Punjab

ਸਿੱਖਾਂ ਨੂੰ ਅਵਾਰਾ ਪਸ਼ੂਆਂ ਵਰਗੇ ਲੋਕਾਂ ਤੋਂ ਆਪਣੀਆਂ ਨਸਲਾਂ ਬਚਾਉਣ ਦੀ ਲੋੜ- ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ:- ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖ ਸੰਗਤ ਨੂੰ ਸਿੱਖੀ ਪ੍ਰਚਾਰ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਸਿੱਖੀ ਦਾ ਕੂੜ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਤੋਂ ਬਚਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਕੌਮ ਦੇ ਪ੍ਰਚਾਰਕ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਸਿੱਖਾਂ ਸਮੇਤ ਗੈਰ-ਸਿੱਖਾਂ ਨੂੰ ਵੀ ਗੁਰੂ ਨਾਲ ਜੋੜਨ ਦਾ ਹੁੰਦਾ ਹੈ। ਸਿੱਖ ਪ੍ਰਚਾਰਕ ਦਾ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਮੰਤਵ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਦਾ ਮੰਤਵ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੁੰਦਾ ਹੈ, ਉਹ ਕਦੇ ਸਿੱਖ ਪ੍ਰਚਾਰਕ, ਸਾਧੂ ਜਾਂ ਸਿੱਖ ਵਿਦਵਾਨ ਨਹੀਂ ਹੋ ਸਕਦੇ। ਆਪਣਾ ਸਾਰਾ ਜੀਵਨ ਗੁਰੂ ਦੇ ਲੇਖੇ ਲਾ ਦੇਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਸੀ ਜਦੋਂ ਸਿੱਖ ਪ੍ਰਚਾਰ ਕਰਨ ਵਾਲਿਆਂ ਨੂੰ ਮਨਮੱਤੀਆਂ ਨੇ ਆਪਣੇ ਨਿਸ਼ਾਨੇ ‘ਤੇ ਲਿਆ ਸੀ।

ਜਥੇਦਾਰ ਨੇ ਇੱਕ ਸੱਚੇ ਸਿੱਖ ਪ੍ਰਚਾਰਕ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਪਾਇਲ ਹਲਕੇ ਦੇ ਪਿੰਡ ਘੁਡਾਣੀ ਕਲਾਂ ਦੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਵਿਖੇ ਮੀਰੀ-ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਸੁਸ਼ੋਭਿਤ ਹੈ। ਉੱਥੇ ਸਿੱਖੀ ਦੇ ਪ੍ਰਚਾਰਕ ਭਾਈ ਬਲਾਕਾ ਸਿੰਘ ਜੀ ਗੁਰਦੁਆਰਾ ਵਿੱਚ ਤਾਇਨਾਤ ਸਨ। ਉੱਥੇ ਉਨ੍ਹਾਂ ਨੇ ਜਦੋਂ ਵੀ ਅਰਦਾਸ ਕਰਨੀ ਤਾਂ ਉਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਤਿਕਾਰ ਦੇਣਾ। ਪਰ ਪਿੰਡ ਵਿੱਚ ਬਹੁ-ਗਿਣਤੀ ਰਾਮ-ਰਾਈਆਂ ਦੀ ਸੀ। ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਨਾ ਪਸੰਦ ਨਹੀਂ ਸੀ ਕਰਦੇ। ਉਨ੍ਹਾਂ ਨੇ ਭਾਈ ਬਲਾਕਾ ਸਿੰਘ ਜੀ ਦਾ ਕੀਰਤਨ ਕਰਨ ਵਾਲਾ ਦੁਤਾਰਾ ਭੰਨਿਆ ਤੇ ਉਨ੍ਹਾਂ ਨਾਲ ਕੁੱਟ-ਮਾਰ ਵੀ ਕੀਤੀ। ਪਰ ਭਾਈ ਬਲਾਕਾ ਸਿੰਘ ਜੀ ਆਪਣੇ ਗੁਰੂ ਦੀ ਗੱਲ ਕਹਿਣ ਤੋਂ ਬਿਲਕੁਲ ਵੀ ਨਾ ਹਟੇ।

ਉਨ੍ਹਾਂ ਕਿਹਾ ਕਿ ਗੁਰਮਿਤ ਸਿਧਾਂਤਾਂ, ਪਰੰਪਰਾਵਾਂ ਨੂੰ ਨਿਸ਼ਾਨੇ ‘ਤੇ ਲੈਣ ਵਾਲੇ ਬਹੁਤ ਲੋਕ ਤੁਰੇ ਫਿਰਦੇ ਹਨ। ਅੱਜ ਦੇ ਕਈ ਪ੍ਰਚਾਰਕ ਜੋ ਲੋਕਾਂ ਨੂੰ ਆਪਣੇ ਨਾਲ ਜੋੜਦੇ ਹਨ, ਉਹ ਸਭ ਤੋਂ ਪਹਿਲਾਂ ਗਲੈਮਰ ਭਾਲਦੇ ਹਨ। ਗੁਰੂ ਦੀ ਨਿੰਦਿਆ ਕਰਨ ਵਾਲੇ, ਗੁਰੂ ਦੇ ਸਿਧਾਂਤਾਂ ਤੇ ਪਰੰਪਰਾਵਾਂ ਦਾ ਮਜ਼ਾਕ ਉਡਾਉਣ ਵਾਲੇ ਪ੍ਰਚਾਰਕਾਂ ਨੂੰ ਸੁਣਨ ਵਾਲੇ ਵੀ ਗੁਰੂ ਦੇ ਦੋਖੀ ਬਣਦੇ ਜਾ ਰਹੇ ਹਨ।

ਉਨ੍ਹਾਂ ਨੇ ਸਿੱਖ ਸੰਗਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਵੇਂ ਕਿਸਾਨ ਅਵਾਰਾ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਂਦਾ ਹੈ, ਤੁਸੀਂ ਇਸ ਤਰ੍ਹਾਂ ਦੇ ਲੋਕਾਂ ਤੋਂ ਆਪਣੀਆਂ ਨਸਲਾਂ ਬਚਾ ਲਉ। ਸਿੱਖੀ ਦਾ ਕੂੜ ਪ੍ਰਚਾਰ ਕਰਨ ਵਾਲੇ ਤੁਹਾਡੀਆਂ ਨਸਲਾਂ ਨੂੰ ਖਾ ਰਹੇ ਹਨ।