ਬਿਊਰੋ ਰਿਪੋਰਟ : 32 ਸਾਲ ਤੋਂ ਜੇਲ੍ਹ ਵਿੱਚ ਬੰਦ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੂੰ ਲੈਕੇ ਮਾੜੀ ਖਬਰ ਆਈ ਹੈ। ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ,ਦਿਲ ਵਿੱਚ ਜ਼ਿਆਦਾ ਤਕਲੀਫ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ । ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਉਨ੍ਹਾਂ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚੇ,ਉਨ੍ਹਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਖੇੜਾ ਦੀਆਂ ਦਿਲ ਦੀਆਂ ਦੋਵੇ ਨੱਸਾਂ ਬਲਾਕ ਹਨ ਅਤੇ ਇੰਜੋਗਰਾਫੀ ਵਿੱਚ ਇਹ ਸਾਹਮਣੇ ਆਇਆ ਹੈ। ਕੁਝ ਹਫਤੇ ਪਹਿਲਾਂ ਉਹ ਇਸੇ ਹਸਪਤਾਲ ਵਿੱਚ ਸਨ ਪਰ ਬਿਨਾਂ ਇਲਾਜ ਕੀਤੇ ਗੁਰਦੀਪ ਸਿੰਘ ਖੈਰਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਵਲਟੋਹਾ ਨੇ ਕਿਹਾ ਜਦੋਂ ਗੁਰਦੀਪ ਸਿੰਘ ਖੇੜਾ ਦੀ ਭੈਣ ਦਾ ਫੋਨ ਆਇਆ ਤਾਂ ਉਹ ਕਾਫੀ ਪਰੇਸ਼ਾਨ ਸਨ ਅਤੇ ਰੋ ਰਹੇ ਸਨ । ਫਰਵਰੀ ਵਿੱਚ ਜਦੋਂ ਖੇੜਾ ਪੈਰੋਲ ‘ਤੇ ਬਾਹਰ ਆਏ ਸਨ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਰਟ ਦੀ ਬਿਮਾਰੀ ਹੈ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਅਤੇ ਹੋਰ ਬੰਦੀ ਸਿੰਘਾਂ ਦੀ ਸਜ਼ਾ ਮੁਆਫ ਕਰੇ। ਗੁਰਦੀਪ ਸਿੰਘ ਖੇਰਾ ਪਿੰਡ ਜਲੂਪੁਰ ਖੇੜਾ ਦੇ ਰਹਿਣ ਵਾਲੇ ਹਨ । ਦਿੱਲੀ ਬੰਬ ਧਮਾਕਿਆਂ ਵਿੱਚ 14 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਤਤਕਾਲੀ ਸ਼ੀਲਾ ਸਰਕਾਰ ਨੇ ਉਨ੍ਹਾਂ ਦੀ ਸਜ਼ਾ ਮੁਆਫ ਕਰ ਦਿੱਤੀ ਸੀ ਜਦਕਿ ਕਰਨਾਟਕਾ ਵਿੱਚ ਹੋਏ ਧਮਾਕਿਆਂ ਦੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ । 3 ਦਹਾਕਿਆਂ ਤੋਂ ਵੱਧ ਉਹ ਸਜ਼ਾ ਕੱਟ ਰਹੇ ਹਨ, ਕੁਝ ਸਾਲ ਪਹਿਲਾਂ ਹੀ ਉਨ੍ਹਾਂ ਅੰਮ੍ਰਿਤਸਰ ਜੇਲ੍ਹ ਸ਼ਿਫਟ ਕੀਤਾ ਗਿਆ ਸੀ ।
ਗੁਰਦੀਪ ਖਹਿਰਾ ਦਾ ਜਨਮ ਅੰਮ੍ਰਿਤਸਰ ਦੇ ਰਈਆ ਕਸਬੇ ਦੇ ਪਿੰਡ ਜੱਲੂਪੁਰ ਖਹਿਰਾ ਵਿੱਚ ਹੋਇਆ। 1984 ਵਿੱਚ ਹੋਏ ਸਿੱਖ ਕਤਲੇਆਮ ਤੋਂ ਬਾਅਦ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ‘ਤੇ 1988-1989 ਵਿੱਚ ਪਹਿਲਾਂ ਦਿੱਲੀ ਅਤੇ ਬਾਅਦ ਵਿੱਚ ਕਰਨਾਟਕ ਦੇ ਬਿਦਰ ਸ਼ਹਿਰ ਵਿੱਚ ਧਮਾਕੇ ਦੇ ਇਲਜ਼ਾਮ ਲੱਗੇ ਸਨ ।
ਖੇੜਾ 1990 ਤੋਂ ਜੇਲ੍ਹ ਵਿੱਚ ਹਨ
ਪੁਲਿਸ ਨੇ ਗੁਰਦੀਪ ਸਿੰਘ ਖੇੜਾ ਨੂੰ 6 ਦਸੰਬਰ 1990 ਨੂੰ ਗ੍ਰਿਫਤਾਰ ਕਰ ਲਿਆ। 15 ਦਸੰਬਰ 1991 ਨੂੰ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਕਰਨਾਟਕ ਵਿੱਚ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਉਥੋਂ ਦੀ ਅਦਾਲਤ ਵੱਲੋਂ ਉਸ ਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਉਸ ਨੂੰ ਆਪਣੇ ਸੂਬੇ ਵਿੱਚ ਤਬਦੀਲ ਕਰ ਦਿੱਤਾ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਬੰਦੀ ਸਿੱਖਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਮੁੱਦਾ ਉਠਾਇਆ ਸੀ। ਕੇਂਦਰ ਦੀ ਭਾਜਪਾ ਸਰਕਾਰ ਦੀ ਹਮਾਇਤ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦਿਆਂ ਕੁਝ ਬੰਦੀ ਸਿੰਘਾਂ ਨੂੰ ਪੰਜਾਬ ਭੇਜ ਦਿੱਤਾ ਗਿਆ।
ਜਿਸ ਵਿੱਚ ਪ੍ਰੋਫੈਸਰ ਭੁੱਲਰ ਅਤੇ ਗੁਰਦੀਪ ਸਿੰਘ ਖਹਿਰਾ ਵੀ ਮੌਜੂਦ ਸਨ। ਇਹ ਉਹ ਮੌਕਾ ਸੀ ਜਦੋਂ ਖਹਿਰਾ 8 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲੇ ਸਨ।