Punjab

ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਵਾਪਸ ਲਈ ਗਈ ਸਿੱਧੂ ਦੀ Z+ ਸੁਰੱਖਿਆ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਵੱਡਾ ਨਾਂ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਉਹਨਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ । ਪੰਜਾਬ ਸਰਕਾਰ ਨੇ ਜ਼ੈੱਡ+ ਸੁਰੱਖਿਆ ਨੂੰ ਘੱਟ ਕਰਦੇ ਹੋਏ ਉਨ੍ਹਾਂ ਲਈ ਵਾਈ ਸੁਰੱਖਿਆ ਕਰ ਦਿੱਤੀ ਹੈ।

ਪਿਛਲੇ ਸਾਲ 20 ਮਈ 2022 ਨੂੰ ਸਿੱਧੂ ਨੂੰ ਰੋਡ ਰੇਜ ਦੇ ਇੱਕ ਮਾਮਲੇ ਵਿੱਚ 1 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਸਜ਼ਾ ਅੱਜ ਪੂਰੀ ਹੋ ਗਈ ਹੈ, ਜਿਸ ਤੋਂ ਬਾਅਦ ਸਿੱਧੂ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ।

ਨਵਜੋਤ ਸਿੰਘ ਸਿੱਧੂ ਆਪਣੇ ਰਾਜਨੀਤਿਕ ਜੀਵਨ ਵਿੱਚ ਹਮੇਸ਼ਾ ਚਰਚਾ ‘ਚ ਰਹੇ ਹਨ। ਪਹਿਲਾਂ ਭਾਜਪਾ ‘ਚ ਤੇ ਫਿਰ ਹੁਣ ਕਾਂਗਰਸ ‘ਚ ਵੀ ਉਨ੍ਹਾਂ ਦੀ ਗਿਣਤੀ ਵੱਡੇ ਨੇਤਾਵਾਂ ਵਿੱਚ ਕੀਤੀ ਜਾਂਦੀ ਹੈ। ਸਿੱਧੂ ਨੇ ਆਪਣੇ ਆਪ ਨੂੰ ਸਿਆਸੀ ਤੌਰ ‘ਤੇ ਕਾਫੀ ਮਜ਼ਬੂਤ ​​ਬਣਾ ਲਿਆ ਸੀ। ਭਾਜਪਾ ਤੋਂ ਤਿੰਨ ਵਾਰ ਲੋਕ ਸਭਾ ਚੋਣ ਲੜਨ ਤੋਂ ਬਾਅਦ ਵੀ ਉਨ੍ਹਾਂ ਨੇ ਕਾਂਗਰਸ ਵਿੱਚ ਜ਼ੋਰਦਾਰ ਐਂਟਰੀ ਕੀਤੀ। ਇਸ ਸਾਰੇ ਸਿਆਸੀ ਸਫ਼ਰ ਦੇ ਦੌਰਾਨ ਉਹਨਾਂ ਨੂੰ ਸੁਰੱਖਿਆ ਸਰਕਾਰ ਵੱਲੋਂ ਜ਼ੈਡ ਪਲੱਸ ਮੁਹੱਇਆ ਕਰਵਾਈ ਗਈ ਸੀ,ਜਿਸ ਨੂੰ ਹੁਣ ਸਰਕਾਰ ਨੇ ਘਟਾ ਕੇ ਹੁਣ ਵਾਈ ਸ਼੍ਰੇਣੀ ਦੀ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹੋਰ ਵੀ ਕਈ ਆਗੂਆਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ,ਜਿਸ ਵਿੱਚ ਪ੍ਰਸਿਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇ ਵਾਲਾ ਵੀ ਸ਼ਾਮਲ ਸਨ।