Punjab

ਸਿੱਧੂ ਪਹੁੰਚੇ ਸੋਨੀਆ ਦੇ ਦਰਬਾਰ

‘ਦ ਖ਼ਾਲਸ ਬਿਊਰੋ :- ਸਾਬਕਾ ਮੰਤਰੀ ਅਤੇ ਬੇਬਾਕ ਆਗੂ ਵਜੋਂ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਦੀ ਪੇਸ਼ੀ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਕੋਲ ਪੈ ਗਈ ਹੈ। ਪਾਰਟੀ ਹਾਈਕਮਾਨ ਵੱਲੋਂ ਤਲਬ ਕਰਨ ‘ਤੇ ਸਿੱਧੂ ਸੋਨੀਆ ਦੇ ਦਰਬਾਰ 10 ਜਨਪਥ ਵਿਖੇ ਪਹੁੰਚ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਲੰਘੇ ਕੱਲ੍ਹ ਸਿੱਧੂ ਦੀ ਸੰਭਾਵਿਤ ਪ੍ਰਧਾਨਗੀ ਦੀ ਖਬਰ ਫੈਲਣ ਤੋਂ ਬਾਅਦ ਪੰਜਾਬ ਵਿੱਚ ਜਿਹੜਾ ਘਸਮਾਣ ਪਿਆ, ਉਸਨੂੰ ਲੈ ਕੇ ਸਿੱਧੂ ਨੂੰ ਦਿੱਲੀ ਸੱਦਿਆ ਗਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਾਡਰਾ ਨਾਲ ਨੇੜਤਾ ਰੱਖਣ ਵਾਲੇ ਸਿੱਧੂ ਸੋਨੀਆ ਗਾਂਧੀ ਦੇ ਦਰਬਾਰ ‘ਚੋਂ ਕੀ ਲੈ ਕੇ ਮੁੜਦੇ ਹਨ, ਇਹ ਹਾਲ ਦੀ ਘੜੀ ਇੱਕ ਭੇਦ ਬਣਿਆ ਹੋਇਆ ਹੈ। ਦੂਜੇ ਪਾਸੇ ਸੋਨੀਆ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਨਰਮ ਦਿਲ ਰੱਖਦੇ ਹਨ।

ਕੱਲ੍ਹ ਦੇ ਘਟਨਾਕ੍ਰਮ ਤੋਂ ਬਾਅਦ ਜਿਵੇਂ ਮੁੱਖ ਮੰਤਰੀ ਤੇ ਸਿੱਧੂ ਦੇ ਧੜਿਆਂ ਨੇ ਅਲੱਗ-ਅਲੱਗ ਮੀਟਿੰਗਾਂ ਕੀਤੀਆਂ, ਉਸ ਤੋਂ ਕਾਂਗਰਸ ਦੇ ਦੋ ਧੜਿਆਂ ਵਿੱਚ ਵੰਡੇ ਜਾਣ ਦਾ ਸੰਕੇਤ ਮਿਲਣ ਲੱਗਾ ਹੈ।

ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ‘ਤੇ ਚੱਲਦਿਆਂ ਅੱਜ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੀ ਆਬਾਦੀ ਦੀ ਬਣਤਰ ਦੇ ਹਿਸਾਬ ਨਾਲ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਜੱਟ ਸਿੱਖ ਨੂੰ ਲਾਉਣਾ ਵਾਜਿਬ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 57 ਫੀਸਦ ਸਿੱਖ, ਹਿੰਦੂ 38 ਫੀਸਦ ਅਤੇ 32 ਫੀਸਦ ਦਲਿਤ ਹਨ। ਹਿੰਦੂ ਤੇ ਸਿੱਖਾਂ ਦਾ ਨਹੂੰ-ਮਾਸ ਦਾ ਰਿਸ਼ਤਾ ਹੈ ਪਰ ਗਰੁੱਪਾਂ ਦੇ ਸਮਾਜਿਕ ਹਿੱਤ ਹੀ ਬਰਾਬਰੀ ਦੀ ਕੂੰਜੀ ਹੈ।