ਬਿਊਰੋ ਰਿਪੋਰਟ : ਵਿਰਾਟ ਕੋਹਲੀ ਤੋਂ ਬਾਅਦ ਹੁਣ ਸ਼ੁਭਮਨ ਗਿੱਲ ਦੇ ਪਰਿਵਾਰ ਨੂੰ ਲੈਕੇ ਕੁਝ ਦਰਸ਼ਕਾਂ ਨੇ ਬਹੁਤ ਹੀ ਮਾੜੀਆਂ ਟਿੱਪਣੀ ਕੀਤੀ ਹੈ। ਰਾਇਲ ਚੈਲੇਂਜਰ ਬੈਂਗਲੁਰੂ ਖਿਲਾਫ ਸੈਂਕੜਾ ਲਗਾਉਣ ਵਾਲੇ ਗਿੱਲ ਨੇ ਜਦੋਂ ਖੁਸ਼ੀ ਵਿੱਚ ਇੱਕ ਟਵੀਟ ਕੀਤਾ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਭੈਣ ਨਾਲ ਸਰੀਰਕ ਹਿੱਸਾ ਕਰਨ ਦੀ ਧਮਕੀ ਦਿੱਤੀ । ਜਿਸ ਦਾ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਖਤ ਨੋਟਿਸ ਲਿਆ ਹੈ । ਉਨ੍ਹਾਂ ਨੇ ਵਾਅਦਾ ਕੀਤਾ ਹੈ ਕਮਿਸ਼ਨ ਅਜਿਹੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲਏਗਾ ਜਿੰਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੁੱਭਮਨ ਗਿੱਲ ਦੀ ਭੈਣ ਦੇ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।

ਗਿੱਲ ਦੇ ਸੈਂਕੜੇ ਨਾਲ ਬੈਂਗਲੁਰੂ ਸੈਮੀਫਾਈਨਲ ਤੋਂ ਬਾਹਰ

ਦਰਅਸਲ ਸ਼ੁਭਮਨ ਗਿੱਲ ਦੇ ਸੈਂਕੜੇ ਦੀ ਵਜ੍ਹਾ ਕਰਕੇ ਗੁਰਜਾਤ ਟਾਇਟਨਸ ਨੇ ਰਾਇਲ ਚੈਲੇਂਜਰ ਬੈਂਗਲੁਰੂ ਨੂੰ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਕਰ ਦਿੱਤਾ ਜਿਸ ਤੋਂ ਬਾਅਦ ਸੁੱਭਮਨ ਗਿੱਲ ਨੇ ਆਪਣੇ ਇੰਸਟਰਾਗਰਾਮ ਤੇ ਲਿਖਿਆ ‘ਕਿੰਨਾਂ ਸ਼ਾਨਦਾਰ ਦਿਨ ਸੀ’। ਇਸ ਤੋਂ ਬਾਅਦ ਕੁਝ ਸਿਰ ਫਿਰੇ ਅਜਿਹੇ ਗੁੱਸੇ ਵਿੱਚ ਆਏ ਕਿ ਉਨਾਂ ਨੇ ਗਿੱਲ ਦੀ ਪੋਸਟ ਦੇ ਨੀਚੇ ਉਨ੍ਹਾਂ ਦੀ ਭੈਣ ਨੂੰ ਲੈਕੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ । ਸਿਰਫ਼ ਇੰਸਟਰਾਗਰਾਮ ‘ਤੇ ਹੀ ਨਹੀਂ ਟਵਿੱਟਰ ‘ਤੇ ਵੀ ਗਿੱਲ ਦੇ ਪਰਿਵਾਰ ਦੇ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ।

ਐਕਸ਼ਨ ਵਿੱਚ DCW

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ‘ਇਹ ਬਹੁਤ ਹੀ ਸ਼ਰਮਨਾਕ ਹੈ ਕਿ ਸੋਸ਼ਲ ਮੀਡੀਆ ਦੇ ਟ੍ਰੋਲਰ ਨੇ ਸ਼ੁੱਭਮਨ ਗਿੱਲ ਦੀ ਭੈਣ ਨੂੰ ਨਿਸ਼ਾਨਾ ਬਣਾਇਆ ਸਿਰਫ ਇਸ ਲਈ ਕਿ ਉਨ੍ਹਾਂ ਦੀ ਬੈਂਗਲੁਰੂ ਟੀਮ ਨਹੀਂ ਜਿੱਤ ਸਕੀ,ਪਹਿਲਾਂ ਵੀ ਅਸੀਂ ਅਜਿਹੇ ਲੋਕਾਂ ਦੇ ਖਿਲਾਫ ਐਕਸ਼ਨ ਲਿਆ ਸੀ ਜਿਨ੍ਹਾਂ ਨੇ ਵਿਰਾਟ ਕੋਹਲੀ ਦੀ ਧੀ ਦੇ ਖਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਵਾਰ ਵੀ DCW ਜ਼ਰੂਰ ਐਕਸ਼ਨ ਲਏਗਾ ਜਿੰਨਾਂ ਨੇ ਸ਼ੁਭਮਨ ਗਿੱਲ ਦੀ ਭੈਣ ਖਿਲਾਫ ਮਾੜੇ ਸ਼ਬਦ ਬੋਲੇ ਹਨ,ਅਸੀਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ’।

ਪਿਛਲੇ ਸਾਲ ਨਵੰਬਰ ਵਿੱਚ DCW ਦੀ ਮੁੱਖੀ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਨਿਰਦੇਸ਼ ਦਿੱਤੇ ਸਨ ਉਨ੍ਹਾਂ ਲੋਕਾਂ ਖਿਲਾਫ ਐਕਸ਼ਨ ਲਿਆ ਜਾਵੇ ਜਿੰਨਾਂ ਨੇ ਵਿਰਾਟ ਕੋਹਲੀ ਦੀ ਧੀ ਨੂੰ ਆਪਣੀ ਮਾੜੀ ਸੋਚ ਨਾਲ ਨਿਸ਼ਾਨਾ ਬਣਾਇਆ ਸੀ।