‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਿੱਖ ਇਤਿਹਾਸ ਬਾਰੇ ਅਗਲੀ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਅਮਰੀਕਾ ਦੇ ਕਨੈਕਟੀਕਟ ਵਿੱਚ ਸਿੱਖ ਆਰਟ ਗੈਲਰੀ ਬਣਾਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੈਲਰੀ ਦੇ ਸਿਰਜਣਾਤਮਕ ਨਿਰਦੇਸ਼ਕ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਕਲਾ ਇਕ ਅਜਿਹੀ ਭਾਸ਼ਾ ਹੈ ਜੋ ਲੋਕਾਂ ਦੇ ਦਿਲਾਂ ਨੂੰ ਜੋੜ ਸਕਦੀ ਹੈ ਅਤੇ ਅਸੀਂ ਇਸ ਭਾਈਚਾਰੇ ਵਿਚ ਏਕਤਾ ਲਿਆਉਣ ਦੀ ਇਸ ਗੈਲਰੀ ਰਾਹੀਂ ਉਮੀਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਗੈਲਰੀ ਇਕ ਸਰੋਤ ਕੇਂਦਰ ਅਤੇ ਅਜਾਇਬ ਘਰ ਹੈ ਜੋ ਕਿ ਸਿੱਖ ਸਭਿਆਚਾਰ ਅਤੇ ਵਿਰਾਸਤ ਨੂੰ ਸਮਰਪਿਤ ਹੈ। 1 ਨਵੰਬਰ ਨੂੰ ਇਸ ਦਾ ਉਦਘਾਟਨ 1984 ਦੇ ਸਿੱਖ ਨਸਲਕੁਸ਼ੀ ਦੇ 36ਵੇਂ ਯਾਦਗਾਰੀ ਸਮਾਰੋਹ ਵੇਲੇ ਕੀਤਾ ਗਿਆ ਜਦੋਂ ਪੂਰੇ ਭਾਰਤ ਵਿਚ ਹਜ਼ਾਰਾਂ ਸਿੱਖ ਇਸ ਨਸਲਕੁਸ਼ੀ ਦੀ ਭੇਂਟ ਚੜ੍ਹ ਗਏ ਸਨ।

ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾਂ ਕਨੈਟੀਕਟ ਵਿਚ ਇਕ ਜਗ੍ਹਾ ਚਾਹੁੰਦਾ ਸੀ ਜਿਥੇ ਸਿੱਖ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਿਨਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਗਟ ਕਰ ਸਕਦੇ ਹੋਣ ਅਤੇ ਆਪਣੀ ਕਹਾਣੀ ਨੂੰ ਆਪਣੇ ਬਿਰਤਾਂਤ ਵਿਚ ਦੱਸ ਸਕਣ। ਇਸ ਗੈਲਰੀ ਵਿੱਚ ਸਿੱਖ ਝੰਡੇ ਨਿਸ਼ਾਨ ਸਾਹਿਬ ਰੱਖੇ ਗਏ ਹਨ ਅਤੇ ਸ਼ੈਲਫਾਂ ‘ਤੇ ਸਿੱਖ ਧਰਮ ਬਾਰੇ ਜਾਣਕਾਰੀ ਭਰਪੂਰ ਕਿਤਾਬਾਂ ਹਨ| ਇਹ ਗੈਲਰੀ ਸੁੰਦਰ ਕਲਾਕਾਰੀ ਨਾਲ ਭਰੀ ਹੋਈ ਹੈ।
