‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅੱਜ ਕਿਸਾਨਾਂ ਦੇ ਹੱਕ ‘ਚ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਟਿਆਲਾ ਸਥਿਤ ਆਪਣੇ ਘਰ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ ਹੈ। ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਦੀ ਧੀ ਨੇ ਆਪਣੇ ਘਰ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ ਹੈ। ਸਿੱਧੂ ਨੇ ਝੰਡਾ ਲਹਿਰਾਉਣ ਤੋਂ ਬਾਅਦ ਕਿਹਾ ਕਿ ਇਹ ਇੱਕ ਝੰਡਾ ਕਿਸਾਨਾਂ ਦੇ ਹੱਕ ਵਿੱਚ ਬੁਲੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਖੇਤੀ ਕਾਨੂੰਨ ਰੱਦ ਹੋਣ ਅਤੇ ਕਿਸਾਨਾਂ ਦੇ ਹੱਕ ਮਿਲਣ ਤੱਕ ਇਹ ਝੰਡਾ ਨਾ ਉਤਾਰਨ ਦਾ ਦਾਅਵਾ ਕੀਤਾ ਹੈ।
ਸਿੱਧੂ ਨੇ ਕਿਹਾ ਕਿ ਜਦੋਂ ਤੱਕ ਇਹ ਸਿਸਟਮ ਨਹੀਂ ਬਦਲਦਾ, ਉਦੋਂ ਤੱਕ ਇਹ ਕਾਲਾ ਝੰਡਾ ਉਨ੍ਹਾਂ ਦੇ ਘਰ ਤੋਂ ਨਹੀਂ ਉਤਰੇਗਾ। ਸਿੱਧੂ ਨੇ ਕਿਹਾ ਕਿ ‘ਪੰਜਾਬ ਉਡੀਕ ਰਿਹਾ ਹੈ, ਪੰਜਾਬ ਦੀ ਕਿਸਾਨੀ ਉਡੀਕ ਰਹੀ ਹੈ ਕਿ ਪੰਜਾਬ ਆਖਰ ਕਦੋਂ ਖੁਦਮੁਖਤਾਰੀ ਦੀ ਰਾਹ ‘ਤੇ ਤੁਰੇਗਾ। ਕਿਸਾਨ ਇੱਜ਼ਤ ਦੀ ਰੋਟੀ ਦਾ ਸੰਘਰਸ਼ ਕਰ ਰਿਹਾ ਹੈ। ਖੇਤੀ ਕਾਨੂੰਨ ਕਿਸਾਨ, ਮਜ਼ਦੂਰ ਦੀ ਰੋਟੀ ‘ਤੇ ਲੱਤ ਮਾਰਨ ਲਈ ਲਿਆਂਦੇ ਗਏ ਹਨ। ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਿਲਕੁਲ ਹੀ ਖਤਮ ਕਰਨ ਲਈ ਇਹ ਕਾਨੂੰਨ ਲਿਆਂਦੇ ਗਏ ਹਨ।
ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਉਹ ਅੱਜ ਸਵੇਰੇ 9:30 ਵਜੇ ਆਪਣੇ ਦੋਵੇਂ ਘਰਾਂ ਵਿੱਚ, ਜੋ ਕਿ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਹਨ, ‘ਤੇ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਕਾਲੇ ਝੰਡੇ ਲਹਿਰਾਉਣਗੇ।
ਕੱਲ੍ਹ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋ ਰਹੇ ਹਨ ਅਤੇ ਕਿਸਾਨ ਲੀਡਰਾਂ ਨੇ ਕਿਸਾਨ ਅੰਦੋਲਨ ਦੇ 6 ਮਹੀਨੇ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ 7 ਸਾਲ ਪੂਰੇ ਹੋਣ ‘ਤੇ ਮੋਦੀ ਸਰਕਾਰ ਦੇ ਵਿਰੋਧ ਵਜੋਂ 26 ਮਈ ਨੂੰ ਵਿਰੋਧ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦਿਨ ਕਿਸਾਨ ਲੀਡਰਾਂ ਨੇ ਦੇਸ਼ ਵਾਸੀਆਂ ਨੂੰ ਆਪਣੇ ਘਰਾਂ, ਦੁਕਾਨਾਂ, ਵਾਹਨਾਂ ‘ਤੇ ਕਾਲੇ ਝੰਡੇ ਲਗਾ ਕੇ ਮੋਦੀ ਸਰਕਾਰ ਦਾ ਵਿਰੋਧ ਕਰਨ ਅਤੇ ਮੋਦੀ ਸਰਕਾਰ ਦੇ ਪੁਤਲੇ ਸਾੜਣ ਦੀ ਅਪੀਲ ਕੀਤੀ ਹੈ।