ਬਿਊਰੋ ਰਿਪੋਰਟ : ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ 328 ਸਰੂਪਾਂ ਖਿਲਾਫ਼ 7 ਦਿਨਾਂ ਤੋਂ ਸਿੱਖ ਸਦਭਾਵਨਾ ਦਲ ਵੱਲੋਂ ਸੰਗਰੂਰ ਵਿੱਚ CM ਮਾਨ ਦੇ ਘਰ ਬਾਹਰ ਧਰਨਾ ਲਗਾਇਆ ਗਿਆ ਸੀ। ਸਿੱਖ ਸਦਭਾਵਨਾ ਦਲ ਦੇ ਮੁਖੀ
ਬਲਦੇਵ ਸਿੰਘ ਵਡਾਲਾ ਇਸ ਪੂਰੇ ਮਾਮਲੇ ਦੀ ਭਗਵੰਤ ਮਾਨ ਸਰਕਾਰ ਤੋਂ ਜਾਂਚ ਮੰਗ ਰਹੇ ਸਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮਾਨ ਸਰਕਾਰ ਨੇ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਇਸ ਦੀ ਜਾਂਚ ਦੀ ਮੰਗ ਕੀਤੀ ਸੀ ਪਰ 5 ਮਹੀਨੇ ਸਰਕਾਰ ਵਿੱਚ ਆਉਣ ਤੋਂ ਬਾਅਦ
ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਉਨ੍ਹਾਂ ਨੇ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਪੱਕਾ ਧਰਨਾ ਲਗਾਇਆ ਸੀ ਪਰ ਵੀਰਵਾਰ ਅੱਧੀ ਰਾਤ ਜਿਸ ਤਰ੍ਹਾਂ ਨਾਲ ਧਰਨੇ ਵਾਲੀ ਥਾਂ ਨੂੰ ਖਾਲ੍ਹੀ ਕਰਵਾਇਆ ਗਿਆ, ਉਸ ਨੂੰ ਲੈਕੇ ਭਾਈ ਬਲਦੇਵ ਸਿੰਘ ਵਡਾਲਾ ਨੇ ਪੁਲਿਸ ‘ਤੇ ਬੇਅਦਬੀ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬਹਿਬਲਕਲਾਂ ਅਤੇ ਬਰਗਾੜੀ ਬੇਅਦਬੀ ਕਾਂਡ ਦੁਹਰਾਇਆ ਹੈ।
‘CM ਮਾਨ ਬਾਦਲਾਂ ਦੀ B ਟੀਮ’
ਵੀਰਵਾਰ ਰਾਤ ਨੂੰ ਜਿਸ ਤਰੀਕੇ ਨਾਲ ਪੁਲਿਸ ਨੇ ਧਰਨਾ ਚੁਕਾਇਆ ਹੈ, ਉਸ ਤੋਂ ਬਾਅਦ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਸੀਐੱਮ ਮਾਨ ਨੂੰ ਬਾਦਲਾਂ ਦੀ B ਟੀਮ ਦੱਸਿਆ ਹੈ। ਉਨ੍ਹਾਂ ਨੇ ਮਾਨ ਦੀ ਤੁਲਨਾ ਨਰੈਣੂ ਮਹੰਤਾਂ ਨਾਲ ਕਰ ਦਿੱਤੀ। ਭਾਈ ਵਡਾਲਾ ਨੇ ਇਲਜ਼ਾਮ ਲਗਾਇਆ ਕਿ ਸੰਗਤ ਸ਼ਾਤਮਈ ਪ੍ਰਦਰਸ਼ਨ ਕਰ ਰਹੀ ਸੀ, ਰਾਤ 11 ਵਜੇ ਚੁੱਪ ਚਪੀਤੇ ਹੱਲਾ ਕਰ ਮੋਰਚੇ ਨੂੰ ਤਾਰਪੀੜ ਕਰ ਦਿੱਤਾ ਗਿਆ। ਪੰਜਾਬ ਸਰਕਾਰ ਜੁੱਤੀਆਂ ਪਾ ਗੁਰਬਾਣੀ ਦੀਆਂ ਪੋਥੀਆਂ ਦੀ, ਗੁਰੂ ਦੇ ਲੰਗਰਾਂ ਦੀ, ਸ੍ਰੀ ਸਾਹਿਬਾਂ ਦੀ, ਸਜਾਈਆਂ ਦਸਤਾਰਾਂ ਦੀ,ਗੁਰੂ ਕੇ ਲੰਗਰਾਂ ਦੀ ਪੈਰ ਦੇ ਠੁੱਡਾਂ ਨਾਲ ਬੇਅਦਬੀ ਕੀਤੀ। ਸਿਰਫ਼ ਇੰਨਾਂ ਹੀ ਨਹੀਂ, ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਬੀਬੀਆਂ ਬਜ਼ੁਰਗਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਗਈ। ਗੁੰਡਾ ਬਿਰਤੀ ਦੇ ਬੰਦਿਆਂ ਹੰਕਾਰ ਬਲ ਨਾਲ ਧੂਹ ਕੇ ਬੱਸਾਂ ਵਿੱਚ ਸੁੱਟ ਦਿੱਤਾ। ਅੱਧੀ ਰਾਤ ਤੋਂ ਬਾਅਦ ਪਟਿਆਲਾ ਜੇਲ੍ਹ, ਫਿਰ ਦੁਖ ਨਿਵਾਰਨ ਸਾਹਿਬ ਅਤੇ ਬਾਅਦ ਵਿੱਚੋਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਛੱਡ ਦਿਤਾ ਗਿਆ। ਉਨ੍ਹਾ ਕਿਹਾ ਕਿ ਇਸ ਪਾਵਨ ਪਵਿੱਤਰ ਅਸਥਾਨ ਦੀ ਵੀ ਮਾਨ ਮਰਿਆਦਾ ਦੀ ਪ੍ਰਸ਼ਾਸਨ ਨੇ ਕੋਈ ਪਰਵਾਹ ਨਹੀਂ ਕੀਤੀ। ਆਪਣੇ ਸ਼ਰਾਬੀ ਟੋਲਿਆਂ ਦੇ ਨਾਲ ਅੰਦਰ ਦਾਖਲ ਹੋ ਬੱਜਰ ਕੁਰਹਿਤੀ ਕੀਤੀ। ਭਾਈ ਵਡਾਲਾ ਨੇ ਇਲਜ਼ਾਮ ਲਗਾਇਆ ਕਿ ਸੰਗਤਾਂ ਦੇ ਮੋਬਾਈਲ ਜ਼ਬਤ ਕਰ ਲਏ ਗਏ। ਕਾਫੀ ਸਮਾਨ ਅਤੇ ਪੈਸਿਆਂ ਦੀ ਵੀ ਲੁੱਟ ਕਸੁੱਟ ਕੀਤੀ ਗਈ। ਸਿੱਖ ਸਦਭਾਵਨਾ ਦਲ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਵਿੱਚ ਕਾਨੂੰਨ ਦੇ ਹਾਲਾਤ ਠੀਕ ਨਹੀਂ ਹੈ। ਇਸ ਲਈ ਕੇਂਦਰ ਸਰਕਾਰ ਰਾਸ਼ਟਰਪਤੀ ਸ਼ਾਸਨ ਲਗਾਏ।
328 ਗਾਇਬ ਸਰੂਪਾਂ ਲਈ 22 ਮਹੀਨੇ ਤੋਂ ਸੰਗਰਸ਼
328 ਗਾਇਬ ਸਰੂਪਾਂ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਦਾ 22 ਮਹੀਨਿਆਂ ਤੋਂ ਸ੍ਰੀ ਅੰਮ੍ਰਿਤਸਰ ਵਿੱਚ ਧਰਨਾ ਚੱਲ ਰਿਹਾ ਹੈ। 2020 ਵਿੱਚ ਸਭ ਤੋਂ ਪਹਿਲਾਂ ਗਾਇਬ ਸਰੂਪਾਂ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੀ ਜਾਂਚ ਦੇ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕਮੇਟੀ ਬਣਾਈ ਗਈ ਸੀ। ਜਾਂਚ ਕਮੇਟੀ ਵਿੱਚ ਜਿਨ੍ਹਾਂ ਮੁਲਾਜ਼ਮਾਂ ਦੀ ਲਾਪਰਵਾਹੀ ਸਾਹਮਣੇ ਆਈ ਸੀ, ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਗਈ ਸੀ ਪਰ ਸਿੱਖ ਸਦਭਾਵਨਾ ਦਲ ਦਾ ਇਲਜ਼ਾਮ ਹੈ ਕਿ ਅਸਲੀ ਗੁਨਾਹਗਾਰਾਂ ਨੂੰ SGPC ਨੇ ਬਚਾਇਆ ਹੈ। ਜਦੋਂ ਤੱਕ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਹੋਵੇਗੀ, ਉਹ ਸ਼ਾਂਤ ਨਹੀਂ ਬੈਠਣਗੇ।