ਘਰ ਸਾਹਮਣੇ ਪਹੁੰਚਣ ਦੀ ਸਾਰਿਆਂ ਨੂੰ ਅਪੀਲ ਕੀਤੀ ਹੈ। ਦਰਅਸਲ, 15 ਸਤੰਬਰ ਨੂੰ ਯੂਐੱਨ ਦਾ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜਾ ਹੈ, ਜਿਸ ਦਿਨ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ।