Punjab

ਸਿੱਧੂ ਨੇ ਆਪਣੇ ਪੰਜਾਬ ਮਾਡਲ ਦੇ ਗਾਏ ਸੋਹਲੇ

‘ਦ ਖ਼ਾਲਸ ਬਿਊਰੋ: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਆਪਣੇ ਪੰਜਾਬ ਮਾਡਲ ਦੇ ਗੁਣ-ਗਾਣ ਕੀਤੇ ਹਨ। ਇਸਦੇ ਨਾਲ ਹੀ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ। ਸਿੱਧੂ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਹ ਪੰਜਾਬ ਮਾਡਲ ਰਾਹੀਂ ਪੰਜਾਬ ਦੇ ਵਿਕਾਸ ਦਾ ਪੱਧਰ ਉੱਪਰ ਨੂੰ ਲੈ ਕੇ ਜਾਣਗੇ। ਇਸਦੇ ਨਾਲ ਹੀ ਸਿੱਧੂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਚਾਇਤ ਦੀਆਂ ਤਾਕਤਾਂ ਪੰਚਾਇਤ ਸੈਕਟਰੀ, ਮੰਤਰੀਆਂ ਅਤੇ ਮੁੱਖ ਮੰਤਰੀ ਕੋਲ ਕੈਦ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਹਾਲੇ ਤੱਕ ਪੰਚਾਇਤੀ ਰਾਜ ਨੂੰ ਆਜ਼ਾਦ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਮਿਊਂਸੀਪਲ ਕਾਰਪੋਰੇਸ਼ਨ ਪਾਰਟੀਆਂ ਦੀ ਆਤਮ ਨਿਰਭਰਤਾ ਨੂੰ ਸਰਕਾਰ ਨੇ ਖਤਮ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਦੀ ਇਨਕਮ ਲਈ 25 ਹਜ਼ਾਰ ਕਰੋੜ ਰੁਪਏ ਸ਼ਰਾਬ ਤੋਂ, ਤਿੰਨ ਹਜ਼ਾਰ ਕਰੋੜ ਰੁਪਏ ਰੇਤੇ ਦੀ ਸਪਲਾਈ ਤੋਂ, ਪੰਜ ਹਜ਼ਾਰ ਕਰੋੜ ਰੁਪਏ ਰੈਗੂਲੇਟਰੀ ਕਮਿਸ਼ਨ ਆੱਫ ਕੇਬਲ ਤੋਂ ਅਤੇ ਇੱਕ ਹਜ਼ਾਰ ਕਰੋੜ ਟਰਾਂਸਪੋਰਟ ਤੋਂ ਕਮਾਏ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ (Co-operative) ਅਦਾਰਿਆਂ ਅਤੇ ਕਿਸਾਨਾਂ ਦੀ ਡੋਰ ਸਰਕਾਰ ਨੇ ਆਈਏਐੱਸ ਅਤੇ ਰਜਿਸਟਰਾਰਾਂ ਦੇ ਹੱਥਾਂ ਵਿੱਚ ਦਿੱਤੀ ਹੋਈ ਹੈ। ਜੇ ਇਸ ਵਾਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਾਰੀ ਤਾਕਤ ਕਿਸਾਨਾਂ ਅਤੇ ਜੋ ਕਾਰਪੋਰੇਟਿਵ ਨੂੰ ਚਲਾ ਰਿਹਾ ਹੈ, ਤਾਕਤ ਉਸ ਦੇ ਹੱਥ ਵਿੱਚ ਹੋਵੇਗੀ ਨਾ ਕਿ ਆਈਏਐੱਸ ਅਤੇ ਰਜਿਸਟਰਾਰਾਂ ਦੇ ਹੱਥ ਵਿੱਚ ਹੋਵੇਗੀ।

ਨਵਜੋਤ ਸਿੱਧੂ ਨੇ ਕਿਹਾ ਕਿ ਕੇਵਲ ਰੈਗੂਲੇਟਰੀ ਕਮਿਸ਼ਨ ਦੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀਆਂ ਦੇ ਕੋਲ ਹੈ। ਸਿੱਧੂ ਨੇ ਕਿਸਾਨਾਂ ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਕਿਸਾਨਾਂ ਨੇ ਦਿੱਲੀ ਮੋਰਚਾ ਜਿੱਤ ਲਿਆ ਹੈ ਪਰ ਕਿਸਾਨਾਂ ਦੀ ਪੰਜਾਬ ਵਿੱਚ ਹਾਲਤ ਉਸੇ ਤਰ੍ਹਾਂ ਹੀ ਹੈ ਜਿਵੇਂ ਪਹਿਲਾਂ ਸੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੱਧ ਰਹੀ ਲਾਗਤ ਅਤੇ ਘੱਟ ਰਹੀ ਆਮਦਨ ਦੇ ਕਾਰਨ ਆਤਮ ਹੱ ਤਿਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਨਾਲ ਕਿਸਾਨਾਂ ਨੂੰ ਫਸਲਾਂ ਅਤੇ ਸਬਜੀਆਂ ਦੀ ਫਸਲ ‘ਤੇ ਐੱਮਐੱਸਪੀ ਦਿੱਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਮਾਡਲ ਦੇ ਨਾਲ ਪੰਜਾਬ ਦੇ ਹਸਪਤਾਲਾਂ ਅਤੇ ਆਂਗਨਵਾੜੀ ਕੇਂਦਰਾਂ ਦੇ ਸੁਧਾਰ ਕਰਨ ਦਾ ਦਾਅਵਾ ਕੀਤਾ ਹੈ।