Punjab

ਮੱਖੀਆਂ (ਮੀਡੀਆ) ਨੇ ਪੈੜ ਕੱਢ ਲਈ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਮੀਡੀਆ ਨੂੰ ਪੰਜਾਬ ‘ਚ ਚੱਲਦੀ ਖਾਨਾਜੰਗੀ ਬਾਬਤ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਾਏ ਜਾਣ ਦੀ ਗੱਲ ਕਹਿਣ ਤੋਂ ਬਾਅਦ ਉਹ ਪਟਿਆਲਾ ਤੋਂ ਬਗਾਵਤੀ ਧੜੇ ਦੀ ਮੀਟਿੰਗ ਕਰਨ ਲਈ ਪਟਿਆਲਾ ਤੋਂ ਚੰਡੀਗੜ੍ਹ ਆ ਪਹੁੰਚੇ। ਉਨ੍ਹਾਂ ਆਪਣੀ ਚੰਡੀਗੜ੍ਹ ਫੇਰੀ ਨੂੰ ਇੰਨਾ ਗੁਪਤ ਰੱਖਿਆ ਕਿ ਸੁਰੱਖਿਆ ਕਾਫਲਿਆਂ ਦੀਆਂ ਗੱਡੀਆਂ ਅਤੇ ਆਪਣੀ ਲਗਜ਼ਰੀ ਗੱਡੀ ਸਮੇਤ ਡਰਾਈਵਰ ਨੂੰ ਟ੍ਰਿਬਿਊਨ ਚੌਂਕ ਕੋਲ ਛੱਡ ਦਿੱਤਾ। ਉਹ ਚੋਰੀ-ਚੋਰੀ ਧੂਰੀ ਦੇ ਸਾਬਕਾ ਵਿਧਾਇਕ ਦੇ ਪੁੱਤਰ ਦੀ ਗੱਡੀ ਵਿੱਚ ਚੰਡੀਗੜ੍ਹ ਦਾਖਲ ਹੋਏ ਪਰ ਸਰਕਾਰ ਵੱਲੋਂ ਵਿਛਾਏ ਖੁਫੀਆ ਤੰਤਰ ਅਤੇ ਮੀਡੀਆ ਨੇ ਉਨ੍ਹਾਂ ਦੀ ਪੈੜ ਨੱਪ ਲਈ। ਉਹ ਮੀਡੀਆ ਅਤੇ ਲੋਕਤੰਤਰ ਦੇ ਜਾਲ ਤੋਂ ਅਣਜਾਣ ਰਹੇ।

ਸੂਤਰ ਦੱਸਦੇ ਹਨ ਕਿ ਸਿੱਧੂ ਦੁਪਹਿਰ ਵੇਲੇ ਚੰਡੀਗੜ੍ਹ ਦਾਖਲ ਹੋਣ ਸਮੇਂ ਰਾਡਾਰ ਦੇ ਜਾਲ ਵਿੱਚ ਫਸ ਗਏ ਅਤੇ ਉਨ੍ਹਾਂ ਦੀ ਹਰੇਕ ਗਤੀਵਿਧੀ ਦੀ ਸੂਹ ਸਰਕਾਰ ਤੇ ਮੀਡੀਆ ਨੂੰ ਮਿਲਦੀ ਰਹੀ। ਸਿੱਧੂ ਨੇ ਪਹਿਲਾਂ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਵਿੱਚ ਲੰਮਾ ਸਮਾਂ ਬਿਤਾਇਆ, ਨਾਲ ਹੀ ਦਿੱਲੀ ਰਾਬਤਾ ਬਣਾਈ ਰੱਖਿਆ। ਉਨ੍ਹਾਂ ਨੇ ਪ੍ਰਧਾਨ ਦਾ ਤਾਜ ਸਿਰ ‘ਤੇ ਸਜਣ ਦੀ ਸੂਹ ਪੈਂਦਿਆਂ ਕੈਪਟਨ ਧੜੇ ਦੇ ਵਿਰੋਧੀ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਚੋਰੀ-ਚੋਰੀ ਪਹੁੰਚਣ ਲਈ ਕਿਹਾ। ਮੀਡੀਆ ਅਤੇ ਸਰਕਾਰ ਦੇ ਖੁਫੀਆ ਤੰਤਰ ਨੇ ਉਨ੍ਹਾਂ ਦੀ ਪੈੜ ਨੱਪੀ ਰੱਖੀ।

ਹਰੀਸ਼ ਰਾਵਸ ਵੱਲੋਂ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਕਹੀ ਗੱਲ ਤੋਂ ਯੂ-ਟਰਨ ਲੈਣ ‘ਤੇ ਉਹ ਮੁੜ ਪਟਿਆਲਾ ਲੌਟ ਗਏ। ਇਸੇ ਦੌਰਾਨ ਸਿੱਧੂ ਨੂੰ ਅੱਜ ਹਾਈਕਮਾਂਡ ਦਿੱਲੀ ਤਲਬ ਕਰ ਲਿਆ। ਉਹ ਕਾਂਗਰਸੀ ਸੁਪਰੀਮੋ ਸੋਨੀਆ ਗਾਂਧੀ ਦੇ ਘਰ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੈਸ਼ਲ ਅਫਸਰ ਆਨ ਡਿਊਟੀ ਵੀ ਦਿੱਲੀ ਦਰਬਾਰ ਪਹੁੰਚ ਚੁੱਕੇ ਹਨ।