India Punjab

ਟਾਟਾ ਸਟੀਲ ਦੇ ਇਸ ਐਲਾਨ ਦੀ ਹੋ ਰਹੀ ਚਾਰੇ ਪਾਸੇ ਚਰਚਾ, ਕਰਮਚਾਰੀ ਵੀ ਹੋਏ ਖੁਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟਾਟਾ ਕੰਪਨੀ ਹਮੇਸ਼ਾ ਆਪਣੇ ਕਰਮਚਾਰੀ ਹਿਤੈਸ਼ੀ ਫੈਸਲਿਆਂ ਨਾਲ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਟਾਟਾ ਸਟੀਲ ਨੇ ਜੋ ਫੈਸਲਾ ਕੀਤਾ ਹੈ, ਉਸ ਨਾਲ ਪੂਰੇ ਦੇਸ਼ ਵਿੱਚ ਇਸ ਸਮੂਹ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ। ਟਾਟਾ ਸਟੀਲ ਦੇ ਐਲਾਨ ਅਨੁਸਾਰ ਕੰਪਨੀ ਨੇ ਆਪਣੇ ਉਨ੍ਹਾਂ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਨਿਯਮਿਤ ਤੌਰ ‘ਤੇ ਤਨਖਾਹ ਦੇਣ ਦੀ ਗੱਲ ਕਹੀ ਹੈ, ਜਿਨ੍ਹਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ਕੰਪਨੀ ਨੇ ਫੈਸਲਾ ਕੀਤਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਸ ਸੈਲਰੀ ਦੇ ਨਾਲ-ਨਾਲ ਘਰ ਤੇ ਮੈਡੀਕਲ ਦੀਆਂ ਸਹੂਲਤਾਂ ਵੀ ਉਦੋਂ ਤੱਕ ਦਿੱਤੀਆਂ ਜਾਣਗੀਆਂ ਜਦੋਂ ਤੱਕ ਉਹ 60 ਸਾਲ ਯਾਨੀ ਕਿ ਰਿਟਾਇਰਮੈਂਟ ਦੀ ਉਮਰ ਦੇ ਨਹੀਂ ਹੋ ਜਾਂਦੇ।

ਕੰਪਨੀ ਨੇ ਉਨ੍ਹਾਂ ਦੇ ਬੱਚਿਆਂ ਲਈ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਵੀ ਐਲਾਨ ਕੀਤਾ ਹੈ। ਟਾਟਾ ਦੇ ਇਸ ਫੈਸਲੇ ਨਾਲ ਕੰਪਨੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

ਓਇਓ ਰੂਮਸ ਵੀ ਕਰ ਚੁੱਕਾ ਹੈ ਮਦਦ ਦਾ ਐਲਾਨ

ਟਾਟਾ ਸਟੀਲ ਦੇ ਫੈਸਲੇ ਵਾਂਗ ਹੀ ਓਇਓ ਰੂਮਸ ਨੇ ਵੀ ਕੋਰੋਨਾ ਨਾਲ ਜਾਨ ਗੰਵਾਉਣ ਵਾਲੇ ਆਪਣੇ ਸਟਾਫ ਮੈਂਬਰਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਦਾ ਐਲਾਨ ਕੀਤਾ ਸੀ। ਉਸਦੇ ਅਨੁਸਾਰ ਕੰਪਨੀ ਵੱਲੋਂ ਮ੍ਰਿਤ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਅੱਠ ਮਹੀਨੇ ਦੀ ਸੈਲਰੀ ਅਤੇ ਉਨ੍ਹਾਂ ਦੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਸਿੱਖਿਆ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਗਲਾਸ ਕੰਪਨੀ ਬੋਰੋਸਿਲ ਨੇ ਵੀ ਐਲਾਨ ਕੀਤਾ ਹੈ ਕਿ ਕੋਰੋਨਾ ਕਾਰਣ ਮਰਨ ਵਾਲੇ ਆਪਣੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਅਗਲੇ ਦੋ ਸਾਲ ਤੱਕ ਸੈਲਰੀ ਮਿਲਦੀ ਰਹੇਗੀ।

ਚਰਚਾ ਵਿਚ ਰਹਿੰਦੇ ਹਨ ਰਤਨ ਟਾਟਾ

ਟਾਟਾ ਸਟੀਲ ਤੇ ਟਾਟਾ ਕੰਪਨੀ ਦੇ ਹੋਰ ਕਾਰੋਬਾਰ ਦੇ ਮਾਲਿਕ ਜੇਕਰ ਰਤਨ ਟਾਟਾ ਦੀ ਗੱਲ ਕਰੀਏ ਤਾਂ ਨਿਚੋੜ ਇਹ ਨਿਕਲਦਾ ਹੈ ਕਿ ਰਤਨ ਟਾਟਾ ਉਨ੍ਹਾਂ ਕਾਰੋਬਾਰੀਆਂ ਵਿਚੋਂ ਇਕ ਨੇ ਜੋ ਆਪਣੇ ਕਰਮਚਾਰੀਆਂ ਦੀਆਂ ਤਕਲੀਫਾਂ ਨੂੰ ਬਹੁਤ ਨੇੜੇ ਤੋਂ ਵੇਖਦੇ ਹਨ। ਰਤਨ ਟਾਟਾ ਨੂੰ ਸਾਲ 2000 ਵਿਚ ਪਦਮ ਭੂਸ਼ਣ ਅਤੇ 2008 ਵਿਚ ਪਦਮ ਵਿਭੂਸ਼ਣ ਮਿਲਿਆ ਹੈ। ਰਤਨ ਟਾਟਾ ਬਹੁਤ ਹੀ ਕੋਮਲ ਹਿਰਦੇ ਵਾਲੇ ਕਾਰੋਬਾਰੀ ਹਨ। ਆਪਣੇ ਕਰਮਚਾਰੀਆਂ ਦੇ ਹਿੱਤਾਂ ਲਈ ਜਾਣੇ ਜਾਂਦੇ ਰਤਨ ਟਾਟਾ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਇੱਥੋਂ ਤੱਕ ਕਿ ਆਪਣੇ ਬਿਮਾਰ ਕਰਮਚਾਰੀ ਦੀ ਸਿਹਤ ਦਾ ਹਾਲਚਾਲ ਪੁੱਛਣ ਜਾਣਾ ਵੀ ਰਤਨ ਟਾਟਾ ਦੇ ਹਿਸੇ ਆਇਆ ਹੈ। ਇਸ ਐਲਾਨ ਨੇ ਇਕ ਵਾਰ ਫਿਰ ਰਤਨ ਟਾਟਾ ਨੂੰ ਸ਼ਲਾਘਾਯੋਗ ਕਦਮ ਚੁੱਕਣ ਲਈ ਸਤਿਕਾਰਯੋਗ ਬਣਾ ਦਿੱਤਾ ਹੈ।