Punjab

ਗੁਰਧਾਮਾਂ ‘ਚ ਲੱਗਿਆ ਸੋਨਾ ਸਿੱਖਾਂ ਦਾ ਸਾਂਝਾ ਪਵਿੱਤਰ ਸਰਮਾਇਆ ਹੈ, ਸੁਖਬੀਰ ਸਿੰਘ ਬਾਦਲ ਨੇ ਕਿਹਾ, ਸਿਰਸਾ ਨੇ ਮੁਆਫ਼ੀ ਮੰਗ ਕੇ ਚੰਗਾ ਕੀਤਾ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਿੱਖ ਗੁਰਧਾਮਾਂ ਉੱਤੇ ਲੱਗਾ ਸੋਨਾ ਅਤੇ ਬਾਕੀ ਪਵਿੱਤਰ ਵਸਤਾਂ ਸ਼ਰਧਾਵਾਨ ਸਿੱਖ ਕੌਮ ਦਾ ਸਾਂਝਾ ਸਰਮਾਇਆ ਹੈ। ਅਤੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਕੋਈ ਵੀ ਕੰਮ ਲਈ, ਬੇਸ਼ੱਕ ਉਹ ਕਿੰਨ੍ਹਾ ਵੀ ਮਾਨਵਵਾਦੀ ਅਤੇ ਨੇਕ ਕਿਉਂ ਨਾ ਹੋਵੇ, ਇਸ ਸਰਮਾਏ ਦਾ ਕੋਈ ਵੀ ਨਿੱਕਾ ਜਿਹਾ ਹਿੱਸਾ ਵੀ ਦਾਨ ਕਰਨ ਬਾਰੇ ਸੋਚਣ ਦਾ ਸਵਾਲ ਹੀ ਪੈਦਾ ਨਾ ਕਰੇ।

ਬਾਦਲ ਨੇ ਕਿਹਾ ਕਿ ਬੇਹੱਦ ਇਤਿਹਾਸਕ ਅਤੇ ਵਿਰਾਸਤੀ ਮੁੱਲ ਰੱਖਣ ਵਾਲੇ ਇਸ ਸਰਮਾਏ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ। ਇਸ ਸਰਮਾਏ ਦੇ ਕਿਸੇ ਨਿੱਕੇ ਜਿਹੇ ਹਿੱਸੇ ਬਾਰੇ ਵੀ ਆਏ ਸੁਝਾਅ ਜਾਂ ਇਸ ਨਾਲ ਜੁੜੇ ਕਿਸੇ ਸਵਾਲ ਦਾ ਜੁਆਬ ਦੇਣ ਵੇਲੇ ਵਿਅਕਤੀ ਨੂੰ ਪੂਰੀ ਜ਼ਿੰਮੇਵਾਰੀ ਤੇ ਸੰਜਮ ਤੌਰ ਤੇ ਕੰਮ ਲੈਣਾ ਚਾਹੀਦਾ ਹੈ। ਬਾਦਲ ਨੇ ਕਿਹਾ ਕਿ ਸਾਨੂੰ ਪੰਥ ਦੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਤੇ ਚਾਲਾਂ ਪ੍ਰਤੀ ਸਦਾ ਸੁਚੇਤ ਰਹਿਣਾ ਚਾਹੀਦਾ ਹੈ, ਜਿਹੜੇ ਕਿ ਅਜਿਹੇ ਵਿਸ਼ਿਆਂ ਉੱਤੇ ਕਿਸੇ ਸਿੱਖ ਆਗੂ ਦੀ ਫਿਸਲੀ ਜ਼ੁਬਾਨ ਦਾ ਹਮੇਸ਼ਾਂ ਫਾਇਦਾ ਉਠਾਉਣ ਦੀ ਤਾਕ ਵਿੱਚ ਰਹਿੰਦੇ ਹਨ।

ਕੋਰੋਨਾਵਾਇਰਸ ਖ਼ਿਲਾਫ ਮਨੁੱਖਤਾ ਦੀ ਮੱਦਦ ਲਈ ਵੱਖ – ਵੱਖ ਧਾਰਮਿਕ ਫਿਰਕਿਆਂ ਵੱਲੋਂ ਸੋਨੇ ਦੇ ਦਾਨ ਸੰਬੰਧੀ ਇੱਕ ਪ੍ਰਸਤਾਵ ਬਾਰੇ ਡੀਐਸਜੀਐਮਸੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਇੱਕ ‘ਅਣਭੋਲ ਸੁਝਾਅ’ ਉੱਤੇ ਉੱਠੇ ਵਿਵਾਦ ਦਾ ਹਵਾਲਾ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਟਿੱਪਣੀ ਅਸਵੀਕਾਰਯੋਗ ਹੈ, ਜਿਸ ਤੋਂ ਬਚਿਆ ਜਾ ਸਕਦਾ ਸੀ। ਪਰ ਇਹ ਚੰਗੀ ਗੱਲ ਹੈ ਕਿ ਜਥੇਦਾਰ ਸਿਰਸਾ ਨੇ ਇਸ ਉੱਤੇ ਪਛਤਾਵਾ ਕਰਦਿਆਂ ਆਪਣੀ ਇਸ ਅਣਭੋਲ ਗਲਤੀ ਲਈ ਸਿੱਖਾਂ ਤੋਂ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਅੱਗੇ ਬਿਨਾਂ ਸ਼ਰਤ ਮੁਆਫੀ ਦੀ ਪੇਸ਼ਕਸ਼ ਰੱਖ ਕੇ ਜਥੇਦਾਰ ਸਿਰਸਾ ਨੇ ਇਸ ਮੁੱਦੇ ਬਾਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਪਰ ਕੁੱਝ ਸ਼ਰਾਰਤੀ ਅਤੇ ਸਿੱਖ ਵਿਰੋਧੀ ਤੱਤ ਇਸ ਮੁੱਦੇ ਉੱਤੇ ਸਿੱਖਾਂ ਅੰਦਰ ਬੇਭਰੋਸਗੀ ਤੇ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਸ ਵਿੱਚ ਵੰਡ ਕੇ ਸਿੱਖ ਕੌਮ ਨੂੰ ਕਮਜ਼ੋਰ, ਆਗੂ ਰਹਿਤ ਅਤੇ ਦਿਸ਼ਾ ਰਹਿਤ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਇਸ ਘਟਨਾ ਨੇ ਸਿੱਖ ਆਗੂਆਂ ਨੂੰ ਇਸ ਗੱਲ ਲਈ ਸਿਆਣੇ ਕਰ ਦਿੱਤਾ ਹੈ ਕਿ ਉਹ ਸਾਡੇ ਸ਼ਾਨਦਾਰ ਧਾਰਮਿਕ ਵਿਰਸੇ ਉੱਤੇ ਅਸਰ ਪਾਉਣ ਵਾਲੇ ਸੁਝਾਵਾਂ ਅਤੇ ਸੁਆਲਾਂ ਦੇ ਜੁਆਬ ਦੇਣ ਵੇਲੇ ਹਮੇਸ਼ਾਂ ਬੇਹੱਦ ਸੁਚੇਤ ਅਤੇ ਚੌਕਸ ਰਹਿਣ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਿੱਖ ਗੁਰਧਾਮਾਂ ਅੰਦਰ ਪਿਆ ਸੋਨਾ ਅਤੇ ਬਾਕੀ ਵਸਤਾਂ ਉਸ ਪਾਵਨ ਭਰੋਸੇ ਦਾ ਪ੍ਰਤੀਕ ਹਨ, ਜੋ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਨੁੰਮਾਇਦਿਆਂ ਉੱਤੇ ਹੈ। ਇਹ ਭਰੋਸਾ ਸਿੱਖ ਗੁਰਧਾਮਾਂ ਦੀਆਂ ਪ੍ਰਬੰਧਕੀ ਕਮੇਟੀਆਂ ਉੱਤੇ ਇੱਕ ਬਹੁਤ ਵੱਡੀ ਨੈਤਿਕ ਤੇ ਰੂਹਾਨੀ ਜ਼ਿੰਮੇਵਾਰੀ ਪਾਉਂਦਾ ਹੈ। ਇਸ ਲਈ ਸਾਰਿਆਂ ਲਈ ਜ਼ਰੂਰੀ ਹੈ ਕਿ ਮਨੁੱਖਤਾ ਲਈ ਇਸ ਤਰ੍ਹਾਂ ਦੇ ਕਿਸੇ ਵੀ ਦਾਨ ਬਾਰੇ ਸੁਝਾਅ ਦਾ ਜੁਆਬ ਦਿੰਦਿਆਂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ।

ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਆਪਣੀ ਸੇਵਾ ਅਤੇ ਕੁਰਬਾਨੀ ਨਾਲ ਇੱਕ ਮਿਸਾਲ ਕਾਇਮ ਕਰਕੇ ਪੂਰੀਆਂ ਦੁਨਿਆ ਅੰਦਰ ਸਤਿਕਾਰ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਪੂਰੀ ਦੁਨਿਆਂ ਅੰਦਰ ਗਰੀਬਾਂ, ਲੋੜਵੰਦਾਂ ਅਤੇ ਭੁੱਖਿਆਂ ਦੀ ਮੱਦਦ ਕਰਕੇ ਜਿਸ ਸੇਵਾ ਅਤੇ ਕੁਰਬਾਨੀ ਦੇ ਜਜ਼ਬੇ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ, ਉਸ ਦੀ ਪੂਰੀ ਦੁਨਿਆਂ ਖੜ੍ਹੀ ਹੋ ਸ਼ਲਾਘਾ ਕਰ ਰਹੀ ਹੈ।