Punjab

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ‘ਤੇ ਕਿਉਂ ਲੜੇ ਇਹ ਸਿੱਖ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):- ਤਖ਼ਤ ਸ੍ਰੀ ਪਟਨਾ ਸਾਹਿਬ ਕੰਪਲੈਕਸ ਵਿਖੇ ਇੱਕ ਹੰਗਾਮਾ ਹੋਇਆ ਹੈ। ਤਖਤ ਸ਼੍ਰੀ ਹਰਿਮੰਦਰ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਨਾਲ ਬਦਸਲੂਕੀ ਕੀਤੀ ਗਈ ਹੈ। ਅਵਤਾਰ ਸਿੰਘ ਨੂੰ ਸਟੇਜ ਤੋਂ ਧੱਕੇ ਮਾਰੇ ਗਏ ਅਤੇ ਹੇਠਾਂ ਸੁੱਟ ਦਿੱਤਾ ਗਿਆ। ਜਥੇਦਾਰ ਅਵਤਾਰ ਸਿੰਘ ਹਿੱਤ ਕਮੇਟੀ ਦੇ ਇੱਕ ਗ੍ਰੰਥੀ ਸਿੰਘ ਅਤੇ ਸੁਪਰਡੈਂਟ ਦਲਜੀਤ ਸਿੰਘ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਸਬੰਧੀ ਮਾਈਕ ਤੋਂ ਕੁੱਝ ਬੋਲ ਰਹੇ ਸਨ ਤਾਂ ਸੰਗਤ ਵਿੱਚ ਬੈਠੇ ਕੁੱਝ ਵਿਅਕਤੀਆਂ ਨੇ ਜਥੇਦਾਰ ਹਿੱਤ ਨਾਲ ਬਹਿਸਬਾਜ਼ੀ ਕਰਦਿਆਂ ਉਨ੍ਹਾਂ ਤੋਂ ਮਾਈਕ ਖੌਂਹਦਿਆਂ ਉਨ੍ਹਾਂ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਹੇਠਾਂ ਡਿੱਗ ਗਏ।

ਕਮੇਟੀ ਮੈਂਬਰ ਰਾਜਾ ਸਿੰਘ ਮੌਕੇ ‘ਤੇ ਸਟੇਜ ‘ਤੇ ਆਇਆ ਅਤੇ ਅਵਤਾਰ ਸਿੰਘ ਤੋਂ ਮਾਈਕ ਖੋਹ ਕੇ ਕਹਿਣ ਲੱਗਾ ਕਿ ਤੁਸੀਂ ਮੀਟਿੰਗ ਨਹੀਂ ਕਰ ਸਕਦੇ। ਜਦੋਂ ਅਵਤਾਰ ਸਿੰਘ ਉਨ੍ਹਾਂ ਨੂੰ ਸਮਝਾਉਣ ਲੱਗੇ ਤਾਂ ਉਸਨੇ ਉਨ੍ਹਾਂ (ਅਵਤਾਰ ਸਿੰਘ) ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ। ਮੌਜੂਦ ਲੋਕਾਂ ਨੇ ਦੱਸਿਆ ਕਿ ਰਾਜਾ ਸਿੰਘ ਵੱਲੋਂ ਉਸ ਵਕਤ ਇਸ ਤਰ੍ਹਾਂ ਦੇ ਕਈ ਲੋਕ ਗੁਰੂ ਘਰ ਦੇ ਅੰਦਰ ਲਿਆਂਦੇ ਗਏ ਜੋ ਨਸ਼ੇ ਦੇ ਆਦੀ ਸਨ ਅਤੇ ਉਨ੍ਹਾਂ ਦੇ ਵਾਲ ਕੱਟੇ ਹੋਏ ਸਨ। ਰਾਜਾ ਸਿੰਘ ਨੇ ਸੇਵਾ ਨਿਯਮਾਂ ਅਨੁਸਾਰ ਉਮਰ ਪੂਰੀ ਕਰ ਚੁੱਕੇ ਕਰਮਚਾਰੀਆਂ ਨੂੰ ਸੇਵਾਮੁਕਤ ਕਰਨ ਲਈ ਮੀਟਿੰਗ ਨਾ ਸੱਦੇ ਜਾਣ ਦਾ ਬਹਾਨਾ ਬਣਾ ਕੇ ਕੁੱਝ ਵਿਅਕਤੀਆਂ ਸਮੇਤ ਜਾਣ-ਬੁੱਝ ਕੇ ਹਿੱਤ ਨਾਲ ਧੱਕਾਮੁੱਕੀ ਕੀਤੀ ਗਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਟਨਾ ਸਾਹਿਬ ਵਿਖੇ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਹ ਬਹੁਤ ਹੀ ਦੁੱਖਦਾਈ ਹੈ ਜਦੋਂ ਸਿੱਖ ਹੀ ਸਿੱਖਾਂ ਦੀਆਂ ਪੱਗਾਂ ਲਾਉਣ ਲੱਗ ਪੈਣ। ਮਹਾਨ ਤਖਤਾਂ ‘ਤੇ ਇਸ ਤਰ੍ਹਾਂ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਹਰਜ਼ਾਨਾ ਭਰਨਾ ਪਵੇਗਾ ਜਿਹੜੇ ਇੱਕ-ਦੂਜੇ ਦੀਆਂ ਪੱਗਾਂ ਨੂੰ ਉਛਾਲਦੇ ਹਨ।